17 ਸਾਲਾ ਕੁੜੀ ਨੂੰ ਬੰਧਕ ਬਣਾ ਕੀਤਾ ਜਬਰ ਜਨਾਹ
17 ਸਾਲਾ ਕੁੜੀ ਨੂੰ ਬੰਧਕ ਬਣਾ ਕੇ ਰੱਖਣ ਦਾ ਦੋਸ਼, ਜਬਰ ਜਨਾਂਹ ਵੀ ਕੀਤਾ
Publish Date: Fri, 13 Feb 2026 07:20 PM (IST)
Updated Date: Sat, 14 Feb 2026 04:12 AM (IST)
ਇਕ ਔਰਤ ਸਣੇ ਚਾਰ ਖ਼ਿਲਾਫ਼ ਕੇਸ ਦਰਜ, ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਤਿੰਨ ਮਹੀਨਿਆਂ ਤਕ ਕਮਰੇ ’ਚ ਬੰਦਕ ਬਣਾ ਕੇ ਰੱਖਿਆ
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਚੋਹਲਾ ਸਾਹਿਬ : ਤਰਨਤਾਰਨ ਜ਼ਿਲ੍ਹੇ ਦੇ ਇਕ ਪਿੰਡ ਦੀ ਨਾਬਾਲਿਗ ਕੁੜੀ ਨੂੰ ਕਥਿਤ ਤੌਰ ’ਤੇ ਬੰਧਕ ਬਣਾ ਕੇ ਰੱਖਣ ਅਤੇ ਤਿੰਨ ਮਹੀਨੇ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ ਕੁੜੀ ਦੇ ਮਾਪਿਆਂ ਵੱਲੋਂ ਪੰਜਾਬ, ਹਰਿਆਣਾ ਹਾਈਕੋਰਟ ਦਾ ਰੁਖ ਕਰਨ ਤੋਂ ਬਾਅਦ ਲੜਕੀ ਨੂੰ ਉਥੋਂ ਲਿਆ ਕੇ ਨਾਰੀ ਨਿਕੇਤਨ ਭੇਜ ਦਿੱਤਾ ਗਿਆ।
ਉਕਤ ਲੜਕੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਸਰਬਜੀਤ ਸਿੰਘ ਦੇ ਘਰ ਉਸਦੀ ਨੂੰਹ ਸੁਖਜੀਤ ਕੌਰ ਕੋਲੋਂ ਸਿਲਾਈ ਸਿੱਖਣ ਲਈ ਜਾਂਦੀ ਸੀ। 16 ਅਕਤੂਬਰ 2024 ਨੂੰ ਸਵੇਰੇ ਦਸ ਵਜੇ ਉਹ ਸਿਲਾਈ ਸਿੱਖਣ ਲਈ ਗਈ ਅਤੇ ਸ਼ਾਮ ਨੂੰ ਜਦੋਂ ਉਹ ਵਾਪਸ ਮੁੜਨ ਲੱਗੀ ਤਾਂ ਸਰਬਜੀਤ ਸਿੰਘ ਅਤੇ ਉਸਦੇ ਲੜਕੇ ਜੋਬਨਬੀਰ ਸਿੰਘ ਨੇ ਉਸ ਨੂੰ ਘਰ ਜਾਣ ਤੋਂ ਮਨ੍ਹਾਂ ਕਰਦਿਆਂ ਵਰਗਲਾ ਕੇ ਉਥੇ ਰੱਖ ਲਿਆ ਤੇ ਇਕ ਕਮਰੇ ਵਿਚ ਬੰਦ ਕਰ ਦਿੱਤਾ। ਫਿਰ ਸਰਬਜੀਤ ਸਿੰਘ, ਜੋਬਨਬੀਰ ਸਿੰਘ ਅਤੇ ਸੁਖਜੀਤ ਕੌਰ ਨੇ ਉਸ ਨੂੰ ਗੁਰਚਰਨ ਸਿੰਘ ਪੁੱਤਰ ਬਗੀਚਾ ਸਿੰਘ ਦੇ ਘਰ ਸਫਾਈ ਕਰਨ ਵਾਸੇ ਪਿੰਡ ਭੰਗਾਲੇ ਭੇਜ ਦਿੱਤਾ। ਉਸਨੇ ਉਥੇ ਰਹਿਣ ਤੋਂ ਮਨ੍ਹਾਂ ਕੀਤਾ ਤਾਂ ਉਸ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ। ਉਸ ਕੋਲੋਂ ਕੋਰੇ ਕਾਗਜਾਂ ’ਤੇ ਜਿਥੇ ਦਸਤਖਤ ਕਰਵਾਏ ਉਥੇ ਹੀ ਗੁਰਚਰਨ ਸਿੰਘ ਉਸ ਨਾਲ ਕਥਿਤ ਤੌਰ ’ਤੇ ਤਿੰਨ ਮਹੀਨੇ ਜਬਰ ਜਨਾਹ ਵੀ ਕਰਦਾ ਰਿਹਾ। ਫਿਰ ਉਸਦੇ ਮਾਤਾ ਪਿਤਾ ਨੇ ਹਾਈਕੋਰਟ ਵਿਚ ਪਟੀਸ਼ ਦਾਇਰ ਕਰਕੇ ਉਸ ਨੂੰ ਉਥੋਂ ਲਿਆਂਦਾ। ਨਾਬਾਲਿਗ ਲੜਕੀ ਵੱਲੋਂ ਦਿੱਤੇ ਗਏ ਉਕਤ ਬਿਆਨਾਂ ਦੇ ਅਧਾਰ ’ਤੇ ਪੁਲਿਸ ਨੇ ਸਰਬਜੀਤ ਸਿੰਘ, ਜੋਬਨਬੀਰ ਸਿੰਘ, ਸੁਖਜੀਤ ਕੌਰ ਅਤੇ ਗੁਰਚਰਨ ਸਿੰਘ ਨੂੰ ਜਬਰ ਜਨਾਂਹ ਕਰਨ, ਬੰਧਕ ਬਣਾਉਣ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਦੇ ਤਹਿਤ ਥਾਣਾ ਚੋਹਲਾ ਸਾਹਿਬ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੀ ਜਾਂਚ ਸਬ ਇੰਸਪੈਕਟਰ ਰਾਣੀ ਕੌਰ ਵੱਲੋਂ ਕੀਤੀ ਜਾ ਰਹੀ ਹੈ।