ਕੈਬਰਿਜ਼ ਇੰਟਰਨੈਸ਼ਨਲ ਸਕੂਲ ’ਚ ‘ਗ੍ਰੇਜ਼ੀਅਰ ਕ੍ਰਿਕਟ ਅਕੈਡਮੀ’ ਦਾ ਉਦਘਾਟਨ
ਕੈਬਰਿਜ਼ ਇੰਟਰਨੈਸ਼ਨਲ ਸਕੂਲ ਪੱਟੀ ਵਿਚ ਇਲਾਕੇ ਦੀ ਪਹਿਲੀ ’ਗ੍ਰੇਜ਼ੀਅਰ ਕ੍ਰਿਕਟ ਅਕੈਡਮੀ‘ ਦਾ ਸ਼ਾਨਦਾਰ ਉਦਘਾਟਨ
Publish Date: Fri, 13 Mar 2026 04:10 PM (IST)
Updated Date: Sat, 14 Mar 2026 04:01 AM (IST)

ਨੌਜਵਾਨ ਮਿਹਨਤ, ਅਨੁਸ਼ਾਸਨ ਅਤੇ ਲਗਨ ਨਾਲ ਖੇਡਾਂ ਵਿਚ ਅੱਗੇ ਵਧਣ : ਰਾਹੁਲ ਸ਼ਰਮਾ ਕ੍ਰਿਕਟਰ ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ਇਲਾਕੇ ਦੇ ਨੌਜਵਾਨਾਂ ਨੂੰ ਕ੍ਰਿਕਟ ਦੇ ਖੇਤਰ ਵਿਚ ਉੱਚ ਪੱਧਰੀ ਮੌਕੇ ਪ੍ਰਦਾਨ ਕਰਨ ਅਤੇ ਖੇਡਾਂ ਨੂੰ ਹੋਰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਪੱਟੀ ਵਿਖੇ ‘ਗ੍ਰੇਜ਼ੀਅਰ ਕ੍ਰਿਕਟ’ ਅਕੈਡਮੀ ਦਾ ਉਦਘਾਟਨ ਇੰਡੀਆ ਦੇ ਮਸ਼ਹੂਰ ਫੌਰਮਰ ਅਤੇ ਆਈਪੀਐੱਲ ਕ੍ਰਿਕਟ ਖਿਡਾਰੀ ਰਾਹੁਲ ਸ਼ਰਮਾ ਨੇ ਕੀਤਾ। ਇਸ ਦੌਰਾਨ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਮਲਕੀਅਤ ਸਿੰਘ, ਡਾਇਰੈਕਟਰ ਮਨਮੀਤ ਸਿੰਘ ਸ਼ਾਮਲ ਹੋਏ। ਇਸ ਮੌਕੇ ਜਲੰਧਰ ਕ੍ਰਿਕਟ ਅਕੈਡਮੀ ਅਤੇ ਕੈਬਰਿਜ਼ ਸਕੂਲ ਦੀ ਟੀਮ ਦਰਮਿਆਨ ਕ੍ਰਿਕਟ ਮੈਚ ਖੇਡਿਆ ਗਿਆ। ਇਸ ਮੌਕੇ ਕ੍ਰਿਕਟਰ ਰਾਹੁਲ ਸ਼ਰਮਾ ਨੇ ਨੌਜਵਾਨ ਖਿਡਾਰੀਆਂ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਕ੍ਰਿਕਟ ਦੇ ਖੇਤਰ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਆਪਣੀ ਮਿਹਨਤ, ਅਨੁਸ਼ਾਸਨ ਅਤੇ ਲਗਨ ਨਾਲ ਖੇਡਾਂ ਵਿਚ ਅੱਗੇ ਵਧਣ। ਚੇਅਰਮੈਨ ਦਿਲਬਾਗ ਸਿੰਘ ਸੰਧੂ ਨੇ ਵੀ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਖੇਡਾਂ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਰੱਖੇ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਤੰਦਰੁਸਤ ਸਮਾਜ ਦੀ ਰਚਨਾ ਲਈ ਖੇਡਾਂ ਨੂੰ ਵਧਾਵਾ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸਕੂਲ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਾਬਕਾ ਚੇਅਰਮੈਨ ਜਗਤਾਰ ਸਿੰਘ ਬੁਰਜ਼, ਵਿਕਾਸ ਚੱਡਾ ਡਿਸਟ੍ਰਿਕਟ ਕ੍ਰਿਕਟ ਕੋਚ ਜੰਲਧਰ ਅਤੇ ਕੁਲਵਿੰਦਰ ਸਿੰਘ ਨੇ ਵੀਂ ਆਪਣੇ ਵਿਚਾਰ ਰੱਖੇ। ਇਸ ਮੌਕੇ ਸਕੂਲ ਪ੍ਰਿੰਸੀਪਲ ਪ੍ਰਵੀਨ ਸ਼ਰਮਾ ਨੇ ਕਿਹਾ ਕਿ ਪੜਾਈ ਦੇ ਨਾਲ-ਨਾਲ ਬਹੁਤ ਸਾਰੀਆਂ ਖੇਡਾਂ ਜਿਵੇਂ ਕਿ ਸਕੇਟਿੰਗ, ਵਾਲੀਬਾਲ, ਫੁੱਟਬਾਲ, ਕਿੱਕ ਬਾਕਸਿੰਗ, ਖੋ-ਖੋ, ਅਥਲੈਟਿਕਸ ਆਦਿ ਕਰਵਾਈਆ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਵਿਚ ਵਿਦਿਆਰਥੀ ਨੈਸ਼ਨਲ ਪੱਧਰ ਤੱਕ ਮੈਡਲ ਹਾਸਿਲ ਕਰ ਚੁੱਕੇ ਹਨ, ਇਸ ਸਾਲ ਹੁਣ ਵਿਦਿਆਰਥੀਆਂ ਦੀ ਮੰਗ ਅਤੇ ਮਾਪਿਆਂ ਦੀ ਦਿਲਚਪਸੀ ਨੂੰ ਧਿਆਨ ਵਿਚ ਰੱਖਦੇ ਹੋਏ ਇਲਾਕੇ ਦੀ ਪਹਿਲੀ ਕ੍ਰਿਕਟ ਅਕੈਡਮੀ ਓਪਨ ਕੀਤੀ ਗਈ ਹੈ। ਕ੍ਰਿਕਟ ਅਕੈਡਮੀ ਦਾ ਉਦੇਸ਼ ਵਿਦਿਆਰਥੀਆਂ ਨੂੰ ਉਚ ਪੱਧਰੀ ਸਿਖਲਾਈ ਮੁਹੱਈਆ ਕਰਾ ਕੇ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਦੀ ਖੇਡ ਵਿਚ ਭਾਗੀਦਾਰ ਬਣਾਇਆ ਜਾਣਾ ਹੈ। ਕ੍ਰਿਕਟ ਅਕੈਡਮੀ ਵਿਚ ਨੌਜਵਾਨ ਖਿਡਾਰੀਆਂ ਨੂੰ ਉਚ ਪੱਧਰੀ ਟ੍ਰੇਨਿੰਗ ਦੇਣ ਲਈ ਮਸ਼ਹੂਰ ਕ੍ਰਿਕਟਰ ਕੁਲਵਿੰਦਰ ਸਿੰਘ ਨੂੰ ਕੋਚ ਵਜੋਂ ਸ਼ਾਮਲ ਕੀਤਾ ਗਿਆ। ਹੈ। ਉਨ੍ਹਾਂ ਕਿਹਾ ਕੁਲਵਿੰਦਰ ਸਿੰਘ ਅੰਡਰ-16 ਅਤੇ ਅੰਡਰ-19 ਪੰਜਾਬ ਸਟੇਟ ਅਤੇ ਨੈਸ਼ਨਲ ਖਿਡਾਰੀ ਰਹਿ ਚੁੱਕੇ ਹਨ ਅਤੇ ਸੀਨੀਅਰ ਡਿਸਟ੍ਰਿਕਟ ਜਲੰਧਰ ਦੀ ਟੀਮ ਵੱਲੋਂ ਪ੍ਰਤੀਨਿਧਿਤਾ ਕੀਤੀ ਹੈ। ਜਿਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕਾਲਜ ਇੰਟਰ ਯੂਨੀਵਰਸਿਟੀ ਟੂਰਨਾਮੈਂਟ ਵਿਚ ਭਾਗ ਲਿਆ ਅਤੇ ਆਪਣੀ ਪ੍ਰਦਰਸ਼ਨ ਨਾਲ ਖੂਬ ਨਾਮ ਕਮਾਇਆ। ਉਨ੍ਹਾਂ ਦੱਸਿਆ ਕਿ ਕੁਲਵਿੰਦਰ ਸਿੰਘ ਦਾ ਚੋਣ ਚੇਨਈ ਸਥਿਤ ਐੱਮਆਰਐੱਫ ਪੇਸ਼ ਫਾਊਂਡੇਸ਼ਨ ਵਿਚ ਵੀ ਹੋ ਚੁੱਕੀ ਹੈ, ਜੋ ਤੇਜ਼ ਗੇਂਦਬਾਜ਼ਾਂ ਦੀ ਉੱਚ ਪੱਧਰੀ ਤਬੀਅਤ ਲਈ ਪ੍ਰਸਿੱਧ ਹੈ। ਸਕੂਲ ਪ੍ਰਬੰਧਕ ਦੇ ਚੇਅਰਮੈਨ ਮਲਕੀਅਤ ਸਿੰਘ, ਡਾਇਰੈਕਟਰ ਮਨਮੀਤ ਸਿੰਘ, ਡਾਇਰੈਕਟਰ ਬਬਨਦੀਪ ਸਿੰਘ ਅਤੇ ਪ੍ਰਿੰਸ ਪ੍ਰਵੀਨ ਸ਼ਰਮਾ ਨੇ ਦੱਸਿਆ ਕਿ ਸਕੂਲ ਵਿਚ ਕ੍ਰਿਕਟ ਅਕੈਡਮੀ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ। ਜਿਸ ਦੇ ਲਈ ਸ਼ਾਮ ਦਾ ਸਮਾਂ ਨਿਯਤ ਕੀਤਾ ਗਿਆ ਹੈ। ਸਕੂਲ ਵਿਦਿਆਰਥੀਆਂ ਤੋਂ ਇਲਾਵਾ ਹੋਰ ਸਕੂਲਾਂ ਦੇ ਵਿਦਿਆਰਥੀ ਅਤੇ ਆਲੇ ਦੁਆਲੇ ਦੇ ਵਿਦਿਆਰਥੀਆਂ ਵੀ ਰਜਿਸਟਰਡ ਹੋ ਸਕਦੇ ਹਨ। ਸਕੂਲ ਦੇ ਵਿਦਿਆਰਥੀਆਂ ਲਈ ਫੀਸ ਵਿਚ 25 ਫ਼ੀਸਦੀ ਛੋਟ ਵੀ ਦਿੱਤੀ ਗਈ ਹੈ। ਇਸ ਅਕੈਡਮੀ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਵਿੱਦਿਆ ਦੇ ਨਾਲ-ਨਾਲ ਖੇਡਾਂ ਵਿਚ ਵੀ ਨਿਖਾਰਨਾ ਹੈ, ਤਾਂ ਜੋ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਨਾਮ ਕਮਾ ਸਕਣ ਅਤੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ। ਉਨ੍ਹਾਂ ਕਿਹਾ ਕਿ ਸਕੂਲ ਹਮੇਸ਼ਾ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਬਰਾਬਰ ਤਰਜੀਹ ਦਿੰਦਾ ਆ ਰਿਹਾ ਹੈ ਅਤੇ ਗ੍ਰੇਜ਼ੀਅਰ ਕ੍ਰਿਕਟ ਅਕੈਡਮੀ ਦੀ ਸ਼ੁਰੂਆਤ ਇਸ ਮਕਸਦ ਵੱਲ ਇਕ ਮਹੱਤਵਪੂਰਨ ਕਦਮ ਹੈ। ਇਸ ਮੌਕੇ ਹਰਮੀਤ ਕੌਰ, ਜਗਤਾਰ ਸਿੰਘ ਬੁਰਜ਼ ਸਾਬਕਾ ਚੇਅਰਮੈਨ, ਰਾਜਪ੍ਰੀਤ ਸਿੰਘ ਸੱਗੂ ਬਲਾਕ ਪ੍ਰਧਾਨ, ਐਡਵੋਕੇਟ ਮਨਦੀਪ ਸਿੰਘ ਸ਼ਹੀਦ, ਵਿਨੋਦ ਖੰਨਾ ਬਲਾਕ ਪ੍ਰਧਾਨ, ਗੁਰਚੇਤ ਸਿੰਘ ਬਰਾੜ, ਸੋਨਬੀਰ ਸਿੰਘ ਸਰਪੰਚ ਆਂਸਲ, ਨਛੱਤਰ ਸਿੰਘ ਭੁੱਲਰ, ਸੂਰਜ ਪ੍ਰਕਾਸ਼, ਗੁਰਲਾਲ ਸਿੰਘ ਧਾਰੀਵਲ ਅਤੇ ਇਲਾਕੇ ਦੇ ਖੇਡ ਪ੍ਰੇਮੀ, ਮਾਪੇ ਅਤੇ ਵਿਦਿਆਰਥੀ ਹਾਜ਼ਰ ਸਨ।