ਅਕਾਲੀ ਸਰਕਾਰ ਬਣਨ ’ਤੇ ਖਡੂਰ ਸਾਹਿਬ ’ਚ ਸਿਹਤ ਸੇਵਾਵਾਂ ਦਾ ਹੋਵੇਗਾ ਸੁਧਾਰ
ਅਕਾਲੀ ਸਰਕਾਰ ਬਣਨ ’ਤੇ ਖਡੂਰ ਸਾਹਿਬ 'ਚ ਸਿਹਤ ਸੇਵਾਵਾਂ ਦਾ ਹੋਵੇਗਾ ਸੁਧਾਰ
Publish Date: Fri, 13 Mar 2026 07:24 PM (IST)
Updated Date: Sat, 14 Mar 2026 04:13 AM (IST)

ਸੁਖਬੀਰ ਸਿੰਘ ਬਾਦਲ ਨੇ ਬ੍ਰਹਮਪੁਰਾ ਤੇ ਸ਼ੇਖ ਨੂੰ ਮੁਲਾਕਾਤ ਦੌਰਾਨ ਦਿੱਤਾ ਭਰੋਸਾ ਬ੍ਰਹਮਪੁਰਾ ਤੇ ਸ਼ੇਖ ਨੇ ਹਲਕੇ ਦੇ ਮਾੜੇ ਸਿਹਤ ਢਾਂਚੇ ’ਤੇ ਹੋਰ ਮਸਲਿਆਂ ਤੋਂ ਕਰਵਾਇਆ ਜਾਣੂੰ ਸਟਾਫ਼ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੰਮ੍ਰਿਤਸਰ ਵਿਖੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਹਲਕੇ ਦੇ ਨਿੱਘਰ ਰਹੇ ਸਿਹਤ ਢਾਂਚੇ ਦਾ ਮੁੱਦਾ ਪ੍ਰਮੁੱਖਤਾ ਨਾਲ ਚੁੱਕਿਆ। ਇਸ ਮੁਲਾਕਾਤ ਦੌਰਾਨ ਬ੍ਰਹਮਪੁਰਾ ਨੇ ਪਾਰਟੀ ਪ੍ਰਧਾਨ ਦੇ ਧਿਆਨ ਵਿਚ ਲਿਆਂਦਾ ਕਿ ਮੌਜੂਦਾ ਸਰਕਾਰ ਦੀ ਅਣਦੇਖੀ ਕਾਰਨ ਇਲਾਕੇ ਦੇ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਅਤੇ ਆਧੁਨਿਕ ਮਸ਼ੀਨਰੀ ਦੀ ਭਾਰੀ ਘਾਟ ਹੈ। ਸਿਹਤ ਸਹੂਲਤਾਂ ਦੀ ਘਾਟ ਕਾਰਨ ਗਰੀਬ ਅਤੇ ਆਮ ਲੋਕਾਂ ਨੂੰ ਇਲਾਜ ਲਈ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ ਅਤੇ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਵੱਲ ਰੁਖ਼ ਕਰਨਾ ਪੈ ਰਿਹਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬ੍ਰਹਮਪੁਰਾ ਨਾਲ ਗੱਲਬਾਤ ਦੌਰਾਨ ਭਰੋਸਾ ਦਿੱਤਾ ਕਿ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੇ ਹੀ ਖਡੂਰ ਸਾਹਿਬ ਸਮੇਤ ਸੂਬੇ ਭਰ ਵਿਚ ਸਿਹਤ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਇਲਾਕੇ ਵਿਚ ਉੱਚ ਪੱਧਰੀ ਆਧੁਨਿਕ ਹਸਪਤਾਲ ਬਣਾਉਣਾ ਸਰਕਾਰ ਦੀ ਪਹਿਲੀ ਤਰਜੀਹ ਹੋਵੇਗੀ। ਇਸਤੋਂ ਇਲਾਵਾ ਬਾਦਲ ਨੇ ਭਰੋਸਾ ਦਿਵਾਇਆ ਕਿ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਸ੍ਰੀ ਗੋਇੰਦਵਾਲ ਸਾਹਿਬ ’ਚ ਨਵੀਂ ਇੰਡਸਟਰੀ ਲਿਆਂਦੀ ਜਾਵੇਗੀ, ਤਾਂ ਜੋ ਇਥੋਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ। ਇਸ ਦੇ ਨਾਲ ਹੀ ਇਲਾਕੇ ਵਿਚ ‘ਸਿਹਤ ਸਹੂਲਤਾਂ’ ਨੂੰ ਪਹਿਲ ਦੇ ਆਧਾਰ ਤੇ ਉੱਚਾ ਚੁੱਕਿਆ ਜਾਵੇਗਾ। ਇਸ ਅਹਿਮ ਮੁਲਾਕਾਤ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਸੀਨੀਅਰ ਅਕਾਲੀ ਆਗੂ ਅਤੇ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਨੇ ਬਾਦਲ ਨੂੰ ਖਡੂਰ ਸਾਹਿਬ ਦੇ ਉਨ੍ਹਾਂ ਹੋਰ ਅਹਿਮ ਅਤੇ ਭਖਦੇ ਮੁੱਦਿਆਂ ਤੋਂ ਜਾਣੂੰ ਕਰਵਾਇਆ ਜਿਨ੍ਹਾਂ ਦੇ ਹੱਲ ਦੀ ਇਲਾਕਾ ਨਿਵਾਸੀਆਂ ਨੂੰ ਸਖ਼ਤ ਲੋੜ ਹੈ। ਉਨ੍ਹਾਂ ਦੱਸਿਆ ਕਿ ਸਿਹਤ ਸਹੂਲਤਾਂ ਤੋਂ ਇਲਾਵਾ ਇਲਾਕੇ ਦੇ ਬੁਨਿਆਦੀ ਢਾਂਚੇ ਦੀ ਤਰਸਯੋਗ ਹਾਲਤ ਅਤੇ ਹੋਰ ਜ਼ਰੂਰੀ ਮਸਲਿਆਂ ਵੱਲ ਮੌਜੂਦਾ ਸਰਕਾਰ ਨੇ ਪੂਰੀ ਤਰ੍ਹਾਂ ਪਿੱਠ ਕਰ ਲਈ ਹੈ, ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ। ਸੀਨੀਅਰ ਆਗੂ ਗੁਰਸੇਵਕ ਸਿੰਘ ਸ਼ੇਖ ਨੇ ਕਿਹਾ ਕਿ ਕੁਝ ‘ਸਿਆਸੀ ਸੈਲਾਨੀ’ ਹਲਕੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਅਸਫ਼ਲ ਯਤਨ ਕਰ ਰਹੇ ਹਨ। ਪਰ ਬ੍ਰਹਮਪੁਰਾ ਪਰਿਵਾਰ ਦੇ ਅਟੁੱਟ ਕਿਲ੍ਹੇ ਵਿਚ ਸੰਨ੍ਹ ਲਗਾਉਣੀ ਇਨ੍ਹਾਂ ਦੇ ਵੱਸ ਦੀ ਗੱਲ ਨਹੀਂ। ਖਡੂਰ ਸਾਹਿਬ ਦੇ ਲੋਕ ਸਿਰਫ਼ ਅਕਾਲੀ ਦਲ ਦੀ ਉਸਾਰੂ ਸਿਆਸਤ ਅਤੇ ਬ੍ਰਹਮਪੁਰਾ ਪਰਿਵਾਰ ਦੀ ਦੂਰਅੰਦੇਸ਼ੀ ਅਗਵਾਈ ’ਤੇ ਹੀ ਮੋਹਰ ਲਗਾਉਣਗੇ।