ਸੰਯੁਕਤ ਕਿਸਾਨ ਮੋਰਚੇ ਨੇ ਪੱਟੀ ’ਚ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
ਸ਼ੇਰੋਂ ਖੰਡ ਮਿੱਲ ਮੁੜ ਚਾਲੂ ਕਰਾਉਣ ਲਈ ਸੰਘਰਸ਼ ਕਰਦੇ ਕਿਸਾਨਾਂ ਦੀ ਗ੍ਰਿਫ਼ਤਾਰੀ ਦਾ ਮਾਮਲਾ
Publish Date: Fri, 27 Feb 2026 04:10 PM (IST)
Updated Date: Sat, 28 Feb 2026 03:59 AM (IST)

ਸ਼ੇਰੋਂ ਖੰਡ ਮਿੱਲ ਮੁੜ ਚਾਲੂ ਕਰਾਉਣ ਲਈ ਸੰਘਰਸ਼ ਕਰਦੇ ਕਿਸਾਨਾਂ ਦੀ ਗ੍ਰਿਫ਼ਤਾਰੀ ਦਾ ਮਾਮਲਾ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਪੱਟੀ : ਸ਼ੇਰੋਂ ਖੰਡ ਮਿੱਲ ਚਾਲੂ ਕਰਾਉਣ ਲਈ ਦਿੱਤੇ ਜਾ ਰਹੇ ਧਰਨੇ ਤੋਂ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਵਿਰੁੱਧ ਸਯੁੰਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨਤਾਰਨ ਦੇ ਸੱਦੇ ’ਤੇ ਸ਼ੁੱਕਰਵਾਰ ਨੂੰ ਐੱਸਡੀਐੱਮ ਦਫ਼ਤਰ ਪੱਟੀ ਦੇ ਸਾਹਮਣੇ ਕਿਸਾਨਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਹਰਭਜਨ ਸਿੰਘ ਚੂਸਲੇਵੜ੍ਹ, ਕਾਰਜ ਸਿੰਘ ਕੈਰੋਂ, ਜਗਤਾਰ ਸਿੰਘ ਆਂਸਲ, ਧਰਮ ਸਿੰਘ ਪੱਟੀ, ਬਾਜ਼ ਸਿੰਘ ਬਾਹਮਣੀਵਾਲਾ, ਜਗੀਰ ਸਿੰਘ ਗੰਡੀਵਿੰਡ, ਦਿਲਬਾਗ ਸਿੰਘ ਗੰਡੀਵਿੰਡ, ਗੁਰਮੀਤ ਸਿੰਘ ਮਾਨ, ਅਮਰਜੀਤ ਸਿੰਘ ਗੰਡੀਵਿੰਡ, ਦਰਸ਼ਨ ਸਿੰਘ, ਗੋਪਾਲ ਸਿੰਘ, ਦਿਲਬਾਗ ਸਿੰਘ ਗਾਬੜੀਆ, ਅਵਤਾਰ ਸਿੰਘ ਨੇ ਕਿਹਾ ਕਿ ਬਹੁਤ ਸਾਲ ਪਹਿਲਾਂ ਪਿੰਡ ਸ਼ੇਰੋਂ ਦੀ ਇਕ-ਸੌ ਏਕੜ ਜ਼ਮੀਨ ਬਹੁਤ ਸਸਤੇ ਰੇਟ ’ਤੇ ਲੈ ਕੇ ਖੰਡ ਮਿੱਲ ਚਾਲੂ ਕੀਤੀ ਗਈ ਸੀ। ਇਸ ਮਿੱਲ ਨੇ ਲਗਾਤਾਰ ਸਰਕਾਰ ਨੂੰ ਮੁਨਾਫ਼ਾ ਦਿੱਤਾ। ਜਦੋਂ ਮਿੱਲ ਬੰਦ ਕੀਤੀ ਗਈ ਉਦੋਂ ਵੀ ਮੁਨਾਫ਼ੇ ਵਿਚ ਸੀ। ਤਰਨਤਾਰਨ ਜ਼ਿਲ੍ਹੇ ਦੇ ਕਿਸਾਨਾਂ ਨੂੰ ਇਸਦਾ ਕਾਫ਼ੀ ਫਾਇਦਾ ਸੀ। ਮਜ਼ਦੂਰ ਪਰਿਵਾਰਾਂ ਨੂੰ ਵੀ ਗੰਨਾ ਖੇਤਾਂ ਚੋਂ ਕੱਟਣ ਤੋਂ ਲੈ ਕੇ ਮਿੱਲ ਦੀ ਢੋਆ-ਢੁਆਈ ਅਤੇ ਖੰਡ ਬਣਨ ਤਕ ਕੰਮ ਮਿਲਦਾ ਸੀ। ਇਹ ਵੀ ਜ਼ਿਕਰਯੋਗ ਹੈ ਕਿ ਤਰਨਤਾਰਨ ਜ਼ਿਲ੍ਹੇ ਵਿਚ ਖੇਤੀ ਅਧਾਰਿਤ ਸਿਰਫ਼ ਤੇ ਸਿਰਫ਼ ਇਹ ਇੱਕੋ ਇਕ ਮਿੱਲ ਸੀ। ਮੌਜੂਦਾ ਸਰਕਾਰ ਨੇ ਚੋਣਾਂ ਸਮੇਂ ਵਾਅਦਾ ਕੀਤਾ ਸੀ ਕਿ ਇਹ ਮਿੱਲ ਮੁੜ ਸ਼ੁਰੂ ਕੀਤੀ ਜਾਵੇਗੀ। ਪਰ ਹੁਣ ਕਿਸਾਨਾਂ ਦੀ ਸਲਾਹ ਬਿਨਾਂ ਇਸਦੀ ਕੀਮਤੀ ਜ਼ਮੀਨ ਘੱਟੇ ਕੌਡੀਆਂ ਕੀਤੀ ਜਾ ਰਹੀ ਹੈ। ਯਾਦ ਰਹੇ ਕਿ ਇਸ ਮਿੱਲ ਵਿਚ 60 ਫ਼ੀਸਦੀ ਹਿੱਸੇਦਾਰੀ ਕਿਸਾਨਾਂ ਦੀ ਹੈ, ਜਿਨ੍ਹਾਂ ਨੂੰ ਪੁੱਛਿਆ ਨਹੀਂ ਜਾ ਰਿਹਾ। ਇਸ ਮੌਕੇ ਕਿਸਾਨ ਆਗੂਆਂ ਮੰਗ ਕੀਤੀ ਕਿ ਗ੍ਰਿਫ਼ਤਾਰ ਕਿਸਾਨ ਤੁਰੰਤ ਰਿਹਾਅ ਕੀਤੇ ਜਾਣ ਅਤੇ ਇਹ ਖੰਡ ਮਿੱਲ ਮੁੜ ਚਾਲੂ ਕਰਕੇ ਸਰਕਾਰ ਆਪਣਾ ਵਾਅਦਾ ਪੂਰਾ ਕਰੇ। ਕਿਸਾਨ ਆਗੂਆਂ ਨੇ ਸਖ਼ਤ ਸ਼ਬਦਾਂ ਵਿਚ ਚੇਤਾਵਨੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਗ੍ਰਿਫਤਾਰ ਕੀਤੇ ਕਿਸਾਨ ਆਗੂਆਂ ਨੂੰ ਬਿਨ੍ਹਾਂ ਸ਼ਰਤ ਤੁਰੰਤ ਰਿਹਾਅ ਕਰੇ ਅਤੇ ਸ਼ੂਗਰ ਮਿੱਲ ਨੂੰ ਚਾਲੂ ਕੀਤਾ ਜਾਵੇ।