ਸ਼ੇਰੋਂ ਖੰਡ ਮਿੱਲ ਤੋਂ ਗ੍ਰਿਫ਼ਤਾਰ ਕੀਤੇ ਕਿਸਾਨ ਕੀਤੇ ਜਾਣ ਰਿਹਾਅ : ਮਾਣੋਚਾਹਲ
ਸ਼ੇਰੋਂ ਖੰਡ ਮਿੱਲ ਤੋਂ ਗ੍ਰਿਫ਼ਤਾਰ ਕੀਤੇ ਕਿਸਾਨ ਰਿਹਾਅ ਕਰੋ, ਖੰਡ ਮਿੱਲ ਚਾਲੂ ਕਰੋ - ਸੁਖਦੇਵ ਮਾਣੋਚਾਹਲ
Publish Date: Fri, 27 Feb 2026 04:21 PM (IST)
Updated Date: Sat, 28 Feb 2026 03:59 AM (IST)
ਸ਼ਾਹਬਾਜਪੁਰ : ਕੁਲ ਹਿੰਦ ਕਿਸਾਨ ਸਭਾ ਬ੍ਰਾਂਚ ਮਾਣੋਚਾਹਲ ਵਲੋਂ ਸਯੁੰਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਅੱਜ ਪਿੰਡ ਮਾਣੋਚਾਹਲ ਅੱਡੇ ਉਪਰ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਸ਼ੇਰੋਂ ਖੰਡ ਮਿੱਲ ਚਾਲੂ ਕਰਾਉਣ ਲਈ ਦਿੱਤੇ ਜਾ ਰਹੇ ਧਰਨੇ ਤੋਂ ਕਿਸਾਨਾਂ ਦੀ ਗ੍ਰਿਫ਼ਤਾਰੀ ਵਿਰੁੱਧ ਇਹ ਐਕਸ਼ਨ ਕੀਤਾ ਗਿਆ।
ਇਸ ਮੌਕੇ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਸਭਾ ਦੇ ਮੀਤ ਸਕੱਤਰ ਸੁਖਦੇਵ ਸਿੰਘ ਮਾਣੋਚਾਹਲ, ਸਥਾਨਕ ਆਗੂ ਜੋਗਾ ਸਿੰਘ, ਅਰਜਿੰਦਰ ਸਿੰਘ, ਵੀਰ ਸਿੰਘ, ਸੁੱਖਾ ਸਿੰਘ ਨੇ ਕਿਹਾ ਕਿ ਬਹੁਤ ਸਾਲ ਪਹਿਲਾਂ ਪਿੰਡ ਸ਼ੇਰੋਂ ਦੀ ਇਕ ਸੌ ਏਕੜ ਜ਼ਮੀਨ ਬਹੁਤ ਸਸਤੇ ਰੇਟ ’ਤੇ ਲੈ ਕੇ ਖੰਡ ਮਿੱਲ ਚਾਲੂ ਕੀਤੀ ਗਈ ਸੀ।
ਇਹ ਵੀ ਜ਼ਿਕਰਯੋਗ ਹੈ ਕਿ ਤਰਨਤਾਰਨ ਜ਼ਿਲ੍ਹੇ ਵਿਚ ਖੇਤੀ ਅਧਾਰਿਤ ਸਿਰਫ਼ ਤੇ ਸਿਰਫ਼ ਇਹ ਇੱਕੋ ਇਕ ਮਿੱਲ ਸੀ। ਮੌਜੂਦਾ ਸਰਕਾਰ ਨੇ ਚੋਣਾਂ ਸਮੇਂ ਵਾਅਦਾ ਕੀਤਾ ਸੀ ਕਿ ਇਹ ਮਿੱਲ ਮੁੜ ਸ਼ੁਰੂ ਕੀਤੀ ਜਾਵੇਗੀ। ਪਰ ਹੁਣ ਕਿਸਾਨਾਂ ਦੀ ਸਲਾਹ ਬਿਨਾਂ ਇਸਦੀ ਕੀਮਤੀ ਜ਼ਮੀਨ ਘੱਟੇ ਕੌਡੀਆਂ ਕੀਤੀ ਜਾ ਰਹੀ ਹੈ। ਯਾਦ ਰਹੇ ਕਿ ਇਸ ਮਿੱਲ ਵਿਚ 60 ਫ਼ੀਸਦੀ ਹਿੱਸੇਦਾਰੀ ਕਿਸਾਨਾਂ ਦੀ ਹੈ, ਜਿਨ੍ਹਾਂ ਨੂੰ ਪੁੱਛਿਆ ਨਹੀਂ ਜਾ ਰਿਹਾ।
ਇਸ ਮੌਕੇ ਕਿਸਾਨ ਆਗੂਆਂ ਮੰਗ ਕੀਤੀ ਕਿ ਗ੍ਰਿਫ਼ਤਾਰ ਕਿਸਾਨ ਤੁਰੰਤ ਰਿਹਾਅ ਕੀਤੇ ਜਾਣ। ਇਹ ਖੰਡ ਮਿੱਲ ਮੁੜ ਚਾਲੂ ਕਰਕੇ ਸਰਕਾਰ ਆਪਣਾ ਵਾਅਦਾ ਪੂਰਾ ਕਰੇ।