- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਟੀ ’ਚ ਗੈਸ ਸਿਲੰਡਰਾਂ ਦੀ ਕਿੱਲਤ : ਲੋਕ ਪ੍ਰੇਸ਼ਾਨ

ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ : ਪੱਟੀ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਇਨ੍ਹਾਂ ਦਿਨੀਂ ਐੱਲਪੀਜੀ ਗੈਸ ਸਿਲੰਡਰਾਂ ਦੀ ਭਾਰੀ ਕਿੱਲਤ ਨੇ ਗੰਭੀਰ ਰੂਪ ਧਾਰ ਲਿਆ ਹੈ, ਜਿਸ ਕਾਰਨ ਆਮ ਲੋਕਾਂ ਨੂੰ ਰੋਜ਼ਾਨਾ ਜੀਵਨ ਵਿਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘਰੇਲੂ ਅਤੇ ਕਮਰਸ਼ੀਅਲ ਦੋਹਾਂ ਕਿਸਮਾਂ ਦੇ ਸਿਲੰਡਰ ਉਪਲੱਬਧ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ।
ਬੁਕਿੰਗ ਕਰਨ ਦੇ ਬਾਵਜੂਦ ਵੀ ਲੋਕਾਂ ਨੂੰ ਕਈ-ਕਈ ਦਿਨਾਂ ਤੱਕ ਸਿਲੰਡਰ ਦੀ ਡਿਲੀਵਰੀ ਨਹੀਂ ਮਿਲ ਰਹੀ, ਜਿਸ ਨਾਲ ਲੋਕਾਂ ਵਿਚ ਗੁੱਸਾ ਅਤੇ ਨਿਰਾਸ਼ਾ ਦੋਵੇਂ ਵੱਧ ਰਹੇ ਹਨ। ਉਪਭੋਗਤਾਵਾਂ ਦਾ ਕਹਿਣਾ ਹੈ ਕਿ ਮੋਬਾਈਲ ’ਤੇ ਬੁਕਿੰਗ ਦੇ ਮੈਸੇਜ ਤਾਂ ਆ ਜਾਂਦੇ ਹਨ, ਪਰ ਗੈਸ ਦੀ ਸਪਲਾਈ ਸਮੇਂ ’ਤੇ ਨਹੀਂ ਹੋ ਰਹੀ।
ਅਮਨੀਸ਼ ਬੱਤਰਾ ਅਤੇ ਰਾਜਦੀਪ ਸਿੰਘ ਬੁੱਟਰ ਨੇ ਦੱਸਿਆ ਕਿ ਬੁਕਿੰਗ ਦੌਰਾਨ ਆਉਣ ਵਾਲਾ ਵਨ-ਟਾਈਮ ਪਾਸਵਰਡ ਵੀ ਕਈ ਵਾਰ ਸਮੇਂ ’ਤੇ ਨਹੀਂ ਮਿਲਦਾ, ਕਿਉਂਕਿ ਕੰਪਨੀਆਂ ਦੇ ਸਰਵਰ ਜ਼ਿਆਦਾ ਟਰੈਫਿਕ ਕਾਰਨ ਡਾਊਨ ਹੋ ਰਹੇ ਹਨ। ਇਸ ਕਾਰਨ ਗੈਸ ਬੁੱਕ ਕਰਨਾ ਵੀ ਲੋਕਾਂ ਲਈ ਇਕ ਵੱਡੀ ਚੁਣੌਤੀ ਬਣ ਗਿਆ ਹੈ।
ਮਨੀ ਬੇਦੀ ਨੇ ਕਿਹਾ ਕਿ, ਅਸੀਂ 7 ਮਾਰਚ ਦੀ ਗੈਸ ਬੁੱਕ ਕਰਵਾਈ ਸੀ, ਪਰ ਅਜੇ ਤੱਕ ਡਿਲੀਵਰੀ ਨਹੀਂ ਮਿਲੀ। ਘਰ ਵਿਚ ਖਾਣਾ ਬਣਾਉਣਾ ਮੁਸ਼ਕਿਲ ਹੋ ਗਿਆ ਹੈ। ਇਕ ਹੋਰ ਮਹਿਲਾ ਉਪਭੋਗਤਾ ਰਣਜੀਤ ਕੌਰ ਪਤਨੀ ਪ੍ਰਕਾਸ਼ ਚੰਦ ਪੱਟੀ ਨੇ ਦੱਸਿਆ, ਹਰ ਰੋਜ਼ ਏਜੰਸੀ ਨੂੰ ਫੋਨ ਕਰਦੇ ਹਾਂ, ਪਰ ਜਾਂ ਤਾਂ ਫੋਨ ਨਹੀਂ ਲੱਗਦਾ ਜਾਂ ਕੋਈ ਢੁਕਵਾਂ ਜਵਾਬ ਨਹੀਂ ਮਿਲਦਾ। ਅਸੀ ਸਿਲੰਡਰ ਬੁੱਕ ਕਰਵਾਇਆ ਸੀ, ਪਰ ਜਦੋਂ ਸਿਲੰਡਰ ਲੈਣ ਜਾਂਦੇ ਹਾਂ ਤਾਂ ਅੱਗੋ ਸਾਨੂੰ ਕਹਿ ਦਿੱਤਾ ਜਾਦਾ ਹੈ ਕਿ ਤੁਹਾਡਾ ਸਿਲੰਡਰ ਡਲੀਵਰ ਹੋ ਗਿਆ ਹੈ। ਅਸੀਂ ਰੋਜ਼ ਚੱਕਰ ਲਗਾ ਕੇ ਵਾਪਸ ਮੁੜ ਆਉਦੇ ਹਾ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਸਾਡੀ ਪਰਚੀ ਦੀ ਜਾਂਚ ਕਰੇ, ਜੇਕਰ ਸਿਲੰਡਰ ਡਲੀਵਰ ਹੋਇਆ ਹੈ ਤਾਂ ਉਹ ਕਿਸਨੂੰ ਦਿੱਤਾ ਗਿਆ ਹੈ। ਦੁਕਾਨਦਾਰ ਕਰਮਨ ਸਿੰਘ ਨੇ ਕਿਹਾ, ਗੈਸ ਦੀ ਕਮੀ ਕਾਰਨ ਸਾਡਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਜੇਕਰ ਹਾਲਾਤ ਜਲਦੀ ਠੀਕ ਨਾ ਹੋਏ, ਤਾਂ ਸਾਨੂੰ ਦੁਕਾਨਾਂ ਬੰਦ ਕਰਨੀਆਂ ਪੈ ਸਕਦੀਆਂ ਹਨ।
ਇਸ ਮੌਕੇ ਲਗਾਤਾਰ ਵੱਧ ਰਹੀ ਗੈਸ ਦੀ ਕਮੀ ਕਾਰਨ ਲੋਕਾਂ ਵਿਚ ਇਹ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ ਕਿ ਆਖਿਰ ਇਹ ਸੰਕਟ ਕਦੋਂ ਖ਼ਤਮ ਹੋਵੇਗਾ। ਸਥਾਨਕ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਸਪਲਾਈ ਨਾਰਮਲ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ, ਨਹੀਂ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ।
-----
ਦਿਹਾੜੀਦਾਰਾਂ ਲਈ ਵੱਡੀ ਮੁਸੀਬਤ
ਗੈਸ ਦੀ ਕਿੱਲਤ ਨੇ ਸਭ ਤੋਂ ਵੱਧ ਅਸਰ ਦਿਹਾੜੀਦਾਰ ਮਜ਼ਦੂਰਾਂ ’ਤੇ ਪਾਇਆ ਹੈ। ਉਹ ਆਪਣਾ ਰੋਜ਼ਗਾਰ ਛੱਡ ਕੇ ਗੈਸ ਲਈ ਲਾਈਨਾਂ ਵਿਚ ਖੜ੍ਹੇ ਹੋਣ ਲਈ ਮਜਬੂਰ ਹਨ। ਇਸ ਕਾਰਨ ਉਨ੍ਹਾਂ ਦੀ ਆਮਦਨ ’ਤੇ ਵੀ ਅਸਰ ਪੈ ਰਿਹਾ ਹੈ।
--------
ਹੋਟਲ-ਰੈਸਟੋਰੈਂਟ ਵੀ ਪ੍ਰਭਾਵਿਤ
ਗੈਸ ਸਿਲੰਡਰਾਂ ਦੀ ਕਮੀ ਦਾ ਅਸਰ ਹੁਣ ਹੋਟਲਾਂ ਅਤੇ ਰੈਸਟੋਰੈਂਟਾਂ ’ਤੇ ਵੀ ਪੈਣ ਲੱਗਾ ਹੈ। ਕਈ ਥਾਵਾਂ ’ਤੇ ਖਾਣ-ਪੀਣ ਦੀ ਸੇਵਾ ਪ੍ਰਭਾਵਿਤ ਹੋ ਰਹੀ ਹੈ, ਜਿਸ ਨਾਲ ਗਾਹਕਾਂ ਨੂੰ ਵੀ ਦਿੱਕਤਾਂ ਆ ਰਹੀਆਂ ਹਨ।
----
ਇਲਾਕੇ ਅੰਦਰ ਇੰਡਕਸ਼ਨ ਚੁੱਲ੍ਹਿਆਂ ਦੀ ਮੰਗ ਵਧੀ
ਗੈਸ ਦੀ ਕਮੀ ਕਾਰਨ ਲੋਕ ਹੁਣ ਇਲੈਕਟ੍ਰਿਕ ਚੁੱਲ੍ਹਿਆਂ ਅਤੇ ਇੰਡਕਸ਼ਨ ਵੱਲ ਮੁੜ ਰਹੇ ਹਨ। ਇਲੈਕਟ੍ਰਾਨਿਕ ਬਾਜ਼ਾਰਾਂ ਵਿਚ ਇਨ੍ਹਾਂ ਦੀ ਮੰਗ ਵਿਚ ਅਚਾਨਕ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦੁਕਾਨਦਾਰਾਂ ਮੁਤਾਬਿਕ ਮੰਗ ਵਧਣ ਕਾਰਨ ਕੀਮਤਾਂ ਵਿਚ ਵੀ ਇਜ਼ਾਫਾ ਹੋਇਆ ਹੈ।
------
