ਬਿਜਲੀ ਕਾਮਿਆਂ ਦੀ ਏਟਕ ਜਥੇਬੰਦੀ ਨੇ ਸਰਕਲ ਚੋਣ ਵਿਚ ਕੁਲਵਿੰਦਰ ਸਿੰਘ ਬਾਗੜੀਆਂ ਨੂੰ ਪ੍ਰਧਾਨ ਬਣਾਇਆ
ਬਿਜਲੀ ਕਾਮਿਆਂ ਦੀ ਏਟਕ ਜਥੇਬੰਦੀ ਨੇ ਸਰਕਲ ਚੋਣ ਵਿਚ ਕੁਲਵਿੰਦਰ ਸਿੰਘ ਬਾਗੜੀਆਂ ਨੂੰ ਪ੍ਰਧਾਨ ਬਣਾਇਆ
Publish Date: Sun, 22 Feb 2026 05:51 PM (IST)
Updated Date: Sun, 22 Feb 2026 05:54 PM (IST)

ਸਟਾਫ਼ ਰਿਪੋਰਟਰ• ਪੰਜਾਬੀ ਜਾਗਰਣ, ਤਰਨਤਾਰਨ ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਦੀ ਸੂਬਾ ਕਮੇਟੀ ਦੇ ਫੈਸਲੇ ਤਹਿਤ ਸਥਾਨਕ 66 ਕੇਵੀ ਬਿਜਲੀ ਘਰ ਫੋਕਲ ਪੁਆਇੰਟ ਵਿਖੇ ਸਰਕਲ ਕਮੇਟੀ ਦੀ ਚੋਣ ਕਰਨ ਲਈ ਚੁਣੇ ਹੋਏ ਡੈਲੀਗੇਟਾਂ ਦੀ ਇਕੱਤਰਤਾ ਬਲਜਿੰਦਰ ਕੌਰ, ਬਲਜਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਦੇ ਸਾਂਝੇ ਪ੍ਰਧਾਨਗੀ ਮੰਡਲ ਹੇਠ ਹੋਈ। ਸਾਢੇ ਤਿੰਨ ਸਾਲ ਬਾਅਦ ਜਥੇਬੰਦਕ ਕਾਨਫਰੰਸ ਕਰਨ ਲਈ ਹੋਈ ਇਸ ਇਕੱਤਰਤਾ ਵਿਚ ਵੱਖ-ਵੱਖ ਡਵੀਜ਼ਨਾਂ ਤੋਂ ਚੁਣੇ ਹੋਏ ਡੈਲੀਗੇਟਾਂ ਨੇ ਹਿੱਸਾ ਲਿਆ। ਇਸ ਜਥੇਬੰਦਕ ਕਾਨਫਰੰਸ ਦਾ ਉਦਘਾਟਨੀ ਭਾਸ਼ਣ ਇੰਜੀਨੀਅਰ ਕੁਲਵਿੰਦਰ ਸਿੰਘ ਬਾਗੜੀਆਂ ਨੇ ਕਰਦਿਆਂ ਅਦਾਰੇ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਦੇ ਹਿੱਤਾਂ ਦੀ ਪਹਿਰੇਦਾਰੀ ਕਰਨ ਲਈ ਏਟਕ ਜਥੇਬੰਦੀ ਦੇ ਸ਼ਲਾਘਾਯੋਗ ਰੋਲ ਬਾਰੇ ਹਾਜਰੀਨ ਨੂੰ ਜਾਣੂੰ ਕਰਵਾਇਆ। ਉਪਰੰਤ ਸਰਕਲ ਸਕੱਤਰ ਪੂਰਨ ਦਾਸ ਨੇ ਪਿਛਲੇ ਅਰਸੇ ਦੀ ਜਥੇਬੰਦਕ ਅਤੇ ਖਰਚਾ ਰਿਪੋਰਟ ਹਾਊਸ ਦੇ ਸਾਹਮਣੇ ਪੇਸ਼ ਕੀਤੀ। ਜਿਸ ‘ਤੇ ਦਰਜਨ ਦੇ ਕਰੀਬ ਡੈਲੀਗੇਟਾਂ ਨੇ ਬਹਿਸ ਕਰਕੇ ਕੁਝ ਵਾਧੇ ਦਰਜ ਕਰਵਾਏ ਜਿਨ੍ਹਾਂ ਨੂੰ ਪ੍ਰਧਾਨਗੀ ਮੰਡਲ ਨੇ ਜਥੇਬੰਦਕ ਅਤੇ ਖਰਚਾ ਰਿਪੋਰਟ ਦਾ ਹਿੱਸਾ ਮੰਨ ਕੇ ਸਰਬਸੰਮਤੀ ਨਾਲ ਹਾਊਸ ਦੀ ਮਨਜ਼ੂਰੀ ਨਾਲ ਨਾਅਰਿਆਂ ਦੀ ਗੂੰਜ ਵਿਚ ਪਾਸ ਕਰਵਾਇਆ। ਇਸ ਕਾਨਫਰੰਸ ਵਿਚ ਉਚੇਚੇ ਤੌਰ ‘ਤੇ ਪਹੁੰਚੇ ਭਰਾਤਰੀ ਜਥੇਬੰਦੀ ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰ ਯੂਨੀਅਨ ਪੰਜਾਬ ਸਬੰਧਿਤ ਏਟਕ ਦੇ ਸਰਕਲ ਸਕੱਤਰ ਨਰਿੰਦਰ ਬੇਦੀ ਅਤੇ ਸੂਬਾ ਆਗੂ ਤਾਰਾ ਸਿੰਘ ਖਹਿਰਾ ਨੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਅਤੇ ਪਾਵਰ ਮੈਨੇਜਮੈਂਟ ਵਲੋਂ ਅਦਾਰੇ ਦੀਆਂ ਜਾਇਦਾਦਾਂ ਵੇਚਣ ਦੀ ਘਟੀਆ ਨੀਤੀ ਦੀ ਜੋਰਦਾਰ ਨ੍ਹਿੰਦਾ ਕਰਦੇ ਹੋਏ ਮੁਲਾਜ਼ਮ ਅਤੇ ਪੈਨਸ਼ਨਰ ਮਸਲਿਆਂ ਨੂੰ ਜਾਣਬੁੱਝ ਕੇ ਲਮਕਾ ਅਵਸਥਾ ਵਿਚ ਰੱਖਣ ਖਿਲਾਫ਼ ਸੰਘਰਸ਼ ਲਈ ਕਮਰ ਕੱਸੇ ਕਰਨ ਦਾ ਹਾਜਰੀਨ ਨੂੰ ਸੱਦਾ ਦਿੱਤਾ। ਇਸ ਚੋਣ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜਣ ਲਈ ਨਿਗਰਾਨ ਦੇ ਤੌਰ ‘ਤੇ ਪਹੁੰਚੇ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਚੋਣ ਅਮਲ ਤੋਂ ਪਹਿਲਾਂ ਸੰਬੋਧਨ ਕਰਦਿਆਂ ਕਿਹਾ ਕਿ ਅਦਾਰੇ ਦੇ ਸੀਐੱਮਡੀ ਡਾ.ਬਸੰਤ ਗਰਗ ਨੇ 14 ਜਨਵਰੀ ਨੂੰ ਗੈਸਟ ਹਾਊਸ ਮੁਹਾਲੀ ਵਿਖੇ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਨੂੰ ਪੂਰੀ ਮੈਨੇਜਮੈਂਟ ਦੀ ਹਾਜਰੀ ਵਿਚ ਭਰੋਸਾ ਦਿੱਤਾ ਸੀ ਕਿ ਅਦਾਰੇ ਦੀ ਕੋਈ ਵੀ ਜਮੀਨ ਨਹੀਂ ਵੇਚੀ ਜਾਵੇਗੀ ਅਤੇ ਮੁਲਾਜ਼ਮ ਅਤੇ ਪੈਨਸ਼ਨਰ ਮਸਲਿਆਂ ਦਾ ਜਲਦੀ ਹੱਲ ਕੀਤਾ ਜਾਵੇਗਾ ਅਤੇ ਸਾਰੇ ਮਸਲਿਆਂ ਦੇ ਨਿਪਟਾਰੇ ਸਬੰਧੀ ਦੁਬਾਰਾ ਮੀਟਿੰਗ ਕੀਤੀ ਜਾਵੇਗੀ। ਪਰ ਬਹੁਤ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਮੈਨੇਜਮੈਂਟ ਨੇ ਵਾਅਦਾ ਖਿਲਾਫ਼ੀ ਕਰਕੇ ਮੰਨੀਆਂ ਮੰਗਾਂ ਨੂੰ ਵੱਟੇ ਖਾਤੇ ਪਾ ਦਿੱਤਾ ਹੈ। ਇਸੇ ਤਰ੍ਹਾਂ ਬਿਜਲੀ ਸੋਧ ਬਿੱਲ 2025 ਦੇ ਲੋਕ ਵਿਰੋਧੀ ਘਾਤਕ ਖਰੜੇ ਬਾਰੇ ਵੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵਲੋਂ ਭੰਬਲ ਭੂਸੇ ਵਾਲੀ ਸਥਿਤੀ ਪੈਦਾ ਕਰ ਰੱਖੀ ਹੈ। ਗੰਡੀਵਿੰਡ ਨੇ ਹਾਕਮਾਂ ਦੀਆਂ ਪੂੰਜੀਪਤੀਆਂ ਦੇ ਹਿੱਤ ਪੂਰਨ ਵਾਲੀਆ ਨੀਤੀਆਂ ਵਿਰੁੱਧ 12 ਫਰਵਰੀ ਨੂੰ ਹੋਈ ਦੇਸ਼ ਵਿਆਪੀ ਹੜਤਾਲ ਨੂੰ ਵੱਡਾ ਸਮਰੱਥਨ ਦੇ ਕੇ ਕਾਮਯਾਬ ਕਰਨ ਲਈ ਬਿਜਲੀ ਕਾਮਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬੁਲਾਰਿਆਂ ਨੇ 19 ਫ਼ੀਸਦੀ ਮਹਿੰਗਾਈ ਭੱਤਾ ਜਾਰੀ ਨਾ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਤੋਂ ਟਾਲਾ ਵੱਟਣ ਸਮੇਤ ਕੱਚੇ ਕਾਮੇ ਪੱਕੇ ਨਾਂ ਕਰਨ ਲਈ ਪੰਜਾਬ ਸਰਕਾਰ ਦੀ ਤਿੱਖੀ ਨੁਕਤਾਚੀਨੀ ਕੀਤੀ। ਅਖੀਰ ‘ਚ ਬਲਜਿੰਦਰ ਕੌਰ ਵਲੋਂ ਪੁਰਾਣੀ ਸਰਕਲ ਕਮੇਟੀ ਭੰਗ ਕਰਨ ਉਪਰੰਤ ਸੂਬਾ ਪ੍ਰਧਾਨ ਗੰਡੀਵਿੰਡ ਨੇ ਗਿਆਰਾਂ ਮੈਂਬਰੀ ਨਵੀਂ ਕਮੇਟੀ ਦਾ ਪੈਨਲ ਹਾਜਰੀਨ ਸਾਹਮਣੇ ਪੇਸ਼ ਕੀਤਾ। ਜਿਸ ਵਿਚ ਸਰਪ੍ਰਸਤ ਬਲਜਿੰਦਰ ਸਿੰਘ ਪਲਾਸੌਰ, ਪ੍ਰਧਾਨ ਕੁਲਵਿੰਦਰ ਸਿੰਘ ਬਾਗੜੀਆਂ, ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਪੱਟੀ, ਮੀਤ ਪ੍ਰਧਾਨ ਮੇਜਰ ਸਿੰਘ ਨਾਗੋਕੇ, ਗੁਰਨਾਮ ਸਿੰਘ ਪੰਡੋਰੀ ਗੋਲਾ, ਸਕੱਤਰ ਪੂਰਨ ਦਾਸ, ਮੀਤ ਸਕੱਤਰ ਤਰਜੀਤ ਸਿੰਘ ਨਾਗੋਕੇ, ਖਜ਼ਾਨਚੀ ਲਖਵਿੰਦਰ ਸਿੰਘ ਬਹਿਲਾ, ਸਹਾਇਕ ਖਜ਼ਾਨਚੀ ਬਚਿੱਤਰ ਸਿੰਘ ਖੇਲਾ, ਜਥੇਬੰਦਕ ਸਕੱਤਰ ਲਵਜੋਤ ਸਿੰਘ ਖਹਿਰਾ, ਆਡੀਟਰ ਅੰਸ਼ਦੀਪ ਕੌਰ ਦੇ ਨਾਮ ਬਤੌਰ ਅਹੁਦੇਦਾਰਾਂ ਦੇ ਰੂਪ ਵਿਚ ਹਾਜਰੀਨ ਨੇ ਨਾਅਰਿਆਂ ਦੀ ਗੂੰਜ ਵਿਚ ਪ੍ਰਵਾਨ ਕੀਤੇ। ਅਖੀਰ ਚ ਨਵੀਂ ਚੁਣੀ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਬਾਗੜੀਆਂ ਨੇ ਨਵੀਂ ਚੁਣੀ ਕਮੇਟੀ ਦੀ ਤਰਫੋਂ ਜਥੇਬੰਦੀ ਦੇ ਕੰਮ ਨੂੰ ਪੂਰੀ ਤਨਦੇਹੀ ਨਾਲ ਕਰਨ ਦਾ ਹਾਜਰੀਨ ਨੂੰ ਭਰੋਸਾ ਦਿੱਤਾ। ਉਪਰੰਤ ਚੁਣੇ ਗਏ ਅਹੁਦੇਦਾਰਾਂ ਦਾ ਸੀਨੀਅਰ ਲੀਡਰਸ਼ਿਪ ਨੇ ਹਾਰ ਪਾ ਕੇ ਸਨਮਾਨ ਕੀਤਾ।