- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੌਰਮਿੰਟ ਪੈਨਸ਼ਨਰ ਯੂਨੀਅਨ 10 ਮਾਰਚ ਦੀ ਚੰਡੀਗੜ੍ਹ ਰੈਲੀ ’ਚ ਹੋਵੇਗੀ ਸ਼ਾਮਿਲ - ਕਰਮ ਸਿੰਘ ਲਾਲਪੁਰਾ, ਡਾ ਅਜਮੇਰ ਸਿੰਘ

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਗੌਰਮਿੰਟ ਪੈਨਸ਼ਨਰ ਯੂਨੀਅਨ ਪੰਜਾਬ ਜ਼ਿਲ੍ਹਾ ਤਰਨਤਾਰਨ ਦੀ ਮਹੀਨਾਵਾਰ ਮੀਟਿੰਗ ਅੱਜ ਗਾਂਧੀ ਪਾਰਕ ਤਰਨਤਾਰਨ ਵਿਖੇ ਕਰਮ ਸਿੰਘ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ। ਹਾਜਰ ਸਾਥੀਆਂ ਨੂੰ ਸੰਬੋਧਨ ਕਰਦਿਆਂ ਜਸਵਿੰਦਰ ਸਿੰਘ ਚੇਅਰਮੈਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਪ੍ਰਤੀ ਧਾਰਨ ਕੀਤਾ ਵਤੀਰਾ ਅਤਿ ਨਿੰਦਣਯੋਗ ਹੈ। ਕਿਉਕਿ ਸਰਕਾਰ ਨੇ ਪੈਨਸ਼ਨਰਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਪੂਰਨ ਰੂਪ ਵਿਚ ਲਾਗੂ ਨਾ ਕਰਦਿਆਂ 2.59 ਦਾ ਫਾਰਮੂਲਾ ਲਾਗੂ ਕਰਨ ਦੀ ਥਾਂ ਘਾਟੇਵੰਦਾ ਗੁਣਾਂਕ ਲਾਗੂ ਕੀਤਾ ਹੈ, ਜਨਵਰੀ 2016 ਤੋਂ ਜੂਨ 2021 ਤੱਕ ਬਣਦੇ ਬਕਾਏ ਦੀਆਂ 42 ਕਿਸ਼ਤਾਂ ਕਰਕੇ ਘੱਟੇ ਕੌਡੀਆਂ ਰੋਲ ਦਿੱਤਾ ਹੈ, ਡੀਏ ਦੀਆਂ ਬਣਦੀਆਂ ਕਿਸ਼ਤਾਂ ਦਾ ਭੁਗਤਾਨ ਨਹੀਂ ਕੀਤਾ ਅਤੇ ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ’ਤੇ ਪੁਰਾਣੀ ਪੈਨਸ਼ਨ ਵੀ ਲਾਗੂ ਨਹੀਂ ਕੀਤੀ।
ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ 10 ਲੱਖ ਵਾਲੀ ਸਿਹਤ ਬੀਮਾ ਸਕੀਮ ਦਾ ਕਾਰਡ ਬਣਾਉਣ ਦੀ ਵਿਧੀ ਨੂੰ ਸਰਲ ਕਰਨ ਦੀ ਅਪੀਲ ਕੀਤੀ ਅਤੇ ਆਯੂਸ਼ਮਾਨ ਕਾਰਡ ਵਾਂਗ ਪਰਸਨਲ ਐਂਡਰਾਇਡ ਫੋਨ ’ਤੇ ਪੋਰਟਲ ਖੋਲ੍ਹ ਕੇ ਰਜਿਸਟ੍ਰੇਸ਼ਨ ਕਰਨ ਦੀ ਖੁੱਲ੍ਹ ਦੇਣ ਲਈ ਕਿਹਾ। ਸੁਵਿਧਾ ਕੇਂਦਰ ’ਤੇ ਕੇਵਲ ਪਰਿਵਾਰ ਦੇ ਮੁਖੀ ਵੱਲੋਂ ਡਾਕੂਮੈਂਟ ਐਂਟਰ ਕਰਾਉਣ ਦੀ ਸੁਵਿਧਾ ਦੇਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੈਕੇਜ ਨਿਰਧਾਰਤ ਕਰਨ ਦੀ ਥਾਂ ਕਿਸੇ ਵੀ ਮਰੀਜ਼ ਦੇ ਕੰਪਲੀਟ ਇਲਾਜ ਦਾ ਖਰਚਾ ਸਬੰਧਿਤ ਹਸਪਤਾਲ ਨੂੰ ਅਦਾ ਕਰਨ ਦੀ ਵਿਵਸਥਾ ਕਰੇ।
ਮੀਟਿੰਗ ਨੂੰ ਸੁਰਜੀਤ ਸਿੰਘ ਝਾਮਕਾ, ਡਾ. ਅਜਮੇਰ ਸਿੰਘ, ਬਲਬੀਰ ਸਿੰਘ ਮੱਲ੍ਹੀ ਅਤੇ ਪ੍ਰਧਾਨ ਕਰਮ ਸਿੰਘ ਲਾਲਪੁਰਾ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਅਮਰੀਕਾ ਤੇ ਇਜ਼ਰਾਈਲ ਵੱਲੋਂ ਈਰਾਨ ’ਤੇ ਕੀਤੇ ਗਏ ਧਾਕੜ ਹਮਲਿਆਂ ਦੀ ਸਖ਼ਤ ਨਿਖੇਧੀ ਕੀਤੀ, ਸਾਰੇ ਪੈਨਸ਼ਨਰਾਂ ਦਾ ਬਣਦਾ ਬਕਾਇਆ ਫਰਵਰੀ 27 ਤੋਂ ਪਹਿਲਾਂ ਯਕ-ਮੁਸ਼ਤ ਦੇਣ ਦੀ ਮੰਗ ਕੀਤੀ ਅਤੇ ਪੰਜਾਬ ਸਰਕਾਰ ਵਿਰੁੱਧ ਸਾਂਝੇ ਫਰੰਟ ਵੱਲੋਂ 8 ਮਾਰਚ ਤੋਂ 11 ਮਾਰਚ ਤੱਕ ਕੀਤੇ ਜਾ ਰਹੇ ਮੁਜਾਹਰਿਆਂ ਵਿਚ 10 ਮਾਰਚ ਨੂੰ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।
ਮੀਟਿੰਗ ਵਿਚ ਉਕਤ ਆਗੂਆਂ ਨਾਲ ਕੁਲਵੰਤ ਸਿੰਘ ਗਿੱਲ, ਗੁਰਦੀਪ ਸਿੰਘ ਮਾਣੋਚਾਹਲ, ਗੁਰਨਾਮ ਸਿੰਘ, ਕਸ਼ਮੀਰ ਸਿੰਘ ਢਿੱਲੋਂ, ਅਜਾਇਬ ਸਿੰਘ, ਮਨਜੀਤ ਸਿੰਘ ਢਿੱਲੋਂ, ਹਰਜੀਤ ਸਿੰਘ ਜੱਸਲ, ਸਕੱਤਰ ਸਿੰਘ, ਚੰਚਲ ਸਿੰਘ ਚਾਹਲ, ਰਾਜਬੀਰ ਕੁਮਾਰ, ਬਲਵਿੰਦਰ ਸਿੰਘ ਲਹੀਆਂ, ਰਮਾਕਾਂਤ, ਸੁਖਦੇਵ ਸਿੰਘ, ਸਵਿੰਦਰਪਾਲ ਸਿੰਘ, ਵਿਜੇ ਕੁਮਾਰ ਜੋਸ਼ੀ ਅਤੇ ਵਿਜੇ ਕੁਮਾਰ ਪੁੰਜ ਆਦਿ ਹਾਜ਼ਰ ਸਨ।