ਆਲ ਓਪਨ ਹਾਕੀ ਟੂਰਨਾਮੈਂਟ ਦਾ ਆਗਾਜ਼
ਸੰਤ ਬਾਬਾ ਤਾਰਾ ਸਿੰਘ ਸਪੋਰਟਸ ਅਕੈਡਮੀ ਸਰਹਾਲੀ ਨੇ ਕੀਤਾ ਆਲ ਓਪਨ ਹਾਕੀ ਟੂਰਨਾਮੈਂਟ ਦਾ ਆਗਾਜ਼
Publish Date: Fri, 20 Feb 2026 06:03 PM (IST)
Updated Date: Sat, 21 Feb 2026 04:10 AM (IST)

ਸੰਤ ਬਾਬਾ ਤਾਰਾ ਸਿੰਘ ਤੇ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਨੂੰ ਸਮਰਿਪਤ ਹੈ ਟੂਰਨਾਮੈਂਟ ਲਵਦੀਪ ਦੇਵਗਨ•, ਪੰਜਾਬੀ ਜਾਗਰਣ, ਸਰਹਾਲੀ ਕਲਾਂ : ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਦੀ ਸਰਪ੍ਰਸਤੀ ਹੇਠ, ਸੰਤ ਬਾਬਾ ਤਾਰਾ ਸਿੰਘ ਸਪੋਰਟਸ ਅਕੈਡਮੀ ਅਤੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਦੇ ਮੈਦਾਨ ਵਿਚ ਅੱਜ ਤਿੰਨ ਦਿਨਾਂ ਆਲ ਓਪਨ ਹਾਕੀ ਟੂਰਨਾਮੈਂਟ ਸ਼ੁਰੂ ਹੋਇਆ। 20 ਤੋਂ 22 ਫਰਵਰੀ ਤੱਕ ਚੱਲਣ ਵਾਲਾ ਇਹ ਟੂਰਨਾਮੈਂਟ ਦੋ ਮਹਾਨ ਸ਼ਖਸੀਅਤਾਂ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਅਤੇ ਦੇਸ਼ ਭਗਤ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੀ ਨਿੱਘੀ ਯਾਦ ਨੂੰ ਸਮਰਪਿਤ ਹੈ। ਟੂਰਨਾਮੈਂਟ ਦਾ ਰਸਮੀ ਉਦਘਾਟਨ ਅੱਜ ਸੰਤ ਬਾਬਾ ਸੁੱਖਾ ਸਿੰਘ ਵੱਲੋਂ ਕੀਤਾ ਗਿਆ, ਜਿਨ੍ਹਾਂ ਦੀ ਅਧਿਆਤਮਿਕ ਹਾਜ਼ਰੀ ਨੇ ਇਸ ਸਮਾਗਮ ਦੀ ਮਹੱਤਤਾ ਨੂੰ ਹੋਰ ਵਧਾ ਦਿੱਤਾ ਅਤੇ ਸਮੂਹ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਟੂਰਨਾਮੈਂਟ ਵਿਚ ਮੋਗਾ, ਕਰਨਾਲ, ਬਾਠਲ, ਢੋਟੀਆਂ, ਚੋਹਲਾ ਸਾਹਿਬ, ਮਹਿਤਾ, ਸਰਹਾਲੀ ਸਾਹਿਬ, ਲੁਧਿਆਣਾ, ਆਰਮੀ 16 ਸਿੱਖ ਚੰਡੀਗੜ੍ਹ, ਛੇਹਰਟਾ, ਹੋਲੀ ਵਰਲਡ ਸਪੋਰਟਸ ਅਕੈਡਮੀ, ਬਾਬਾ ਬਕਾਲਾ ਸਮੇਤ ਵੱਖ-ਵੱਖ ਸ਼ਹਿਰਾਂ ਅਤੇ ਸੰਸਥਾਵਾਂ ਦੀਆਂ 16 ਟੀਮਾਂ ਬੜੇ ਉਤਸ਼ਾਹ ਨਾਲ ਭਾਗ ਲੈ ਰਹੀਆਂ ਹਨ। ਖਿਡਾਰੀਆਂ ਦੀ ਹੌਸਲਾ ਅਫਜ਼ਾਈ ਲਈ ਭਾਰੀ ਨਕਦ ਇਨਾਮਾਂ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿਚ ਪਹਿਲਾ ਇਨਾਮ ਜੇਤੂ ਨੂੰ 71 ਹਜ਼ਾਰ ਰੁਪਏ ਅਤੇ ਟਰਾਫੀ, ਦੂਜਾ ਇਨਾਮ ਉਪ ਜੇਤੂ 51 ਹਜ਼ਾਰ ਰੁਪਏ ਅਤੇ ਟਰਾਫੀ, ਸੈਮੀਫਾਈਨਲਿਸਟ ਦੋਵਾਂ ਟੀਮਾਂ ਨੂੰ 11-11 ਹਜ਼ਾਰ, ਭਾਗ ਲੈਣ ਵਾਲੀਆਂ ਬਾਕੀ 12 ਟੀਮਾਂ ਨੂੰ 1100 ਰੁਪਏ ਪ੍ਰਤੀ ਟੀਮ ਇਨਾਮ ਦਿੱਤਾ ਜਾਵੇਗਾ। ਹਾਕੀ ਦੇ ਨਾਲ-ਨਾਲ ਇਸ ਖੇਡ ਮੇਲੇ ਵਿਚ ਐਥਲੈਟਿਕਸ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਲੜਕਿਆਂ ਲਈ 100 ਮੀਟਰ, 400 ਮੀਟਰ ਅਤੇ 400 ਮੀਟਰ ਰਿਲੇਅ ਰੇਸ, ਜਦਕਿ ਲੜਕੀਆਂ ਲਈ 100 ਮੀਟਰ ਅਤੇ 400 ਮੀਟਰ ਦੀਆਂ ਦੌੜਾਂ ਰੱਖੀਆਂ ਗਈਆਂ ਹਨ। ਇਸ ਤੋਂ ਇਲਾਵਾ ਸਲੋਅ ਸਾਈਕਲਿੰਗ ਲੜਕੇ, ਲੰਬੀ ਛਾਲ ਲੜਕੇ, ਪੋਟੈਟੋ ਰੇਸ ਲੜਕੀਆਂ ਅਤੇ ਬਜ਼ੁਰਗਾਂ ਵੈਟਰਨਜ਼ ਦੀ ਦੌੜ ਇਸ ਖੇਡ ਉਤਸਵ ਨੂੰ ਹੋਰ ਵੀ ਦਿਲਚਸਪ ਬਣਾ ਰਹੀ ਹੈ। ਖੇਡਾਂ ਵਿਚ ਪੇਂਡੂ ਰੰਗ ਭਰਨ ਲਈ ਬੈਲ ਗੱਡੀਆਂ ਦੀ ਦੌੜ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇਗੀ। ਉਮੀਦ ਹੈ ਕਿ ਇਹ ਟੂਰਨਾਮੈਂਟ ਸਰਹਾਲੀ ਖੇਤਰ ਵਿਚ ਖੇਡ ਭਾਵਨਾ, ਵਿਰਾਸਤ ਅਤੇ ਭਾਈਚਾਰਕ ਸਾਂਝ ਦਾ ਇਕ ਸ਼ਾਨਦਾਰ ਪ੍ਰਤੀਕ ਬਣੇਗਾ। ਇਸ ਮੌਕੇ ਹਰਜਿੰਦਰ ਸਿੰਘ ਆਨਰੇਰੀ ਸਕੱਤਰ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਪ੍ਰਬੰਧਕੀ ਕਮੇਟੀ, ਡਾ. ਜਸਬੀਰ ਸਿੰਘ ਪ੍ਰਿੰਸੀਪਲ, ਕੁਲਦੀਪ ਸਿੰਘ ਪੰਚਮ ਫਿਲਿੰਗ ਸਟੇਸ਼ਨ, ਨਰਿੰਦਰ ਕੌਰ, ਬਲਜਿੰਦਰ ਸਿੰਘ ਫੀਲੋ, ਗੁਰਲਾਲ ਸਿੰਘ ਕੋਚ, ਗੁਰਪ੍ਰੀਤ ਸਿੰਘ ਕੋਚ, ਲਖਵਿੰਦਰ ਸਿੰਘ, ਧਰਮਿੰਦਰ ਸਿੰਘ, ਸਰਬਜੀਤ ਸਿੰਘ, ਅਮਰਬੀਰ ਸਿੰਘ ਪਟਵਾਰੀ, ਵਰਿੰਦਰਪਾਲ ਸਿੰਘ, ਗੁਰਬਿੰਦਰ ਸਿੰਘ, ਕੁਲਵਿੰਦਰ ਸਿੰਘ, ਸਤਨਾਮ ਸਿੰਘ, ਅਰਜਨ ਸਿੰਘ ਸੰਧੂ ਸਮਾਜ ਸੇਵੀ ਅਤੇ ਸੁਖਮਨ ਸਿੰਘ ਅਤੇ ਹੋਰ ਕਈ ਸ਼ਖਸੀਅਤਾਂ ਹਾਜ਼ਰ ਸਨ।