ਜਮ੍ਹਾਂਖੋਰੀ ਬਰਦਾਸ਼ਤ ਨਹੀਂ ਹੋਵੇਗੀ, ਉਪਭੋਗਤਾਵਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ : ਲਾਲਜੀਤ ਸਿੰਘ ਭੁੱਲਰ
ਇਸ ਸਬੰਧੀ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਪੰਜਾਬ ਦਾ ਕਹਿਣਾ ਹੈ ਕਿ ਸੂਬੇ ਅੰਦਰ ਗੰਭੀਰ ਹੋ ਰਹੇ ਹਾਲਾਤ ਨੂੰ ਦੇਖਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਹਿਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਪੰਜਾਬ ਵਿਚ ਐੱਲਪੀਜੀ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਮੰਤਰੀ ਭੁੱਲਰ ਦਾ ਕਹਿਣਾ ਹੈ ਕਿ ਪੱਟੀ ਹਲਕੇ ਅੰਦਰ ਜੋ ਵੀ ਕੋਈ ਜਮ੍ਹਾਂਖੋਰੀ ਜਾਂ ਕਾਲਾਬਾਜ਼ਾਰੀ ਕਰਦਾ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਏਜੰਸੀ ਹੋਲਡਰਾਂ ਨੂੰ ਅਪੀਲ ਕੀਤੀ ਕਿ ਉਪਭੋਗਤਾਵਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ।
-----
ਪ੍ਰਸ਼ਾਸਨ ਦੇ ਦਾਅਵੇ ਫੇਲ੍ਹ, ਲੋਕ ਖਾਲੀ ਸਿਲੰਡਰ ਲੈ ਕੇ ਭਟਕਣ ਨੂੰ ਮਜਬੂਰ : ਸੋਨੂੰ ਚੀਮਾ
ਗੁਰਦੇਵ ਸਿੰਘ ਸੋਨੂੰ ਚੀਮਾ ਦਾ ਕਹਿਣਾ ਹੈ ਕਿ ਭਾਵੇਂ ਪ੍ਰਸ਼ਾਸਨ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਪਲਾਈ ਚੇਨ ਪੂਰੀ ਤਰ੍ਹਾਂ ਸੁਰੱਖਿਅਤ ਹੈ, ਪਰ ਜ਼ਮੀਨੀ ਹਕੀਕਤ ਇਸ ਤੋਂ ਉਲਟ ਨਜ਼ਰ ਆ ਰਹੀ ਹੈ। ਲੋਕ ਖਾਲੀ ਸਿਲੰਡਰ ਲੈ ਕੇ ਗੈਸ ਏਜੰਸੀਆਂ ਦੇ ਚੱਕਰ ਲਗਾਉਣ ਲਈ ਮਜਬੂਰ ਹਨ। ਕਈ ਥਾਵਾਂ ’ਤੇ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ, ਜਿਥੇ ਲੋਕ ਘੰਟਿਆਂ ਖੜ੍ਹੇ ਰਹਿੰਦੇ ਹਨ, ਪਰ ਫਿਰ ਵੀ ਸਿਲੰਡਰ ਹੱਥ ਨਹੀਂ ਆਉਂਦਾ।
-------
ਜੰਗ ਦੀ ਤਪਸ਼ ਹੁਣ ਪੰਜਾਬ ਦੇ ਚੁੱਲ੍ਹਿਆਂ ਤਕ ਪਹੁੰਚ : ਕਾਮਰੇਡ ਮਹਾਂਵੀਰ ਗਿੱਲ
ਕਾਮਰੇਡ ਮਹਾਂਵੀਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਪੱਧਰ ’ਤੇ ਚੱਲ ਰਹੇ ਤਣਾਅ, ਖ਼ਾਸ ਕਰਕੇ ਈਰਾਨ-ਇਜ਼ਰਾਈਲ ਜੰਗ ਦੀ ਤਪਸ਼ ਹੁਣ ਪੰਜਾਬ ਦੇ ਚੁੱਲ੍ਹਿਆਂ ਤਕ ਪਹੁੰਚ ਗਈ ਹੈ। ਸਪਲਾਈ ਚੇਨ ਵਿਚ ਆ ਰਹੀਆਂ ਰੁਕਾਵਟਾਂ ਅਤੇ ਅਫਵਾਹਾਂ ਨੇ ਹਾਲਾਤ ਹੋਰ ਵੀ ਗੰਭੀਰ ਬਣਾ ਦਿੱਤੇ ਹਨ।