ਮਾਵਾਂ-ਧੀਆਂ ਸਤਿਕਾਰ ਯੋਜਨਾ ਸ਼ੁਰੂ ਹੋਣ ਦੀ ਖੁਸ਼ੀ ’ਚ ਔਰਤਾਂ ਕੱਢੀ ਜਾਗੋ
ਮਾਵਾਂ-ਧੀਆਂ ਸਤਿਕਾਰ ਯੋਜਨਾ ਸ਼ੁਰੂ ਹੋਣ ਦੀ ਖੁਸ਼ੀ ’ਚ ਮਹਿਲਾਵਾਂ ਕੱਢੀ ਜਾਗੋ
Publish Date: Fri, 13 Mar 2026 07:20 PM (IST)
Updated Date: Sat, 14 Mar 2026 04:13 AM (IST)

ਵਿਧਾਇਕ ਦੇ ਘਰ ਢੋਲ ਦੀ ਥਾਪ ’ਤੇ ਮਨਾਈ ਖੁਸ਼ੀ, ਸਰਕਾਰ ਦਾ ਕੀਤਾ ਧੰਨਵਾਦ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ, ਤਰਨਤਾਰਨ : ਮਹਿਲਾ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਲਾਗੂ ਹੋਣ ਦੀ ਖੁਸ਼ੀ ਵਿਚ ਤਰਨਤਾਰਨ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਦੀ ਰਿਹਾਇਸ਼ ’ਤੇ ਆਮ ਆਦਮੀ ਪਾਰਟੀ ਦੀਆਂ ਮਹਿਲਾ ਆਗੂਆਂ ਦੀ ਅਗਵਾਈ ਹੇਠ ਔਰਤਾਂ ਦੀ ਵੱਡੀ ਇਕੱਤਰਤਾ ਕੀਤੀ ਗਈ। ਇਸ ਦੌਰਾਨ ਜਿਥੇ ਆਗੂਆਂ ਨੇ ਸੰਬੋਧਨ ਕਰਦਿਆਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਥੇ ਹੀ ਢੋਲ ਦੀ ਥਾਪ ’ਤੇ ਖੁਸ਼ੀ ਮਨਾਉਂਦਿਆਂ ਜਾਗੋ ਵੀ ਕੱਢੀ। ਇਸ ਮੌਕੇ ਸੰਬੋਧਨ ਕਰਦਿਆਂ ਆਪ ਦੀ ਜ਼ਿਲ੍ਹਾ ਜਨਰਲ ਸਕੱਤਰ ਅੰਜੂ ਵਰਮਾ, ਹਲਕਾ ਸੰਗਠਨ ਇੰਚਾਰਜ ਰੁਪਿੰਦਰ ਕੌਰ ਸੰਧੂ, ਕੌਂਸਲਰ ਪਲਵਿੰਦਰ ਕੌਰ, ਵਾਰਡ ਨੰਬਰ 23 ਤੋਂ ਆਗੂ ਰੁਪਿੰਦਰ ਕੌਰ ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚਾਰ ਸਾਲਾਂ ਦੌਰਾਨ ਆਪਣੀਆਂ ਹਰ ਉਨ੍ਹਾਂ ਗਰੰਟੀਆਂ ਨੂੰ ਪੂਰਾ ਕੀਤਾ ਹੈ, ਜੋ ਪਾਰਟੀ ਆਗੂਆਂ ਨੇ ਚੋਣਾਂ ਮੌਕੇ ਦਿੱਤੀਆਂ ਸਨ। ਉਨ੍ਹਾਂ ਨੇ ਕਿਹਾ ਕਿ ਮੁਫ਼ਤ ਬਿਜਲੀ ਦੇਣ ਵਾਲੀ ਸਕੀਮ ਨੂੰ ਪਹਿਲੇ ਸਾਲ ਹੀ ਸਰਕਾਰ ਨੇ ਲਾਗੂ ਕਰ ਦਿੱਤਾ ਅਤੇ ਅੱਜ ਤੱਕ 90 ਫੀਸਦੀ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨਵੇਂ ਵਿੱਤੀ ਸਾਲ ਦੇ ਬਜਟ ਦੌਰਾਨ ਮਾਵਾਂ-ਧੀਆਂ ਸਤਿਕਾਰ ਯੋਜਨਾ ਨੂੰ ਸ਼ੁਰੂ ਕਰਕੇ ਸਰਕਾਰ ਨੇ ਸਭ ਤੋਂ ਵੱਡੀ ਗਰੰਟੀ ਨੂੰ ਵੀ ਅਮਲ ਵਿਚ ਲੈ ਆਉਂਦਾ ਹੈ। ਇਸ ਯੋਜਨਾ ਤਹਿਤ ਜਨਰਲ ਵਰਗ ਦੀਆਂ ਮਹਿਲਾਵਾਂ ਨੂੰ ਇਕ ਹਜਾਰ ਰੁਪਏ ਪ੍ਰਤੀ ਮਹੀਨਾ ਅਤੇ ਐੱਸਸੀ ਵਰਗ ਦੀਆਂ ਮਹਿਲਾਵਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੀ ਸਹਾਇਤਾ ਦਿੱਤੀ ਜਾਵੇਗੀ। ਮਹਿਲਾਵਾਂ ਨੇ ਕਿਹਾ ਕਿ ਇਹ ਫੈਸਲਾ ਉਨ੍ਹਾਂ ਦੇ ਸਤਿਕਾਰ, ਆਤਮ ਨਿਰਭਰਤਾ ਅਤੇ ਆਰਥਿਕ ਮਜ਼ਬੂਤੀ ਵੱਲ ਇਕ ਵੱਡਾ ਕਦਮ ਸਾਬਤ ਹੋਵੇਗਾ। ਇਸ ਮੌਕੇ ਮਹਿਲਾਵਾਂ ਨੇ ਸਿਰ ’ਤੇ ਜਾਗੋ ਰੱਖ ਕੇ ਢੋਲ ਦੀ ਥਾਪ ’ਤੇ ਖੂਬ ਖੁਸ਼ੀ ਮਨਾਈ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਨੂੰ ਸਤਿਕਾਰ ਰਾਸ਼ੀ ਦੇਣ ਦੀ ਖ਼ੁਸ਼ੀ ’ਚ ਵਿਧਾਨ ਸਭਾ ਹਲਕਾ ਤਰਨਤਾਰਨ ’ਚ ਵੱਖ-ਵੱਖ ਹਿੱਸਿਆਂ ਤੋਂ ਇਕੱਤਰ ਹੋਈਆਂ ਮਹਿਲਾਵਾਂ ਵਲੋਂ ਸਰਕਾਰ ਦੇ ਧੰਨਵਾਦ ਲਈ ਜਾਗੋ ਕੱਢੀ ਗਈ। ਇਕੱਤਰ ਮਹਿਲਾਵਾਂ ਨੇ ਮਹਿਲਾ ਦਿਵਸ ਨੂੰ ਸਮਰਪਿਤ ਲਏ ਗਏ ਇਸ ਫੈਸਲੇ ਨੂੰ ਸ਼ਲਾਘਾਯੋਗ ਕਰਾਰ ਦਿੰਦਿਆਂ ਕਿਹਾ ਕਿ ਇਸ ਸਨਮਾਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਬਣਦਾ ਹੈ।