- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਵਿਚ ਵੀ ਵਧਣ ਲੱਗੀ ਅਵਾਰਾ ਕੁੱਤਿਆਂ ਦੀ ਗਿਣਤੀ

ਪੰਜਾਬੀ ਜਾਗਰਣ ਟੀਮ, ਤਰਨਤਾਰਨ : ਤਰਨਤਾਰਨ ਸ਼ਹਿਰ ਦੇ ਨਾਲ-ਨਾਲ ਹੁਣ ਪਿੰਡਾਂ ਵਿਚ ਵੀ ਅਵਾਰਾ ਕੁੱਤਿਆਂ ਦੀ ਗਿਣਤੀ ਵਿਚ ਵੱਡਾ ਵਾਧਾ ਦਰਜ ਹੋ ਰਿਹਾ ਹੈ। ਪਿੰਡਾਂ ਦੀਆਂ ਗਲੀਆਂ, ਫਿਰਨੀਆਂ ਤੋਂ ਇਲਾਵਾ ਪਗਡੰਡੀਆਂ ਤੱਕ ’ਤੇ ਅਵਾਰਾ ਕੁੱਤਿਆਂ ਦੀਆਂ ਫਿਰਦੀਆਂ ਡਾਰਾਂ ਤੋਂ ਲੋਕ ਦਹਿਸ਼ਤ ਵਿਚ ਹਨ। ਕਿਉਂਕਿ ਸਵੇਰੇ ਤੜਕਸਾਰ ਖੇਤਾਂ ਜਾਂ ਕੰਮਾਂ ਕਾਰਾਂ ’ਤੇ ਜਾਣ ਵਾਲੇ ਲੋਕਾਂ ਲਈ ਇਹ ਕੁੱਤੇ ਕਿਸੇ ਵੇਲੇ ਵੀ ਜਾਨ ਦਾ ਖੌਅ ਬਣ ਸਕਦੇ ਹਨ। ਹਾਲਾਂਕਿ ਅਵਾਰਾ ਕੁੱਤਿਆਂ ਵੱਲੋਂ ਪਹਿਲਾਂ ਕਈ ਮਨੁੱਖਾਂ ਤੇ ਬੱਚਿਆਂ ਨੂੰ ਨੁਕਸਾਨ ਪਹੁੰਚਾਇਆ ਜਾ ਚੁੱਕਾ ਹੈ।
ਤਰਨਤਾਰਨ ਦੀ ਗੱਲ ਕਰੀਏ ਤਾਂ ਇਥੋਂ ਦੇ ਬਜਾਰਾਂ ਅਤੇ ਗਲੀਆਂ ਤੱਕ ਵਿਚ ਅਵਾਰਾ ਕੁੱਤਿਆਂ ਦੀਆਂ ਡਾਰਾਂ ਫਿਰਦੀਆਂ ਆਮ ਵੇਖੀਆਂ ਜਾ ਸਕਦੀਆਂ ਹਨ। ਸਵੇਰੇ ਗੁਰੂ ਘਰ ਜਾਣ ਵਾਲੇ ਲੋਕ ਹੋਣ ਜਾਂ ਦੇਰ ਰਾਤ ਕੰਮਾਂ ਤੋਂ ਵਾਪਸ ਆਉਣ ਵਾਲੇ ਲੋਕ, ਉਨ੍ਹਾਂ ਲਈ ਇਹ ਕੁੱਤੇ ਵੱਡੀ ਸਿਰਦਰਦੀ ਬਣੇ ਰਹਿੰਦੇ ਹਨ। ਕਈ ਵਾਰ ਤਾਂ ਇਨ੍ਹਾਂ ਕੁੱਤਿਆਂ ਦੇ ਕੋਲੋਂ ਲੰਘਣਾ ਤੱਕ ਔਖਾ ਹੋ ਜਾਂਦਾ ਹੈ। ਸ਼ਹਿਰ ’ਚ ਆਵਾਰਾ ਕੁੱਤਿਆਂ ਦੀ ਵੱਧ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਤਾਂ ਬਣੀ ਹੀ ਹੋਈ ਹੈ, ਹੁਣ ਪਿੰਡਾਂ ਦੇ ਲੋਕ ਵੀ ਆਵਾਰਾ ਕੁੱਤਿਆਂ ਦੀ ਦਹਿਸ਼ਤ ਵਿਚ ਆ ਚੁੱਕੇ ਹਨ। ਤਰਨਤਾਰਨ ਸ਼ਹਿਰ ਦੇ ਨਾਲ ਲੱਗਦੇ ਪਿੰਡ ਕੱਕਾ ਕੰਡਿਆਲਾ ਬਾਈਪਾਸ ’ਤੇ ਪੈਂਦੇ ਰੋਹੀ ਦੇ ਪੁਲ ਹੇਠਾਂ ਲੋਕ ਮਰੇ ਪਸ਼ੂ ਸੁੱਟ ਜਾਂਦੇ ਹਨ, ਜਿਨ੍ਹਾਂ ਨੂੰ ਖਾਣ ਵਾਸਤੇ ਵੱਡੀ ਗਿਣਤੀ ਅਵਾਰਾ ਕੁੱਤੇ ਇਕੱਠੇ ਹੋ ਜਾਂਦੇ ਹਨ। ਇਹ ਕੁੱਤੇ ਅਕਸਰ ਹੀ ਸੜਕ ਉਪਰ ਵੀ ਆ ਜਾਂਦੇ ਹਨ ਅਤੇ ਦੋ ਪਹੀਆ ਵਾਹਨ ਚਾਲਕਾਂ ਨਾਲ ਹਾਦਸਿਆਂ ਦਾ ਖਦਸ਼ਾ ਬਣਿਆ ਰਹਿੰਦਾ ਹੈ। ਹੋਰ ਤਾਂ ਹੋਰ ਅਵਾਰਾ ਕੁੱਤਿਆ ਕਰਕੇ ਕਈ ਵਾਰ ਭਿਆਨਕ ਹਾਦਸੇ ਵੀ ਵਾਪਰ ਚੁੱਕੇ ਹਨ। ਅਵਾਰਾ ਕੁੱਤਿਆਂ ਦੇ ਝੁੰਡ ਹੁਣ ਆਮ ਹੀ ਖੇਤਾਂ ਵਿਚ ਘੁੰਮਦੇ ਵੀ ਵੇਖੇ ਜਾ ਸਕਦੇ ਹਨ। ਜਿਸਦੇ ਚਲਦਿਆਂ ਬਹਿਕਾਂ ਆਦਿ ’ਤੇ ਰਹਿੰਦੇ ਲੋਕਾਂ ਦੇ ਬੱਚਿਆਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਵੀ ਔਖਾ ਹੋ ਜਾਂਦਾ ਹੈ। ਜੇਕਰ ਸਮਾਂ ਰਾਤ ਦਾ ਹੋਵੇ ਤਾਂ ਇਹ ਕੁੱਤੇ ਕਿਸੇ ਵੱਡੇ ਖਤਰੇ ਤੋਂ ਘੱਟ ਨਹੀਂ ਹੁੰਦੇ।
----
ਅਨੇਕਾਂ ਹਾਦਸੇ ਵਾਪਰਣ ਦੇ ਬਾਵਜੂਦ ਕੋਈ ਹੱਲ ਨਹੀਂ ਨਿਕਲਿਆ : ਸੁੱਚਾ ਸਿੰਘ
ਸਮਾਜ ਸੇਵੀ ਸੁੱਚਾ ਸਿੰਘ ਕੱਕਾ ਕੰਡਿਆਲਾ ਦਾ ਕਹਿਣਾ ਹੈ ਕਿ ਅਵਾਰਾ ਕੁੱਤਿਆਂ ਕਾਰਨ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਪਰ ਇਨ੍ਹਾਂ ਦੀ ਵੱਧ ਰਹੀ ਗਿਣਤੀ ’ਤੇ ਕਾਬੂ ਪਾਉਣ ਲਈ ਸਰਕਾਰ ਵੱਲੋਂ ਹਾਲੇ ਤੱਕ ਕੋਈ ਵੀ ਯਤਨ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਬਾਈਪਾਸ ਨਜ਼ਦੀਕ ਸੰਘਣੀਆਂ ਝਾੜੀਆਂ ’ਚ ਮਰੇ ਹੋਏ ਪਸ਼ੂ ਸੁੱਟਣ ਵਾਲਿਆਂ ’ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਤਾਂ ਜੋ ਕੋਈ ਘਟਨਾ ਨਾ ਵਾਪਰਨ ਤੋਂ ਪਹਿਲਾਂ ਹੀ ਇਸਦਾ ਹੱਲ ਨਿਕਲ ਸਕੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਜਲਦੀ ਤੋਂ ਜਲਦੀ ਇਸ ਸਮੱਸਿਆ ਵੱਲ ਧਿਆਨ ਦੇਵੇ।
---
ਕਈ ਵਾਰ ਛੋਟੇ-ਛੋਟੇ ਬੱਚੇ ਵੀ ਬਣ ਚੁੱਕੇ ਹਨ ਕੁੱਤਿਆਂ ਦਾ ਸ਼ਿਕਾਰ : ਹੀਰਾ
ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਹੀਰਾ ਦਾ ਕਹਿਣਾ ਹੈ ਕਿ ਕਈ ਵਾਰ ਛੋਟੇ-ਛੋਟੇ ਬੱਚਿਆਂ ਨੂੰ ਅਵਾਰਾ ਕੁੱਤੇ ਆਪਣਾ ਸ਼ਿਕਾਰ ਬਣਾ ਚੁੱਕੇ ਹਨ, ਜਿਸ ਦੌਰਾਨ ਕੁਝ ਬੱਚਿਆਂ ਦੀ ਮੌਤ ਵੀ ਹੋ ਗਈ ਸੀ। ਉਨ੍ਹਾਂ ਨੇ ਕਿਹਾ ਕਿ ਅਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਸ਼ਹਿਰ ਦੇ ਚੌਕ ਚੁਰਾਹਿਆਂ ਵਿਚ ਕੁੱਤਿਆਂ ਦੀਆਂ ਹੇੜਾਂ ਲੋਕਾਂ ਲਈ ਮੁਸੀਬਤ ਬਣਦੀਆਂ ਆਮ ਵੇਖੀਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਕੁੱਤਿਆਂ ਦੀ ਨਫਰੀ ’ਤੇ ਕਾਬੂ ਪਾਉਣ ਵੱਲ ਧਿਆਨ ਦੇਵੇ।