ਮੁਲਾਜ਼ਮ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਡ ਨੂੰ ਰਿਹਾਅ ਕਰਨ ਦੀ ਮੰਗ
ਮੁਲਾਜ਼ਮ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਡ ਨੂੰ ਤੁਰੰਤ ਕੀਤਾ ਜਾਵੇ ਰਿਹਾਅ- ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ
Publish Date: Fri, 27 Feb 2026 04:37 PM (IST)
Updated Date: Sat, 28 Feb 2026 04:01 AM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਪੰਜਾਬ ਦੀ ਵਰਚੂਅਲ ਮੀਟਿੰਗ ਸੂਬਾ ਪ੍ਰਧਾਨ ਗੁਰਭੇਜ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸੀਨੀਅਰ ਮੀਤ ਪ੍ਰਧਾਨ ਹਰਭਿੰਦਰ ਸਿੰਘ ਚਾਹਲ, ਸੁਖਦੇਵ ਸਿੰਘ ਖਹਿਰਾ, ਬਲਵਿੰਦਰ ਸਿੰਘ ਰਾਣਾ, ਵਰਿੰਦਰ ਸਿੰਘ ਲਾਡੀ, ਸਕੱਤਰ ਸਿੰਘ ਮਾਹਲ, ਤਰਲੋਚਨ ਸਿੰਘ, ਰਾਜੇਸ਼ ਕੁਮਾਰ, ਸੁੱਖਾ ਸਿੰਘ ਵਲਟੋਹਾ, ਗਗਨਦੀਪ ਸ਼ਰਮਾ, ਰੁਪਿੰਦਰ ਸਿੰਘ, ਕਰਮਜੀਤ ਸਿੰਘ ਖੀਵਾ, ਰਣਜੀਤ ਸਿੰਘ ਰਾਣਾ, ਹਰਜੀਤ ਸਿੰਘ ਔਲਖ, ਇਕਬਾਲ ਸਹੋਤਾ, ਅਮਿਤ ਕੁਮਾਰ ਸ਼ਰਮਾ, ਗੁਲਸ਼ਨ ਕੁਮਾਰ ਸਹੋਤਾ, ਸਾਬਕਾ ਸੂਬਾ ਪ੍ਰਧਾਨ ਬਲਦੇਵ ਸਿੰਘ ਮੰਢਾਲੀ, ਸਾਬਕਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਚਾਹਲ, ਸਾਬਕਾ ਮੀਤ ਪ੍ਰਧਾਨ ਅਮਰੀਕ ਸਿੰਘ ਕੰਗ, ਪ੍ਰਧਾਨ ਵੈਲਫੇਅਰ ਪੈਨਸ਼ਨਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਬਾਬਾ ਅਮਰਜੀਤ ਸਿੰਘ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਗੁਰਭੇਜ ਸਿੰਘ ਢਿੱਲੋਂ ਤੇ ਹੋਰ ਬੁਲਾਰਿਆਂ ਨੇ ਗੁਰਪ੍ਰੀਤ ਸਿੰਘ ਗੰਡੀਵਿੰਡ ਕਨਵੀਨਰ ਜੁਆਇੰਟ ਫੋਰਮ ਪੰਜਾਬ ਅਤੇ ਏਕਤਾ ਮੰਚ ਪੰਜਾਬ ਦੀ ਗ੍ਰਿਫ਼ਤਾਰੀ ਦੀ ਪੁਰਜ਼ੋਰ ਨਿਖੇਧੀ ਕੀਤੀ। ਬੁਲਾਰਿਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਪਣੇ ਸਿਆਸੀ ਵਾਅਦੇ ਪੂਰੇ ਕਰਨ ਲਈ ਬਿਜਲੀ ਅਦਾਰੇ ਸਮੇਤ ਸਮੁੱਚੇ ਪੰਜਾਬ ਦੇ ਸਰਕਾਰੀ ਅਦਾਰਿਆਂ ਦੀਆਂ ਜ਼ਮੀਨਾਂ ਵੇਚ ਰਹੀ ਹੈ, ਜਿਸਦੇ ਖਿਲਾਫ਼ ਪੂਰੇ ਪੰਜਾਬ ਅੰਦਰ ਕਿਸਾਨ ਅਤੇ ਮੁਲਾਜ਼ਮ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਸਰਕਾਰੀ ਜ਼ਬਰ ਦੇ ਵਿਰੁੱਧ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਗਟਾ ਰਹੇ ਆਗੂਆਂ ਦੀ ਗ੍ਰਿਫ਼ਤਾਰੀ ਆਮ ਨਾਗਰਿਕਾਂ ਦੇ ਜਮਹੂਰੀ ਹੱਕਾਂ ਉਪਰ ਡਾਕਾ ਹੈ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਗ੍ਰਿਫ਼ਤਾਰ ਕੀਤੇ ਆਗੂਆਂ ਨੂੰ ਤੁਰੰਤ ਰਿਹਾਅ ਨਹੀ ਕੀਤਾ ਜਾਂਦਾ ਅਤੇ ਸਰਕਾਰੀ ਜ਼ਮੀਨਾਂ ਵੇਚਣ ਦਾ ਘਾਤਕ ਫੈਸਲਾ ਵਾਪਸ ਨਹੀਂ ਲਿਆ ਜਾਂਦਾ, ਤਾਂ ਸੰਯੁਕਤ ਕਿਸਾਨ ਮੋਰਚੇ ਨਾਲ ਰਲ ਕੇ ਬਿਜਲੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਜ਼ੋਰਦਾਰ ਸੰਘਰਸ਼ ਕਰਨਗੀਆਂ, ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।