ਸ਼ੇਰੋਂ ਖੰਡ ਮਿੱਲ ਮੋਰਚੇ ’ਚੋਂ ਜੇਲ੍ਹ ਭੇਜੇ ਕਿਸਾਨ ਆਗੂ ਰਿਹਾਅ
ਸ਼ੇਰੋਂ ਖੰਡ ਮਿੱਲ ਮੋਰਚੇ ’ਚੋਂ ਜੇਲ੍ਹ ਭੇਜੇ ਕਿਸਾਨ ਆਗੂ ਰਿਹਾ, ਸਾਥੀਆਂ ਨੇ ਜੇਲ੍ਹ ਦੇ ਦਰਵਾਜੇ ’ਤੇ ਕੀਤਾ ਸਵਾਗਤ
Publish Date: Sat, 28 Feb 2026 08:15 PM (IST)
Updated Date: Sun, 01 Mar 2026 04:14 AM (IST)

ਕੈਪਸ਼ਨ- ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿੱਚੋਂ ਰਿਹਾਅ ਹੋਏ ਕਿਸਾਨਾਂ ਦਾ ਹਾਰ ਅਤੇ ਸਿਰੋਪਾਓ ਪਾ ਕੇ ਸਵਾਗਤ ਕਰਦੇ ਹੋਏ ਜੱਥੇਬੰਦੀ ਦੇ ਵੱਖ-ਵੱਖ ਆਗੂ। * ਸਾਥੀਆਂ ਨੇ ਜੇਲ੍ਹ ਦੇ ਦਰਵਾਜੇ ’ਤੇ ਕੀਤਾ ਸਵਾਗਤ * ਸ਼ੇਰੋਂ ਖੰਡ ਮਿੱਲ ਸੰਘਰਸ਼ ਜਾਰੀ ਰਹੇਗਾ, ਪ੍ਰਸ਼ਾਸਨ ਸੀਐੱਮ ਨਾਲ ਗੱਲਬਾਤ ਦਾ ਵਾਅਦਾ ਨਿਭਾਵੇ : ਐੱਸਕੇਐੱਮ * ਹੋਰ ਕਿਸਾਨ ਮਜ਼ਦੂਰ ਧਿਰਾਂ ਸੰਘਰਸ਼ ਵਿਚ ਸ਼ਮੂਲੀਅਤ ਦਾ ਸੱਦਾ ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਸੇਰੋਂ ਖੰਡ ਮਿੱਲ ਨੂੰ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਗ੍ਰਿਫ਼ਤਾਰ ਕੀਤੇ 17 ਕਿਸਾਨ ਆਗੂ, ਜਿਨ੍ਹਾਂ ਨੂੰ 3 ਮਾਰਚ ਤੱਕ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਖੇ ਭੇਜਿਆ ਗਿਆ ਸੀ, ਨੂੰ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਿਵਾਸ ’ਤੇ ਹੋਈ ਮੀਟਿੰਗ ’ਚ ਕਿਸਾਨ ਆਗੂਆਂ ਨੇ ਜੇਲ੍ਹ ’ਚ ਬੰਦ ਕਿਸਾਨ ਆਗੂਆਂ ਨੂੰ ਬਿਨਾ ਸ਼ਰਤ ਰਿਹਾਅ ਕਰਨ ਅਤੇ ਸ਼ੇਰੋਂ ਖੰਡ ਮਿੱਲ ਨੂੰ ਚਲਾਉਣ ਦੀ ਮੰਗ ਕੀਤੀ। ਮੰਤਰੀ ਭੁੱਲਰ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਹਦਾਇਤਾਂ ਜਾਰੀ ਕਰਦਿਆਂ ਕੀਤੇ ਗਏ ਕੇਸ ਵਾਪਸ ਲੈਣ ਲਈ ਕਿਹਾ। ਅੱਜ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਖੇ ਵੱਡੀ ਗਿਣਤੀ ’ਚ ਪਹੁੰਚੇ ਕਿਸਾਨ ਤੇ ਮਲਾਜ਼ਮ ਆਗੂਆਂ ਨੇ ਰਿਹਾਅ ਹੋਏ ਆਗੂਆਂ ਗੁਰਪ੍ਰੀਤ ਸਿੰਘ ਗੰਡੀਵਿੰਡ, ਨਛੱਤਰ ਸਿੰਘ ਪੰਨੂ, ਦਲਜੀਤ ਸਿੰਘ ਦਿਆਲਪੁਰਾ, ਰਤਨ ਸਿੰਘ ਢੰਡ, ਜੱਸਾ ਸਿੰਘ ਕੱਦਗਿੱਲ, ਗੁਰਦਿਆਲ ਸਿੰਘ ਵਰਨਾਲਾ ਸਮੇਤ ਸਮੁੱਚੇ 17 ਕਿਸਾਨ ਆਗੂਆਂ ਦਾ ਸਿਰੋਪਾਓ ਤੇ ਹਾਰ ਪਾ ਕੇ ਜ਼ੋਰਦਾਰ ਨਾਅਰਿਆਂ ਨਾਲ ਸਵਾਗਤ ਕੀਤਾ। ਇਸ ਮੌਕੇ ਆਗੂਆਂ ਨੇ ਐਲਾਨ ਕੀਤਾ ਕਿ ਖੰਡ ਮਿੱਲ ਚਾਲੂ ਕਰਾਉਣ ਦਾ ਸੰਘਰਸ਼ ਜਾਰੀ ਰਹੇਗਾ, ਬੱਸ ਉਡੀਕ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਕੀਤੇ ਵਾਅਦੇ ਅਨੁਸਾਰ ਮੁੱਖ ਮੰਤਰੀ ਦੀ ਗੱਲਬਾਤ ਕਿਸਾਨ ਆਗੂਆਂ ਨਾਲ ਛੇਤੀ ਕਰਾਉਂਦਾ ਹੈ ਕਿ ਨਹੀਂ। ਉਨ੍ਹਾਂ ਕਿਹਾ ਕਿ ਤਰਨਤਾਰਨ ਜ਼ਿਲ੍ਹੇ ਦੀ ਇੱਕੋ-ਇੱਕ ਖੇਤੀ ਅਧਾਰਿਤ ਮਿੱਲ ਦੀ ਜ਼ਮੀਨ ਵੇਚਣਾ ਤਰਨਤਾਰਨ ਦੇ ਕਿਸਾਨਾਂ, ਮਜ਼ਦੂਰਾਂ ਨਾਲ ਵੱਡਾ ਧੋਖਾ ਹੈ, ਜੋ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਰਿਹਾਅ ਹੋਏ ਸਾਥੀਆਂ ਨੂੰ ਲੈਣ ਪਹੁੰਚੇ ਕਿਸਾਨ ਮਜ਼ਦੂਰ ਆਗੂਆਂ ’ਚ ਮਹਾਂਬੀਰ ਸਿੰਘ ਗਿੱਲ, ਜਤਿੰਦਰ ਸਿੰਘ ਛੀਨਾ, ਸਾਹਿਬ ਸਿੰਘ ਡੱਲ, ਪ੍ਰਗਟ ਸਿੰਘ ਜਾਮਾਰਾਏ, ਪੂਰਨ ਸਿੰਘ ਮਾੜੀ ਮੇਘਾ, ਤਰਸੇਮ ਸਿੰਘ ਲੋਹਾਰ, ਦਵਿੰਦਰ ਸੋਹਲ, ਮਨਜੀਤ ਸਿੰਘ ਬੱਗੂ, ਕੇਵਲ ਸਿੰਘ ਕੰਬੋਕੇ, ਸਤਪਾਲ ਸਿੰਘ ਨੱਥੋਕੇ, ਗੁਰਚਰਨ ਸਿੰਘ ਸਭਰਾ, ਅਜੈਬ ਸਿੰਘ ਦੀਨਪੁਰ, ਮਨਜਿੰਦਰ ਸਿੰਘ ਲਾਲੀ, ਗੁਰਦਿਆਲ ਸਿੰਘ ਖਡੂਰ ਸਾਹਿਬ, ਬਲਦੇਵ ਸਿੰਘ ਧੂੰਦਾ, ਤਾਰਾ ਸਿੰਘ ਖਹਿਰਾ ਤੋਂ ਇਲਾਵਾ ਮੁਲਾਜ਼ਮ ਆਗੂ ਗੁਰਭੇਜ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਬਾਗੜੀਆਂ, ਮੰਗਲ ਸਿੰਘ ਨਾਗੋਕੇ, ਪੂਰਨ ਦਾਸ, ਤਰਜੀਤ ਸਿੰਘ, ਬਚਿੱਤਰ ਸਿੰਘ, ਅਵਤਾਰ ਕ੍ਰਿਸ਼ਨ, ਕੁਲਦੀਪ ਸਿੰਘ, ਅੰਗਰੇਜ਼ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਅਤੇ ਮੁਲਾਜ਼ਮ ਆਗੂ ਹਾਜ਼ਰ ਸਨ।