ਪਿੰਡ ਗੋਇੰਦਵਾਲ ਸਾਹਿਬ ’ਚ ਲਾਇਆ ਕਿਸਾਨ ਸਿਖਲਾਈ ਕੈਂਪ : ਡਾ. ਯਾਦਵਿੰਦਰ ਸਿੰਘ
ਸੀਡ ਵਿਲੇਜ਼ ਪ੍ਰੋਗਰਾਮ ਅਧੀਨ ਪਿੰਡ ਗੋਇੰਦਵਾਲ ਸਾਹਿਬ ’ਚ ਕਿਸਾਨ ਸਿਖਲਾਈ ਕੈਂਪ ਲਗਾਇਆ - ਡਾ. ਯਾਦਵਿੰਦਰ ਸਿੰਘ
Publish Date: Fri, 13 Mar 2026 04:12 PM (IST)
Updated Date: Sat, 14 Mar 2026 04:01 AM (IST)

ਕਣਕ ਦੀ ਫ਼ਸਲ ਸੰਭਾਲ ਅਤੇ ਫਾਰਮਰ ਰਜਿਸਟਰੀ ਬਾਰੇ ਕਿਸਾਨਾਂ ਨੂੰ ਦਿੱਤੀ ਗਈ ਸਿਖਲਾਈ : ਨਿਰਮਲ ਢੋਟੀ ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਸੀਡ ਵਿਲੇਜ਼ ਪ੍ਰੋਗਰਾਮ ਅਧੀਨ ਲਗਾਏ ਜਾ ਰਹੇ ਕੈਂਪਾਂ ਦੀ ਲੜੀ ਤਹਿਤ ਡਾ. ਭੁਪਿੰਦਰ ਸਿੰਘ ਖੇਤੀਬਾੜੀ ਅਫਸਰ ਖਡੂਰ ਸਾਹਿਬ ਦੀ ਅਗਵਾਈ ਹੇਠ ਪਿੰਡ ਗੋਇੰਦਵਾਲ ਸਾਹਿਬ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਕੈਂਪ ਦਾ ਉਦੇਸ਼ ਕਿਸਾਨਾਂ ਨੂੰ ਕਣਕ ਦੀ ਫ਼ਸਲ ਦੀ ਸਹੀ ਸੰਭਾਲ ਅਤੇ ਵਧੀਆ ਉਤਪਾਦਨ ਲਈ ਜਾਗਰੂਕ ਕਰਨਾ ਹੈ। ਇਸ ਕੈਂਪ ਦੌਰਾਨ ਖੇਤੀਬਾੜੀ ਵਿਭਾਗ ਦੇ ਮਾਹਿਰ ਡਾ. ਯਾਦਵਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਕਣਕ ਦੀ ਫ਼ਸਲ ਨਾਲ ਸੰਬੰਧਿਤ ਵੱਖ-ਵੱਖ ਤਕਨੀਕੀ ਜਾਣਕਾਰੀਆਂ ਪ੍ਰਦਾਨ ਕੀਤੀਆਂ ਗਈਆਂ। ਕੈਂਪ ਦੌਰਾਨ ਉਨ੍ਹਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਇਸ ਸਮੇਂ ਕਣਕ ਦੀ ਫ਼ਸਲ ਵਿਚ ਸਹੀ ਸਮੇਂ ਸਿੰਚਾਈ, ਪੋਸ਼ਕ ਤੱਤਾਂ ਦੀ ਪੂਰਤੀ ਅਤੇ ਕੀੜੇ-ਮਕੌੜਿਆਂ ਤੇ ਬਿਮਾਰੀਆਂ ਦੀ ਨਿਗਰਾਨੀ ਕਰਨੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵੱਧਦੀ ਗਰਮੀ ਦੇ ਮੌਸਮ ਵਿਚ ਫ਼ਸਲ ਨੂੰ ਤਣਾਅ ਤੋਂ ਬਚਾਉਣ ਲਈ ਸਮੇਂ-ਸਿਰ ਸਿੰਚਾਈ ਅਤੇ ਸਿਫਾਰਸ਼ੀ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਮਾਹਿਰਾਂ ਨੇ ਕਿਸਾਨਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਜੇ ਫ਼ਸਲ ਵਿਚ ਪੀਲੇ ਰੰਗ ਦੇ ਦਾਗ ਜਾਂ ਹੋਰ ਬਿਮਾਰੀਆਂ ਦੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ, ਤਾਂ ਜੋ ਸਮੇਂ ਸਿਰ ਉਪਚਾਰ ਕੀਤਾ ਜਾ ਸਕੇ। ਇਸ ਤੋਂ ਇਲਾਵਾ ਕਣਕ ਦੀ ਉੱਚੀ ਪੈਦਾਵਾਰ ਲਈ ਸੰਤੁਲਿਤ ਖਾਦ ਪ੍ਰਬੰਧਨ ਅਤੇ ਫ਼ਸਲ ਦੀ ਨਿਰੰਤਰ ਨਿਗਰਾਨੀ ਕਰਨ ’ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਿਖਲਾਈ ਕੈਂਪਾਂ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਨਵੀਆਂ ਖੇਤੀ ਤਕਨੀਕਾਂ ਨਾਲ ਜੋੜਨਾ ਅਤੇ ਫ਼ਸਲ ਦੀ ਪੈਦਾਵਾਰ ਵਿਚ ਵਾਧਾ ਕਰਨਾ ਹੈ। ਕੈਂਪ ਵਿਚ ਸਰਪੰਚ ਨਿਰਮਲ ਸਿੰਘ ਢੋਟੀ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਫਾਰਮਰ ਆਈਡੀ ਜ਼ਰੂਰ ਬਣਾਉਣ ਤਾਂ ਕਿ ਪੀਐੱਮ ਯੋਜਨਾ ਅਤੇ ਹੋਰ ਸਕੀਮਾਂ ਦਾ ਲਾਭ ਲਿਆ ਜਾ ਸਕੇ । ਇਸ ਮੌਕੇ ਸਰਪੰਚ ਨਿਰਮਲ ਸਿੰਘ ਢੋਟੀ ਤੋਂ ਇਲਾਵਾ ਮੰਗਲ ਸਿੰਘ ਰੰਧਾਵਾ, ਹਰਜਿੰਦਰ ਸਿੰਘ ਨੰਬਰਦਾਰ, ਘੁੱਕ ਸਿੰਘ, ਮਨਦੀਪ ਸਿੰਘ ਫੋਟੋਗ੍ਰਾਫਰ, ਗਿਆਨ ਸਿੰਘ ਸਾਬਕਾ ਸਰਪੰਚ, ਮੱਖਣ ਸਿੰਘ, ਗੁਰਪ੍ਰਤਾਪ ਸਿੰਘ, ਕਮਲਜੀਤ ਕੌਰ ਸਹਾਇਕ ਟੈਕਨੋਲੋਜੀ ਮੈਨੇਜਰ, ਤਰਸੇਮ ਸਿੰਘ, ਮੰਗਲ ਸਿੰਘ ਅਤੇ ਇਲਾਕੇ ਦੇ ਕਈ ਕਿਸਾਨਾਂ ਨੇ ਭਾਗ ਲਿਆ ਅਤੇ ਮਾਹਿਰਾਂ ਨਾਲ ਖੇਤੀ ਸੰਬੰਧੀ ਆਪਣੇ ਸਵਾਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ।