ਠੇਕੇਦਾਰ ਨੇ ਸਫਾਈ ਸੇਵਕ ਕੱਢੇ, ਜਥੇਬੰਦੀਆਂ ਘੇਰਿਆ ਨਗਰ ਪੰਚਾਇਤ ਦਫਤਰ
ਠੇਕੇਦਾਰ ਨੇ ਸਫਾਈ ਸੇਵਕਾਂ ਨੂੰ ਕੱਢਿਆ, ਕਿਸਾਨ ਜਥੇਬੰਦੀਆਂ ਘੇਰਿਆ ਨਗਰ ਪੰਚਾਇਤ ਦਫਤਰ
Publish Date: Fri, 20 Feb 2026 07:26 PM (IST)
Updated Date: Sat, 21 Feb 2026 04:13 AM (IST)

ਸੰਦੀਪ ਮਹਿਤਾ•, ਪੰਜਾਬੀ ਜਾਗਰਣ, ਖੇਮਕਰਨ : ਨਗਰ ਪੰਚਾਇਤ ਖੇਮਕਰਨ ਵਲੋਂ ਸ਼ਹਿਰ ਅੰਦਰ ਸਫ਼ਾਈ ਕਰਾਉਣ ਵਾਸਤੇ ਠੇਕਾ ਸਿਸਟਮ ਰਾਹੀਂ ਸਾਈਮਨ ਕੋਆਪਰੇਟਿਵ ਐੱਲਐਂਡਸੀ ਸੁਸਾਇਟੀ ਨੂੰ ਠੇਕਾ ਦਿੱਤਾ ਗਿਆ ਹੈ। ਪਰ ਪਿਛਲੇ ਦਿਨੀਂ ਸਫ਼ਾਈ ਸੇਵਕਾਂ ਵੱਲੋਂ ਠੇਕੇਦਾਰ ਦੀਆਂ ਵਧੀਕੀਆਂ ਦਾ ਇਕ ਵੀਡੀਓ ਰਾਹੀਂ ਖੁਲਾਸਾ ਕੀਤਾ ਗਿਆ ਸੀ। ਜਿਸ ਦੇ ਮੱਦੇਨਜ਼ਰ ਠੇਕੇਦਾਰ ਵੱਲੋਂ ਕਥਿਤ ਧੱਕੇਸ਼ਾਹੀ ਕਰਦਿਆਂ ਦੋ ਸਫ਼ਾਈ ਸੇਵਕਾਂ ਨੂੰ ਹਟਾ ਦਿੱਤਾ। ਜਿਸਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਸ਼ਹਿਰ ਖੇਮਕਰਨ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਠੇਕੇਦਾਰ ਵੱਲੋਂ ਕੱਢੇ ਗਏ ਦੋ ਸਫ਼ਾਈ ਸੇਵਕਾਂ ਦੇ ਹੱਕ ਵਿਚ ਨਾਅਰਾ ਮਾਰਦਿਆਂ ਦਫ਼ਤਰ ਨਗਰ ਪੰਚਾਇਤ ਖੇਮਕਰਨ ਦੇ ਮੂਹਰੇ ਧਰਨਾ ਮਾਰ ਕੇ ਠੇਕੇਦਾਰ ਦੇ ਵਿਰੁੱਧ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਅਨੂਪ ਸਿੰਘ ਭੋਲਾ, ਕਾਮਰੇਡ ਹਰਜਿੰਦਰ ਸਿੰਘ ਭੰਬਾ, ਗੁਰਦੇਵ ਸਿੰਘ ਫੱਕੜ ਜ਼ਿਲ੍ਹਾ ਆਗੂ ਨੇ ਦੱਸਿਆਂ ਕਿ ਸ਼ਹਿਰ ਖੇਮਕਰਨ ’ਚ ਕੁਲ 13 ਵਾਰਡਾਂ ਹਨ। ਨਗਰ ਪੰਚਾਇਤ ਖੇਮਕਰਨ ਸ਼ਹਿਰ ਦੀ ਸਫ਼ਾਈ ਕਰਾਉਣ ਵਾਸਤੇ ਦੋ ਲੱਖ 45 ਹਜ਼ਾਰ ਮਹੀਨੇ ਠੇਕੇਦਾਰ ਨੂੰ ਅਦਾ ਕਰ ਰਿਹਾ ਹੈ। ਪਰ ਠੇਕੇਦਾਰ ਸ਼ਹਿਰ ਅੰਦਰ ਸਫ਼ਾਈ ਕਰਾਉਣ ਵਿਚ ਫੇਲ੍ਹ ਸਾਬਿਤ ਹੋ ਰਿਹਾ ਹੈ। ਗਲੀਆਂ ਵਿਚ ਪਿਆ ਕੂੜਾ ਕਰਕਟ ਅਤੇ ਬਾਜ਼ਾਰਾਂ ਅੰਦਰ ਗਾਰ ਕਿਸੇ ਭਿਆਨਕ ਬਿਮਾਰੀ ਨੂੰ ਸੱਦਾ ਦੇ ਰਹੀ ਹੈ। ਸਰਕਾਰੀ ਹਿਦਾਇਤਾਂ ਮੁਤਾਬਿਕ ਠੇਕੇਦਾਰ ਵਲੋਂ 19 ਸਫ਼ਾਈ ਸੇਵਕਾਂ ਨੂੰ ਰੱਖਣਾ ਜ਼ਰੂਰੀ ਹੈ। ਪਰ ਠੇਕੇਦਾਰ ਵਲੋਂ ਘੱਟ ਸਫ਼ਾਈ ਸੇਵਕ ਰੱਖ ਕੇ ਕੰਮ ਚਲਾਇਆ ਜਾ ਰਿਹਾ ਹੈ। ਜਿਸ ਨਾਲ ਸਰਕਾਰ ਦੇ ਪੈਸੇ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਫਾਈ ਸੇਵਕਾਂ ਨੂੰ ਸੱਚ ਬੋਲਣ ਦੀ ਸਜ਼ਾ ਦਿੱਤੀ ਗਈ ਹੈ ਤੇ ਠੇਕੇਦਾਰ ਵਲੋਂ ਸਫ਼ਾਈ ਸੇਵਕਾਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਕ ਹਫ਼ਤੇ ਦੇ ਅੰਦਰ-ਅੰਦਰ ਸਫਾਈ ਸੇਵਕਾਂ ਨੂੰ ਦੁਬਾਰਾ ਬਹਾਲ ਨਾ ਕੀਤਾ ਗਿਆ ਤਾਂ ਕਿਸਾਨ ਜਥੇਬੰਦੀਆਂ ਨਗਰ ਪੰਚਾਇਤ ਖੇਮਕਰਨ ਦੇ ਦਫ਼ਤਰ ਮੂਹਰੇ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ। ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਮੇਜਰ ਸਿੰਘ ਚੱਠੂ, ਨੰਬਰਦਾਰ ਪਰਗਟ ਸਿੰਘ, ਹਰਜੀਤ ਸਿੰਘ, ਜੋਗਿੰਦਰ ਸਿੰਘ, ਸਲਵਿੰਦਰ ਸਿੰਘ, ਰੁਪਿੰਦਰ ਸਿੰਘ ਭੰਬਾ, ਜਸਵੰਤ ਸਿੰਘ ਅਤੇ ਵੱਡੀ ਗਿਣਤੀ ਵਿਚ ਕਾਮਰੇਡ ਹਾਜ਼ਰ ਸਨ। ----- ਕੀ ਕਹਿੰਦੇ ਹਨ ਈਓ ਅਤੇ ਠੇਕੇਦਾਰ ਇਸ ਮੁਸ਼ਕਿਲ ਨੂੰ ਲੈ ਕੇ ਜਦੋਂ ਕਾਰਜ ਸਾਧਕ ਅਫ਼ਸਰ ਖੇਮਕਰਨ ਧਰਮਪਾਲ ਸਿੰਘ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਨੂੰ ਇਕ ਹਫਤੇ ਦੇ ਅੰਦਰ ਹੱਲ ਕਰਵਾ ਦਿੱਤਾ ਜਾਵੇਗਾ। ਇਸ ਸਬੰਧੀ ਜਦੋਂ ਠੇਕੇਦਾਰ ਸ਼ੇਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੋਸ਼ ਲਗਾਉਂਦਿਆਂ ਆਖਿਆ ਕਿ ਡਿਊਟੀ ਵਿਚ ਕੁਤਾਹੀ ਵਰਤਣ ਕਰਕੇ ਇਨ੍ਹਾਂ ਦੋ ਸਫ਼ਾਈ ਸੇਵਕਾਂ ਨੂੰ ਹਟਾ ਦਿੱਤਾ ਗਿਆ ਹੈ।