ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਰੂਬੀ ਮਹਿਰਾ
ਗੰਭੀਰ ਹਾਲਤ ’ਚ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਰੂਬੀ ਮਹਿਰਾ, ਪੁਲਿਸ ਨੇ ਦਰਜ ਕੀਤਾ ਕੇਸ
Publish Date: Sun, 22 Feb 2026 05:47 PM (IST)
Updated Date: Sun, 22 Feb 2026 05:48 PM (IST)

ਬੱਲੂ ਮਹਿਤਾ/ਕੇਪੀ ਗਿੱਲ•ਪੰਜਾਬੀ ਜਾਗਰਣ, ਪੱਟੀ/ਕੈਰੋਂ ਕਸਬਾ ਪੱਟੀ ’ਚ ਸ਼ਨਿਚਰਵਾਰ ਸ਼ਾਮ ਨੂੰ ਵਾਪਰੇ ਗੋਲੀ ਕਾਂਡ ’ਚ ਜ਼ਖਮੀਂ ਹੋਈ ਦੋ ਮਹੀਨੇ ਪਹਿਲਾਂ ਵਿਆਹੀ ਰੂਬੀ ਮਹਿਰਾ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਕਿਉਂਕਿ ਉਸ ਨੂੰ ਬਹੁਤ ਨਜ਼ਦੀਕ ਤੋਂ ਤਿੰਨ ਗੋਲੀਆਂ ਮਾਰੀਆਂ ਗਈਆਂ ਸਨ। ਦੂਜੇ ਪਾਸੇ ਥਾਣਾ ਸਿਟੀ ਪੱਟੀ ਦੀ ਪੁਲਿਸ ਸਰੇ ਰਾਹ ਵਿਆਹੁਤਾ ਨੂੰ ਗੋਲੀਆਂ ਮਾਰਨ ਵਾਲੇ ਨੌਜਵਾਨ ਖਿਲਾਫ ਰੂਬੀ ਦੇ ਪਤੀ ਦੀ ਸ਼ਿਕਾਇਤ ਉੱਪਰ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਚਲਾਉਣ ਵਾਲਾ ਰੂਬੀ ਨਾਲ ਵਿਆਹ ਕਰਵਾਉਣ ਦਾ ਇੱਛੁਕ ਸੀ ਅਤੇ ਉਸਦਾ ਕਿਤੇ ਹੋਰ ਵਿਆਹ ਹੋਣ ਦੀ ਰੰਜਿਸ਼ ਤਹਿਤ ਉਸ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਫਿਲਹਾਲ ਪੁਲਿਸ ਉਸਦੀ ਗ੍ਰਿਫਤਾਰੀ ਲਈ ਕਾਰਵਾਈ ਕਰ ਰਹੀ ਹੈ। ਦੱਸਣਯੋਗ ਕਿ ਪੱਟੀ ਦੇ ਪਾਸ਼ ਇਲਾਕੇ ਵਜੋਂ ਜਾਣੇ ਜਾਂਦੇ ਗਾਰਡਨ ਕਾਲੋਨੀ ’ਚ ਚਿੱਟੇ ਦਿਨ ਵਾਪਰੀ ਗੋਲੀਬਾਰੀ ਦੀ ਉਕਤ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਹਮਲਾਵਰ ਪੂਰੀ ਤਰ੍ਹਾਂ ਬੇਖੌਫ ਹੋ ਕੇ ਇਸ ਵਾਰਦਾਤ ਨੂੰ ਅੰਜਮ ਦੇ ਰਿਹਾ ਹੈ। ਉਕਤ ਨਵ ਵਿਆਹੁਤਾ ਜੋ ਐਕਟਿਵਾ ’ਤੇ ਸਵਾਰ ਹੋ ਕੇ ਆਪਣੇ ਪਤੀ ਸਮੇਤ ਦਵਾਈ ਲੈ ਕੇ ਘਰ ਪਰਤ ਰਹੀ ਸੀ। ਉਸਦੇ ਘਰ ਤੋਂ ਥੋੜ੍ਹੀ ਦੂਰ ਐਕਟਿਵਾ ’ਤੇ ਆਏ ਇਕ ਨੌਜਵਾਨ ਨੇ ਉਨ੍ਹਾਂ ਦਾ ਰਾਹ ਰੋਕਿਆ ਅਤੇ ਰੂਬੀ ਮਹਿਰਾ ਦੇ ਪਤੀ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਰੂਬੀ ਮਹਿਰਾ ਉਸ ਨੂੰ ਵਾਰ ਵਾਰ ਰੋਕਦੀ ਰਹੀ ਪਰ ਜਦੋਂ ਉਹ ਨਾ ਹਟਿਆ ਤਾਂ ਲੜਕੀ ਡਰ ਕੇ ਉੱਥੋਂਔ ਭੱਜਣ ਲੱਗੀ। ਪਰ ਹਮਲਾਵਰ ਨੇ ਉਸਦਾ ਪਿੱਛਾ ਕਰਕੇ ਪਿਸਟਲ ਕੱਢਿਆ ਤੇ ਬਿਲਕੁਲ ਨੇੜਿਓਂ ਇਕ ਗੋਲੀ ਉਸਦੇ ਮੂੰਹ ’ਤੇ ਮਾਰ ਦਿੱਤੀ। ਜਿਸ ਕਾਰਨ ਉਹ ਜ਼ਖਮੀਂ ਹੋ ਕੇ ਉੱਥੇ ਹੀ ਡਿੱਗ ਪਈ। ਉਕਤ ਨੌਜਵਾਨ ਨੇ ਇਕ ਹੋਰ ਗੋਲੀ ਉਸਦੇ ਮਾਰ ਦਿੱਤੀ ਤੇ ਉਹ ਚੀਕਦੀ ਰਹੀ। ਦੋ ਗੋਲੀਆਂ ਮਾਰਨ ਤੋਂ ਬਾਅਦ ਵੀ ਹਮਲਾਵਰ ਜਦੋਂ ਇਕ ਹੋਰ ਗੋਲੀ ਉਸ ਨੂੰ ਮਾਰਨ ਲੱਗਾ ਤਾਂ ਉਸਦੇ ਹਥਿਆਰ ਨੇ ਕੰਮ ਨਾ ਕੀਤਾ। ਜਿਸ ਤੋਂ ਬਾਅਦ ਉਹ ਆਪਣੀ ਐਕਟਿਵਾ ਕੋਲ ਆ ਗਿਆ ਤੇ ਹਥਿਆਰ ਨੂੰ ਕਾਕ ਕਰਨ ਦੀ ਕੋਸ਼ਿਸ਼ ਕਰਦਾ ਸੀਸੀਟੀਵੀ ਵਿਚ ਕੈਦ ਹੋਇਆ। ਦਿਨ ਦਿਹਾੜੇ ਉਹ ਕਈ ਮਿਨਟ ਆਪਣੇ ਪਿਸਟਲ ਨੂੰ ਦੁਬਾਰਾ ਚੱਲਣਯੋਗ ਕਰਨ ’ਚ ਰੁੱਝਾ ਰਿਹਾ ਹੈ ਕੁਝ ਦੇਰ ਬਾਅਦ ਫਿਰ ਜ਼ਖਮੀਂ ਹਾਲਤ ’ਚ ਜ਼ਮੀਨ ’ਤੇ ਡਿੱਗੀ ਰੂਬੀ ਕੋਲ ਜਾ ਕੇ ਇਕ ਹੋਰ ਗੋਲੀ ਉਸਨੂੰ ਨੇੜੇ ਤੋਂ ਮਾਰ ਦਿੱਤੀ। ਤਿੰਨ ਗੋਲੀਆਂ ਮਾਰਨ ਤੋਂ ਬਾਅਦ ਹਮਲਾਵਰ ਉਥੋਂ ਫਰਾਰ ਹੋ ਗਿਆ। ਕਿਸੇ ਹੋਰ ਨਾਲ ਵਿਆਹ ਕਰਨ ਕਰ ਕੇ ਰੂਬੀ ਤੋਂ ਨਾਰਾਜ਼ ਸੀ ਕਰਨ ਰੂਬੀ ਮਹਿਰਾ ਉੱਪਰ ਜਾਨਲੇਵਾ ਹਮਲਾ ਕਰਨ ਵਾਲੇ ਦੀ ਪਛਾਣ ਕਰਨ ਪੁੱਤਰ ਠਾਕੁਰ ਪ੍ਰਸ਼ਾਦ ਵਜੋਂ ਹੋਈ ਹੈ। ਰੂਬੀ ਦੇ ਪਤੀ ਅੰਸ਼ ਗਰੋਵਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਹੰਗਰੀ ਪਵਾਇੰਟ ਰੈਸਟੋਰੈਂਟ ’ਚ ਬਤੌਰ ਕੁੱਕ ਕੰਮ ਕਰਦਾ ਹੈ। ਉਸਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਉਸਦਾ ਵਿਆਹ ਰੂਬੀ ਨਾਲ ਹੋਇਆ ਸੀ। ਪਰ ਕਰਨ ਪੁੱਤਰ ਠਾਕੁਰ ਪ੍ਰਸ਼ਾਦ ਨੇ ਉਸਦੀ ਸੱਸ ਸਰਬਜੀਤ ਕੌਰ ਜਾ ਕੇ ਕਿਹਾ ਕਿ ਉਸਨੇ ਰੂਬੀ ਨਾਲ ਵਿਆਹ ਕਰਵਾਉਣਾ ਸੀ। ਉਸਦਾ ਵਿਆਹ ਕਿਤੇ ਹੋਰ ਕਿਉਂ ਕੀਤਾ ਹੈ। ਉਸਦੀ ਸੱਸ ਜਦੋਂ ਉਲਾਂਭਾ ਲੈ ਕੇ ਕਰਨ ਦੀ ਮਾਤਾ ਜਸਬੀਰ ਕੌਰ ਕੋਲ ਗਈ ਤਾਂ ਅੱਗੋਂ ਉਸਨੇ ਵੀ ਇਹੋ ਕਿਹਾ ਕਿ ਕਰਨ ਰੂਬੀ ਨੂੰ ਪਸੰਦ ਕਰਦਾ ਸੀ। ਇਸ ਲਈ ਉਸਦੇ ਮਨ ਵਿਚ ਜੋ ਆਇਆ ਉਹ ਕਰੇਗਾ। ਇਸੇ ਰੰਜਿਸ਼ ਤਹਿਤ ਸ਼ਨਿਚਰਵਾਰ ਨੂੰ ਕਰਨ ਨੇ ਉਨ੍ਹਾਂ ਨੂੰ ਉਸ ਵੇਲੇ ਘੇਰ ਲਿਆ ਜਦੋਂ ਸ਼ਾਮ ਕਰੀਬ ਪੰਜ ਵਜੇ ਉਹ ਪੀਰਾਂ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਿਹਾ ਸੀ। ਪਹਿਲਾਂ ਉਸਨੇ ਰੂਬੀ ਨਾਲ ਵਿਆਹ ਕਰਵਾਉਣ ਕਰਕੇ ਉਸਦੀ ਕੁੱਟਮਾਰ ਕੀਤੀ ਅਤੇ ਜਦੋਂ ਰੂਬੀ ਨੇ ਬਚਾਅ ਲਈ ਰੌਲਾ ਪਾਇਆ ਤਾਂ ਕਰਨ ਨੇ ਉਸਦੇ ਗੋਲੀਆਂ ਮਾਰ ਦਿੱਤੀਆਂ। ਕਰਨ ਨੇ ਦੱਸਿਆ ਕਿ ਇਸ ਘਟਨਾਕ੍ਰਮ ਵਿਚ ਕਰਨ ਦੀ ਮਾਤਾ ਵੀ ਪੂਰੀ ਤਰ੍ਹਾਂ ਸਹਿਮਤ ਹੈ। ਥਾਣਾ ਸਿਟੀ ਪੱਟੀ ਦੇ ਮੁਖੀ ਇੰਸਪੈਕਟਰ ਕਵਲਜੀਤ ਰਾਏ ਨੇ ਦੱਸਿਆ ਕਿ ਅੰਸ਼ ਗਰੋਵਰ ਦੇ ਬਿਆਨਾਂ ’ਤੇ ਕਰਨ ਪੁੱਤਰ ਠਾਕੁਰ ਪ੍ਰਸ਼ਾਦ ਅਤੇ ਉਸਦੀ ਮਾਤਾ ਜਸਬੀਰ ਕੌਰ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਸਬ ਇੰਸਪੈਕਟਰ ਰਵੀ ਸ਼ੰਕਰ ਦੀ ਅਗਵਾਈ ਹੇਠ ਬਣਾਈ ਗਈ ਟੀਮ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।