ਅਵਾਰਾ ਕੁੱਤਿਆਂ ਵੱਲੋਂ ਬੱਚਿਆਂ ’ਤੇ ਹਮਲੇ ਚਿੰਤਾ ਦਾ ਵਿਸ਼ਾ : ਸਮਾਜ ਚਿੰਤਕ
ਅਵਾਰਾ ਕੁੱਤਿਆਂ ਤਰਫੋਂ ਬੱਚਿਆਂ ’ਤੇ ਹਮਲੇ ਚਿੰਤਾ ਦਾ ਵਿਸ਼ਾ : ਸਮਾਜ ਚਿੰਤਕ
Publish Date: Fri, 13 Mar 2026 06:43 PM (IST)
Updated Date: Sat, 14 Mar 2026 04:10 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਪਿਛਲੇ ਕਈ ਦਿਨ੍ਹਾਂ ਤੋਂ ਆਵਾਰਾ ਕੁੱਤਿਆਂ ਵੱਲੋਂ ਬੱਚਿਆਂ ਉਪਰ ਕੀਤੇ ਜਾਣ ਵਾਲੇ ਹਮਲਿਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਨਾਲ ਲੋਕਾਂ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਕਿਉਂਕਿ ਆਵਾਰਾ ਕੁੱਤੇ ਹਰ ਗਲੀ ਤੇ ਮੁਹੱਲੇ ਵਿਚ ਇੰਨੀ ਗਿਣਤੀ ’ਚ ਵਧ ਚੁੱਕੇ ਹਨ ਕਿ ਲੋਕਾਂ ਦਾ ਘਰੋਂ ਨਿਕਲਣ ਤੱਕ ਜਿਥੇ ਔਖਾ ਹੋ ਚੁੱਕਾ ਹੈ। ਉਥੇ ਹੀ ਕੁੱਤਿਆਂ ਵੱਲੋਂ ਫੈਲਾਈ ਗਈ ਗੰਦਗੀ ਕਾਰਨ ਸਰਕਾਰ ਦੀ ਸਵੱਛਤਾ ਮੁਹਿੰਮ ਵੀ ਦਮ ਤੋੜਦੀ ਨਜ਼ਰ ਆਉਂਦੀ ਹੈ। ਵੱਖ-ਵੱਖ ਸਮਾਜ ਚਿੰਤਕਾਂ ਨੇ ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਮੰਗ ਕੀਤੀ ਹੈ ਕਿ ਕੁੱਤਿਆਂ ਦੀ ਵੱਧ ਰਹੀ ਗਿਣਤੀ ਉਪਰ ਕਾਬੂ ਪਾਇਆ ਜਾਵੇ। ----- ਅਵਾਰਾ ਕੁੱਤਿਆਂ ਨੇ ਕਈ ਘਰਾਂ ਦੇ ਚਿਰਾਗ ਬੁਝਾਏ : ਡਾ. ਲੌਹੁਕਾ ਤਰਨਤਾਰਨ ਦੇ ਉੱਘੇ ਸਮਾਜ ਸੇਵੀ ਅਤੇ ਸਾਬਕਾ ਕੌਂਸਲਰ ਡਾ. ਸੁਖਦੇਵ ਸਿੰਘ ਲੌਹੁਕਾ ਨੇ ਕਿਹਾ ਕਿ ਅਵਾਰਾ ਕੁੱਤਿਆਂ ਵੱਲੋਂ ਮਾਸੂਮ ਬੱਚਿਆਂ ਉਪਰ ਹਮਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਅਜਿਹੇ ਕਈ ਮਾਮਲੇ ਸੁਰਖੀਆਂ ਵਿਚ ਵੀ ਹਨ। ਪਰ ਅਵਾਰਾ ਕੁੱਤਿਆਂ ਦੀ ਵੱਧ ਰਹੀ ਗਿਣਤੀ ਉਪਰ ਕਾਬੂ ਪਾਉਣ ਲਈ ਸਰਕਾਰ ਤੇ ਪ੍ਰਸ਼ਾਸਨ ਅਜੇ ਵੀ ਦੂਰ ਹੈ। ਡਾ. ਸੁਖਦੇਵ ਸਿੰਘ ਲੌਹੁਕਾ ਨੇ ਕਿਹਾ ਕਿ ਲੰਘੇ ਦਿਨ ਹੀ ਇਕ ਮਾਸੂਮ ਨੂੰ ਆਵਾਰਾ ਕੁੱਤਿਆਂ ਵੱਲੋਂ ਨੋਚਣ ਦੀ ਖਬਰ ਸਾਹਮਣੇ ਆਈ ਹੈ। ਉਨ੍ਹਾਂ ਨੇ ਕਿਹਾ ਕਿ ਕੁੱਤਿਆਂ ਦੀ ਗਿਣਤੀ ਵਧਣ ਨਾਲ ਮਨੁੱਖੀ ਜਾਨਾਂ ਖਤਰੇ ਵਿਚ ਜਾ ਰਹੀਆਂ ਹਨ ਅਤੇ ਕਈ ਘਰਾਂ ਦੇ ਚਿਰਾਗ ਇਨ੍ਹਾਂ ਕੁੱਤਿਆਂ ਨੇ ਬੁਝਾ ਦਿੱਤੇ ਹਨ। ---------- ਤਰਨਤਾਰਨ ਜ਼ਿਲ੍ਹੇ ਵਿਚ ਵੀ ਵਾਪਰ ਚੁੱਕੇ ਹਨ ਹਾਦਸੇ : ਕੰਡਿਆਂ ਵਾਲੇ ਸਮਾਜ ਚਿੰਤਕ ਕਾਮਰੇਡ ਹੀਰਾ ਸਿੰਘ ਕੰਡਿਆਂ ਵਾਲਿਆਂ ਨੇ ਕਿਹਾ ਕਿ ਤਰਨਤਾਰਨ ਜ਼ਿਲ੍ਹੇ ਵਿਚ ਵੀ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਜਿਥੇ ਆਵਾਰਾ ਕੁੱਤੇ ਇਨਸਾਨਾਂ ਲਈ ਘਾਤਕ ਸਾਬਤ ਹੋਏ ਹਨ। ਪਰ ਸ਼ਹਿਰ ਵਿਚ ਆਵਾਰਾ ਕੁੱਤਿਆਂ ਦੀ ਗਿਣਤੀ ਇਨ੍ਹੀਂ ਵਧ ਚੁੱਕੀ ਹੈ ਕਿ ਲੋਕਾਂ ਦਾ ਬਾਜ਼ਾਰਾਂ ’ਚੋਂ ਲੰਘਣਾ ਤੱਕ ਔਖਾ ਹੋ ਚੁੱਕਾ ਹੈ। ਇਕ ਪਾਸੇ ਜਿੱਥੇ ਇਨ੍ਹਾਂ ਦੇ ਕੱਟਣ ਦਾ ਖਤਰਾ ਲੋਕਾਂ ਨੂੰ ਬਣਿਆ ਰਹਿੰਦਾ ਹੈ। ਉਥੇ ਹੀ ਕੁੱਤਿਆਂ ਵੱਲੋਂ ਫੈਲਾਈ ਗਈ ਗੰਦਗੀ ਵੀ ਵੱਡੀ ਸਮੱਸਿਆ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਕੁੱਤਿਆਂ ਦੀ ਵੱਧ ਰਹੀ ਨਫਰੀ ’ਤੇ ਕਾਬੂ ਪਾਉਣ ਦਾ ਉਪਰਾਲਾ ਕਰੇ ਤਾਂ ਜੋ ਲੋਕ ਸੁਰੱਖਿਅਤ ਹੋ ਸਕਣ। ----- ਵੱਡੀ ਸਮੱਸਿਆ ਬਣ ਕੇ ਉੱਭਰ ਰਹੇ ਹਨ ਆਵਾਰਾ ਕੁੱਤੇ : ਤੱਖੂਚੱਕ ਸਮਾਜ ਸੇਵੀ ਹਰਪਾਲ ਸਿੰਘ ਤੱਖੂਚੱਕ ਦਾ ਕਹਿਣਾ ਹੈ ਕਿ ਆਵਾਰਾ ਕੁੱਤਿਆਂ ਦੀ ਵੱਧ ਰਹੀ ਗਿਣਤੀ ਵੱਡੀ ਸਮੱਸਿਆ ਵਜੋਂ ਉੱਭਰ ਕੇ ਸਾਹਮਣੇ ਆ ਰਹੀ ਹੈ। ਇਸ ਲਈ ਜ਼ਰੂਰੀ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਇਸ ਵੱਲ ਪਹਿਲ ਦੇ ਅਧਾਰ ’ਤੇ ਧਿਆਨ ਦੇਵੇ। ਕਿਉਂਕਿ ਅਵਾਰਾ ਕੁੱਤਿਆਂ ਦੇ ਹਮਲਿਆਂ ਨਾਲ ਜਿੱਥੇ ਲੋਕਾਂ ਦੀ ਜਾਨ ਜਾ ਰਹੀ ਹੈ। ਉਥੇ ਹੀ ਇਹ ਕੁੱਤੇ ਹਾਦਸਿਆਂ ਦਾ ਵੀ ਕਾਰਨ ਬਣਦੇ ਹਨ, ਜਿਸ ਕਾਰਨ ਕਈ ਮਨੁੱਖੀ ਜਾਨਾਂ ਅਜਾਈਂ ਹੀ ਚਲੀਆਂ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕੁੱਤਿਆਂ ਦੀ ਵੱਧ ਰਹੀ ਗਿਣਤੀ ’ਤੇ ਨਿਯਮਾਂ ਮੁਤਾਬਿਕ ਨਿਯੰਤਰਣ ਕਰਨ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ------ ਕੁੱਤਿਆਂ ਤੋਂ ਬੱਚਿਆਂ ਦਾ ਧਿਆਨ ਰੱਖਣ ਮਾਪੇ : ਐਡਵੋਕੇਟ ਅਰੋੜਾ ਤਰਨਤਾਰਨ ਦੇ ਪ੍ਰਸਿੱਧ ਵਕੀਲ ਰਾਕੇਸ਼ ਰਮਨ ਅਰੋੜਾ ਦਾ ਕਹਿਣਾ ਹੈ ਕਿ ਅਵਾਰਾ ਕੁੱਤਿਆਂ ਵੱਲੋਂ ਵਧੇਰੇ ਹਮਲੇ ਬੱਚਿਆਂ ’ਤੇ ਕਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਜਦੋਕਿ ਕਈ ਥਾਵਾਂ ’ਤੇ ਬਜ਼ੁਰਗ ਅਤੇ ਔਰਤਾਂ ਵੀ ਇਨ੍ਹਾਂ ਦਾ ਸ਼ਿਕਾਰ ਬਣ ਚੁੱਕੀਆਂ ਹਨ। ਇਸ ਲਈ ਮਾਪੇ ਛੋਟੇ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਉਨ੍ਹਾਂ ਨੂੰ ਇਕੱਲੇ ਗਲੀ ਮੁਹੱਲਿਆਂ ਵਿਚ ਨਾ ਜਾਣ ਦੇਣ। ਅਰੋੜਾ ਨੇ ਕਿਹਾ ਕਿ ਅਵਾਰਾ ਕੁੱਤਿਆਂ ਕਾਰਨ ਕਈ ਜਾਨਾਂ ਜਾ ਚੁੱਕੀਆਂ ਹਨ ਅਤੇ ਕਈ ਹਲਕਾਅ ਦਾ ਸ਼ਿਕਾਰ ਹੋ ਕੇ ਵੀ ਮੌਤ ਦੇ ਮੂੰਹ ਵਿਚ ਚਲੇ ਗਏ ਹਨ। ਇਸ ਲਈ ਕੁੱਤਿਆਂ ਦੀ ਵੱਧ ਰਹੀ ਨਫਰੀ ’ਤੇ ਕਾਬੂ ਪਾਉਣ ਦੀ ਸਖਤ ਲੋੜ ਹੈ।