ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਭਿੱਖੀਵਿੰਡ ’ਚ ਕੀਤੀ ਕਿਸਾਨ ਪੰਚਾਇਤ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਭਿੱਖੀਵਿੰਡ ’ਚ ਕੀਤੀ ਕਿਸਾਨ ਪੰਚਾਇਤ
Publish Date: Fri, 13 Mar 2026 06:07 PM (IST)
Updated Date: Sat, 14 Mar 2026 04:10 AM (IST)

ਛੀਨਾ/ਚੋਪੜਾ ਪੰਜਾਬੀ ਜਾਗਰਣ, ਖਾਲੜਾ/ਭਿੱਖੀਵਿੰਡ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੂੰ ਮਜ਼ਬੂਤ ਕਰਨ ਅਤੇ ਕਿਸਾਨੀ ਮੰਗਾਂ ਦੇ ਸਬੰਧੀ ਅਗਲੇ ਸੰਘਰਸ਼ ਦੀ ਤਿਆਰੀ ਦੇ ਮੱਦੇਨਜ਼ਰ ਜ਼ਿਲ੍ਹਾ ਮਾਨਸਾ ਦੀ ਕਿਸਾਨ ਪੰਚਾਇਤ ਜਥੇਬੰਦੀ ਦੇ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਗੁਰਸਾਹਿਬ ਸਿੰਘ ਡੱਲ ਦੀ ਅਗਵਾਈ ਹੇਠ ਭਿੱਖੀਵਿੰਡ ਵਿਖੇ ਕਿਸਾਨ ਪੰਚਾਇਤ ਕੀਤੀ। ਡੱਲ ਨੇ ਦੱਸਿਆ ਕਿ ਇਸ ਮਹਾਂ ਪੰਚਾਇਤ ਵਿਚ ਵਿਸ਼ੇਸ਼ ਤੌਰ ’ਤੇ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ, ਜਰਨਲ ਸਕੱਤਰ ਵੀਰਪਾਲ ਸਿੰਘ ਢਿੱਲੋਂ ਅਤੇ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਹੈ ਕਿ ਭਾਰਤ-ਅਮਰੀਕਾ ਦਾ ਮੁਕਤ ਵਪਾਰ ਸਮਝੌਤਾ ਕਿਸੀ ਕੀਮਤ ’ਤੇ ਲਾਗੂ ਨਹੀਂ ਹੋ ਸਕਦਾ। ਅਮਰੀਕਾ ਦੇ ਕਿਸਾਨਾਂ ਅਤੇ ਭਾਰਤੀ ਕਿਸਾਨਾਂ ਦਰਮਿਆਨ ਬਹੁਤ ਵੱਡਾ ਅੰਤਰ ਹੈ, ਕਿਉਂਕਿ ਅਮਰੀਕਾ ਜਿੱਥੇ ਆਪਣੇ ਕਿਸਾਨਾਂ ਨੂੰ ਵੱਡੇ ਪੱਧਰ ’ਤੇ ਸਬਸਿਡੀ ਮੁਹੱਈਆ ਕਰਵਾਉਂਦਾ ਹੈ, ਉਥੇ ਭਾਰਤੀ ਕਿਸਾਨਾਂ ਨੂੰ ਪੂਰਾ ਸਮਰਥਨ ਮੁੱਲ ਨਾ ਮਿਲਣ ਕਰਕੇ ਉਨ੍ਹਾਂ ਦੀ ਆਰਥਿਕ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸਮੇਂ-ਸਮੇਂ ਦੀਆਂ ਕੇਂਦਰੀ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਕਾਰਨ ਕਿਸਾਨਾਂ, ਮਜ਼ਦੂਰਾਂ ਦੇ ਸਿਰ ਚੜ੍ਹੇ ਸਮੁੱਚੇ ਕਰਜ਼ੇ ਮੁਆਫ਼ ਕੀਤੇ ਜਾਣ ਅਤੇ ਅੱਗੇ ਤੋਂ ਡਾ. ਸਵਾਮੀਨਾਥਨ ਕਮਿਸ਼ਨ ਦੇ ਫਾਰਮੂਲੇ ਅਨੁਸਾਰ ਫਸਲਾਂ ਦੇ ਭਾਅ ਨਿਸ਼ਚਿਤ ਕੀਤੇ ਜਾਣ। ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ਬਿਜਲੀ ਸੋਧ ਬਿੱਲ 2025 ਅਤੇ ਸੀਡ ਬਿੱਲ 2025 ਨੂੰ ਸੰਸਦ ’ਚ ਪੇਸ਼ ਕਰਨ ਤੋਂ ਰੋਕਿਆ ਜਾਵੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਵੱਲੋਂ ਕੀਤੇ ਪੰਜਾਬ ਕਰਜ਼ਾ ਮੁਕਤ ਦੇ ਵਾਅਦੇ ਮੁਤਾਬਿਕ ਪਹਿਲ ਕਦਮੀ ਕਰਦੇ ਹੋਏ ਸੂਬੇ ਦੇ ਕਿਸਾਨਾਂ, ਮਜ਼ਦੂਰਾਂ, ਕੋਆਪ੍ਰਟਿਵ ਸੁਸਾਇਟੀਆਂ ਅਤੇ ਪ੍ਰਾਇਮਰੀ ਖੇਤੀਬਾੜੀ ਵਿਕਾਸ ਬੈਂਕਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕੀਤੇ ਜਾਣ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਸਾਹਿਬ ਸਿੰਘ ਡੱਲ ਵਲੋਂ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ’ਚ ਹਾਲੇ ਤੱਕ ਵੀ ਨਕਲੀ ਦੁੱਧ ਦੀ ਸ਼ਰੇਆਮ ਵਿੱਕਰੀ ਵੱਡੇ ਪੱਧਰ ’ਤੇ ਚੱਲ ਰਹੀ ਹੈ, ਜੋ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਰਾਹ ਪੱਧਰਾ ਕਰਦੀ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਨਕਲੀ ਦੁੱਧ ਵੇਚਣ ਵਾਲੇ ਬੇਖੌਫ ਵਿਉਪਾਰੀਆਂ ਖਿਲਾਫ਼ ਸਖ਼ਤ ਕਾਨੂੰਨ ਲਾਗੂ ਕੀਤਾ ਜਾਵੇ ਅਤੇ ਨਕਲੀ ਦੁੱਧ ਦੀ ਪਛਾਣ ਕਰਨ ਦੇ ਲਈ ਹਰੇਕ ਜ਼ਿਲ੍ਹੇ ਚ ਮੋਬਾਈਲ ਲੈਬਾਂ ਦਾ ਪੁਖ਼ਤਾ ਪ੍ਰਬੰਧ ਕੀਤੇ ਜਾਣ। ਬਿਜਲੀ ਖਪਤਕਾਰਾਂ ਦੇ ਲਈ ਚਿਪ ਵਾਲੇ ਮੀਟਰ ਲਗਾਉਣੇ ਤੁਰੰਤ ਬੰਦ ਕੀਤੇ ਜਾਣ। ਅੰਤ ਵਿਚ ਜ਼ਿਲ੍ਹਾ ਪ੍ਰਧਾਨ ਗੁਰਸਾਹਿਬ ਸਿੰਘ ਡੱਲ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਸ਼ੇਅਰ ਨਾਲ ਬਣੀ ਸੇਰੋਂ ਖੰਡ ਮਿੱਲ ਨੂੰ ਦੁਬਾਰਾ ਚਾਲੂ ਕੀਤਾ ਜਾਵੇ। ਕਿਸਾਨ ਪੰਚਾਇਤ ਦੌਰਾਨ ਜ਼ਿਲ੍ਹਾ ਪ੍ਰਧਾਨ ਗੁਰਸਾਹਿਬ ਸਿੰਘ ਡੱਲ ਤੋਂ ਇਲਾਵਾ ਦਵਿੰਦਰ ਸਿੰਘ ਗਰੇਵਾਲ, ਗੁਰਵਿੰਦਰ ਸਿੰਘ ਸਰਪੰਚ ਦਾਊਦਪੁਰਾ, ਜਰਨਲ ਸਕੱਤਰ ਫਤਿਹ ਸਿੰਘ ਖ਼ਾਲਸਾ, ਅੰਮ੍ਰਿਤਪਾਲ ਸਿੰਘ ਬਾਠ, ਤਜਿੰਦਰ ਸਿੰਘ ਰਟੌਲ, ਗੁਰਬਚਨ ਸਿੰਘ ਫੇਲੋਕੇ, ਹੀਰਾ ਸਿੰਘ ਵਰਿਆਹ, ਦਿਲਬਾਗ ਸਿੰਘ ਕਾਹਨਾਂ, ਸੁਖਚੈਨ ਸਿੰਘ ਮਾੜੀ ਸਮਰਾ, ਗੁਰਵਿੰਦਰ ਸਿੰਘ ਸੋਨੂੰ ਸਰਪੰਚ ਸਾਂਡਪੁਰਾ, ਕੁਲਦੀਪ ਸਿੰਘ ਗਿੱਲ ਅਤੇ ਮਾਸਟਰ ਭੁਪਿੰਦਰ ਸਿੰਘ ਸਮੇਤ ਵੱਡੀ ਗਿਣਤੀ ਚ ਜਥੇਬੰਦੀ ਦੇ ਆਗੂ ਹਾਜਰ ਸਨ। ਕੈਪਸ਼ਨ - ਕਿਸਾਨੀ ਮਹਾਂ ਪੰਚਾਇਤ ਦੌਰਾਨ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨਾਲ ਹਨ ਜਨਰਲ ਸਕੱਤਰ ਵੀਰਪਾਲ ਸਿੰਘ ਢਿੱਲੋਂ, ਗੁਰਸਾਹਿਬ ਸਿੰਘ ਡੱਲ ਤੇ ਹੋਰ। ਕੈਪਸ਼ਨ - ਕਿਸਾਨ ਪੰਚਾਇਤ ਵਿਚ ਹਾਜਰ ਵੱਡੀ ਗਿਣਤੀ ’ਚ ਕਿਸਾਨ।