ਮੰਤਰੀ ਈਟੀਓ ਵਿਰੁੱਧ ਟਿੱਪਣੀ ’ਤੇ ਆਪ ਨੇ ਘੇਰੀ ਕਾਂਗਰਸ, ਬਾਜਵਾ ਦਾ ਪੁਤਲਾ ਫੂਕਿਆ
ਮੰਤਰੀ ਈਟੀਓ ਵਿਰੁੱਧ ਟਿੱਪਣੀ ’ਤੇ ਆਪ ਨੇ ਘੇਰੀ ਕਾਂਗਰਸ, ਪ੍ਰਤਾਪ ਸਿੰਘ ਬਾਜਵਾ ਦਾ ਪੁਤਲਾ ਫੂਕਿਆ
Publish Date: Fri, 13 Feb 2026 08:16 PM (IST)
Updated Date: Sat, 14 Feb 2026 04:15 AM (IST)

ਬਾਜਵਾ ਦੀ ਟਿੱਪਣੀ ਮੰਤਰੀ ਵਿਰੁੱਧ ਨਹੀਂ, ਦਲਿਤਾਂ ਅਤੇ ਮਿਹਨਤਕਸ਼ ਲੋਕਾਂ ਦੇ ਮਾਣ-ਸਨਮਾਨ ’ਤੇ ਹਮਲਾ: ਮੰਤਰੀ ਭੁੱਲਰ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ, ਤਰਨਤਾਰਨ : ਆਮ ਆਦਮੀ ਪਾਰਟੀ ਵੱਲੋਂ ਕਾਂਗਰਸੀ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵਿਰੁੱਧ ਕੀਤੀਆਂ ਗਈਆਂ ਟਿੱਪਣੀਆਂ ਨੂੰ ਸ਼ਰਮਨਾਕ, ਜਾਤੀਵਾਦੀ ਅਤੇ ਅਪਮਾਨਜਨਕ ਕਰਾਰ ਦਿੰਦਿਆਂ ਉਨ੍ਹਾਂ ਖ਼ਿਲਾਫ਼ ਸੂਬੇ ਭਰ ਵਿਚ ਪ੍ਰਦਰਸ਼ਨ ਕਰਨ ਦੇ ਉਲੀਕੇ ਪ੍ਰੋਗਰਾਮ ਦੇ ਤਹਿਤ ਤਰਨਤਾਰਨ ਵਿਚ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਆਪ ਆਗੂਆਂ ਤੇ ਵਲੰਟੀਅਰਾਂ ਨੇ ਬਾਜਵਾ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪਾਰਟੀ ਆਗੂਆਂ ਨੇ ਕਿਹਾ ਇਹ ਸਿਰਫ਼ ਇਕ ਮੰਤਰੀ ਦਾ ਹੀ ਨਹੀਂ, ਸਗੋਂ ਸਮੁੱਚੇ ਦਲਿਤ ਭਾਈਚਾਰੇ ਅਤੇ ਇੱਜ਼ਤ ਨਾਲ ਰੋਜ਼ੀ-ਰੋਟੀ ਕਮਾਉਣ ਵਾਲੇ ਮਿਹਨਤਕਸ਼ ਲੋਕਾਂ ਅਤੇ ਮਜ਼ਦੂਰਾਂ ਦਾ ਅਪਮਾਨ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇਸ ਮੌਕੇ ਕਿਹਾ ਕਿ ਬਾਜਵਾ ਅਤੇ ਕਾਂਗਰਸ ਲੀਡਰਸ਼ਿਪ ਦਲਿਤ ਭਾਈਚਾਰੇ ਅਤੇ ਸਾਰੇ ਮਿਹਨਤਕਸ਼ ਲੋਕਾਂ ਤੋਂ ਜਨਤਕ ਤੌਰ ’ਤੇ ਮੁਆਫੀ ਮੰਗਣ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਦਲਿਤ ਵਿਰੋਧੀ ਮਾਨਸਿਕਤਾ ਇਕ ਵਾਰ ਫਿਰ ਪੰਜਾਬ ਦੇ ਲੋਕਾਂ ਸਾਹਮਣੇ ਨਸ਼ਰ ਹੋ ਗਈ ਹੈ। ਪਰ ਸੂਬੇ ਵਿਚ ਕਿਸੇ ਨੂੰ ਵੀ ਦਲਿਤਾਂ ਨੂੰ ਨੀਵਾਂ ਦਿਖਾਉਣ ਜਾਂ ਮਿਹਨਤਕਸ਼ ਜਮਾਤ ਦੇ ਲੋਕਾਂ ਦੀ ਇੱਜ਼ਤ ਨੂੰ ਠੇਸ ਪਹੁੰਚਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਬਾਜਵਾ ਦੀ ਭਾਸ਼ਾ ਕਾਂਗਰਸ ਪਾਰਟੀ ਦੀ ਦਲਿਤਾਂ ਪ੍ਰਤੀ ਡੂੰਘੀ ਨਫ਼ਰਤ ਅਤੇ ਹਾਸ਼ੀਏ ’ਤੇ ਪਏ ਭਾਈਚਾਰਿਆਂ ਨੂੰ ਜ਼ਲੀਲ ਕਰਨ ਦੇ ਪੁਰਾਣੇ ਇਤਿਹਾਸ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਆਪ ਸ਼ਾਸਨ, ਸਿੱਖਿਆ, ਸਿਹਤ, ਰੁਜ਼ਗਾਰ ਅਤੇ ਲੋਕ ਭਲਾਈ ਵਿਚ ਵਿਸ਼ਵਾਸ ਰੱਖਦੀ ਹੈ, ਉੱਥੇ ਬਾਜਵਾ ਵਰਗੇ ਕਾਂਗਰਸੀ ਆਗੂ ਅਜੇ ਵੀ ਉਸੇ ਜਾਗੀਰਦਾਰੂ ਅਤੇ ਜਾਤੀਵਾਦੀ ਮਾਨਸਿਕਤਾ ’ਚ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਬਾਜਵਾ ਦੀ ਟਿੱਪਣੀ ਪੰਜਾਬ ਦੇ ਉਨ੍ਹਾਂ ਮਿਹਨਤਕਸ਼ ਲੋਕਾਂ ਦਾ ਵੀ ਸਿੱਧਾ ਅਪਮਾਨ ਹੈ। ਆਪ ਆਗੂਆਂ ਨੇ ਕਿਹਾ ਕਿ ਪ੍ਰਤਾਪ ਬਾਜਵਾ ਦੀ ਜਾਤੀਵਾਦੀ ਭਾਸ਼ਾ ਪਾਰਟੀ ਦੀ ਅਧਿਕਾਰਤ ਸੋਚ ਹੈ? ਕਾਂਗਰਸ ਦੀ ਚੁੱਪ ਹੀ ਸਾਬਤ ਕਰਦੀ ਹੈ ਕਿ ਬਾਜਵਾ ਦਾ ਬਿਆਨ ਨਿੱਜੀ ਗਲਤੀ ਨਹੀਂ ਸੀ, ਸਗੋਂ ਕਾਂਗਰਸ ਪਾਰਟੀ ਦਾ ਅਸਲੀ ਚਿਹਰਾ ਅਤੇ ਮਾਨਸਿਕਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਬਾਜਵਾ ਅਤੇ ਕਾਂਗਰਸ ਲੀਡਰਸ਼ਿਪ ਬਿਨਾਂ ਸ਼ਰਤ ਮੁਆਫੀ ਨਹੀਂ ਮੰਗਦੀ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਗੁਰਵਿੰਦਰ ਸਿੰਘ ਬਹਿੜਵਾਲ, ਚੇਅਰਮੈਨ ਜਲ ਸਰੋਤ ਪ੍ਰਬੰਧਨ ਮੈਨੇਜਮੈਂਟ ਬੋਰਡ ਰਣਜੀਤ ਸਿੰਘ ਚੀਮਾ, ਚੇਅਰਮੈਨ ਨਗਰ ਸੁਧਾਰ ਟਰੱਸਟ ਤਰਨਤਾਰਨ ਰਜਿੰਦਰ ਸਿੰਘ ਉਸਮਾਂ, ਚੇਅਰਮੈਨ ਦਿਲਬਾਗ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਅੰਜੂ ਵਰਮਾ ਸਮੇਤ ਵੱਡੀ ਗਿਣਤੀ ਵਿਚ ਆਪ ਆਗੂ ਤੇ ਵਲੰਟੀਅਰ ਮੌਜੂਦ ਸਨ।