ਸੁਖਬੀਰ ਬਾਦਲ ਨੇ ਕੰਚਨਪ੍ਰੀਤ ਨੂੰ ਬਣਾਇਆ ਤਰਨਤਾਰਨ ਹਲਕੇ ਦਾ ਇੰਚਾਰਜ
ਸੁਖਬੀਰ ਸਿੰਘ ਬਾਦਲ ਨੇ ਕੰਚਨਪ੍ਰੀਤ ਕੌਰ ਨੂੰ ਬਣਾਇਆ ਤਰਨਤਾਰਨ ਹਲਕੇ ਦਾ ਇੰਚਾਰਜ਼
Publish Date: Sun, 15 Mar 2026 07:34 PM (IST)
Updated Date: Mon, 16 Mar 2026 04:16 AM (IST)

ਕੈਪਸ਼ਨ - ਕੰਚਨਪ੍ਰੀਤ ਕੌਰ। ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ, ਤਰਨਤਾਰਨ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਆਗੂ ਕੰਚਨਪ੍ਰੀਤ ਕੌਰ ਨੂੰ ਤਰਨਤਾਰਨ ਵਿਧਾਨ ਸਭਾ ਹਲਕੇ ਦਾ ਨਵਾਂ ਇੰਚਾਰਜ ਨਿਯੁਕਤ ਕਰ ਦਿੱਤਾ ਹੈ। ਉਨ੍ਹਾਂ ਐਤਵਾਰ ਨੂੰ ਆਪਣੇ ਐਕਸ ਖਾਤੇ ਰਾਹੀਂ ਕੰਚਨਪ੍ਰੀਤ ਕੌਰ ਨੂੰ ਹਲਕਾ ਇੰਚਾਰਜ ਨਿਯੁਕਤ ਕਰਨ ਦੀ ਜਾਣਕਾਰੀ ਸਾਂਝੀ ਕੀਤੀ ਹੈ। ਜਿਸ ਤੋਂ ਬਾਅਦ ਤਰਨਤਾਰਨ ਹਲਕੇ ਨਾਲ ਸਬੰਧਤ ਅਕਾਲੀ ਦਲ ਦੇ ਆਗੂਆਂ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ। ਦੱਸ ਦੇਈਏ ਕਿ ਤਰਨਤਾਰਨ ’ਚ ਜ਼ਿਮਨੀ ਚੋਣ ਦੌਰਾਨ ਕੰਚਨਪ੍ਰੀਤ ਕੌਰ ਦੇ ਮਾਤਾ ਪ੍ਰਿੰਸੀਪਲ ਸੁਖਵਿੰਦਰ ਕੌਰ ਨੂੰ ਪਾਰਟੀ ਨੇ ਉਮੀਦਵਾਰ ਬਣਾਇਆ ਸੀ। ਪ੍ਰਚਾਰ ਦੌਰਾਨ ਕੰਚਨਪ੍ਰੀਤ ਕੌਰ ਉਪਰ ਕੁਝ ਕੇਸ ਦਰਜ ਹੋਏ, ਜਿਸ ਨੂੰ ਲੈ ਕੇ ਪਾਰਟੀ ਨੇ ਸਰਕਾਰ ਨੂੰ ਧਰਨੇ ਲਗਾ ਕੇ ਜਿਥੇ ਘੇਰਿਆ, ਉਥੇ ਹੀ ਇਕ ਕੇਸ ’ਚ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਮਾਮਲਾ ਹਾਈਕੋਰਟ ਪੁੱਜਾ ਤੇ ਤਰਨਤਾਰਨ ’ਚ ਸਾਰੀ ਰਾਤ ਅਦਾਲਤ ਲੱਗਣ ਤੋਂ ਬਾਅਦ ਉਨ੍ਹਾਂ ਦਾ ਚਿਹਰਾ ਪੰਜਾਬ ਪੱਧਰ ’ਤੇ ਪਛਾਣਿਆ ਜਾਣ ਲੱਗਾ ਸੀ। ਐਤਵਾਰ ਨੂੰ ਸੁਖਬੀਰ ਬਾਦਲ ਨੇ ਆਪਣੇ ਟਵੀਟ ’ਚ ਕੰਚਨਪ੍ਰੀਤ ਕੌਰ ਨੂੰ ਪਾਰਟੀ ਦੀ ਨੌਜਵਾਨ, ਉਤਸ਼ਾਹੀ ਤੇ ਦਲੇਰ ਆਗੂ ਦੱਸਦਿਆਂ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਤਰਨਤਾਰਨ ਜ਼ਿਮਨੀ ਚੋਣ ਦੌਰਾਨ ਕੰਚਨਪ੍ਰੀਤ ਕੌਰ ਨੇ ਆਪਣੀ ਮਾਤਾ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਲਈ ਦਲੇਰੀ ਨਾਲ ਚੋਣ ਪ੍ਰਚਾਰ ਕੀਤਾ ਸੀ। ਪਾਰਟੀ ਪ੍ਰਧਾਨ ਨੇ ਕਿਹਾ ਕਿ ਕੰਚਨਪ੍ਰੀਤ ਕੌਰ ਦੀ ਅਗਵਾਈ ਨਾਲ ਤਰਨਤਾਰਨ ਹਲਕੇ ਵਿਚ ਪਾਰਟੀ ਦਾ ਜਥੇਬੰਦਕ ਢਾਂਚਾ ਹੋਰ ਮਜ਼ਬੂਤ ਹੋਵੇਗਾ।