ਸ਼ਿਵ ਭਗਤਾਂ ਦੀ ਆਸਥਾਂ ਦਾ ਕੇਂਦਰ ਹੈ ਹਰੀ ਹਰ ‘ਪਹਾੜੀ ਵਾਲਾ’ ਰੋਹੀ ਮੰਦਰ ਪੱਟੀ
ਸ਼ਿਵ ਭਗਤਾਂ ਦੀ ਆਸਥਾਂ ਦਾ ਕੇਂਦਰ ਹੈ ਹਰੀ ਹਰ ‘ਪਹਾੜੀ ਵਾਲਾ’ ਰੋਹੀ ਮੰਦਰ ਪੱਟੀ
Publish Date: Fri, 13 Feb 2026 06:36 PM (IST)
Updated Date: Sat, 14 Feb 2026 04:09 AM (IST)

ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ : ਤਰਨਤਾਰਨ ਜ਼ਿਲ੍ਹੇ ਦਾ ਕਸਬਾ ਪੱਟੀ, ਬੀਬੀ ਰਜਨੀ ਜੀ ਦਾ ਇਤਿਹਾਸਿਕ ਸ਼ਹਿਰ ਹੈ। ਨੌਂ ਲੱਖੀ ਪੱਟੀ ਦੇ ਨਾਮ ਨਾਲ ਵੀ ਇਸ ਨੂੰ ਜਾਣਿਆ ਜਾਂਦਾ ਹੈ। ਇਤਿਹਾਸ ਨਾਲ ਜੁੜੇ ਕਈ ਧਾਰਮਿਕ ਅਸਥਾਨ ਇਥੇ ਮੌਜੂਦ ਹਨ। ਜਿਨ੍ਹਾਂ ਵਿਚ ਹਰੀ ਹਰ ‘ਪਹਾੜੀ ਵਾਲਾ’ ਰੋਹੀ ਮੰਦਰ ਜੋ ਬਹੁਤ ਪ੍ਰਾਚੀਨ ਮੰਦਰ ਹੈ, ਵੀ ਸ਼ਾਮਲ ਹੈ। ਇਹ ਸ਼ਹਿਰ |ਚ ਰੋਹੀ ਦੇ ਕੰਡੇ ਤੇ ਬਣਿਆ ਹੈ। ਇਸ ਮੰਦਰ ਅੰਦਰ ਸੁਸ਼ੋਭਿਤ ਸ਼ਿਵਲਿੰਗ ਦੀ ਵਿਸ਼ੇਸ਼ਤਾ ਹੈ ਕਿ ਇਹ ਆਪਣੇ ਆਪ ’ਚ ਇਕ ਅਜ਼ੂਬਾ ਹੈ। ਸ਼ਨੀ ਮੰਦਰ, ਮਾਤਾ ਕਾਲੀ ਮੰਦਰ, ਬਾਲਾ ਜੀ ਮੰਦਰ, ਰਾਧਾ-ਕ੍ਰਿਸ਼ਨ ਮੰਦਰ ਵੀ ਸੁਸ਼ੋਭਿਤ ਹਨ। ਮੰਦਰ ਦੇ ਮੁਖੀ ਬਾਬਾ ਆਨੰਦ ਗਿਰੀ ਮਹਾਰਾਜ ਨੇ ਦੱਸਿਆ ਕਿ ਪੱਟੀ ਦੇ ਰਾਜਾ ਦੁਨੀ ਚੰਦ ਸਨ। ਜਿਨ੍ਹਾਂ ਦੀਆਂ ਪੰਜ ਲੜਕੀਆਂ ਸੀ। ਉਨ੍ਹਾਂ ਨੂੰ ਸੁਪਨਾ ਆਇਆ ਸੀ ਕਿ ਦਰਿਆ ਦੇ ਕਿਨਾਰੇ ਸ਼ਿਵਾਲਾ ਦੀ ਜਗ੍ਹਾ ਹੈ। ਉਸ ਸਮੇਂ ਉਨ੍ਹਾਂ ਨੇ ਸੁਪਨੇ ਅਨੁਸਾਰ ਜਦੋਂ ਉਸ ਜਗ੍ਹਾ ’ਤੇ ਖੁਦਾਈ ਕਰਵਾਈ ਤਾਂ ਉਨ੍ਹਾਂ ਨੂੰ ਕੁਝ ਚਿੰਨ੍ਹ ਮਿਲੇ ਜੋ ਸ਼ਿਵ ਮਹਾਰਾਜ ਨਾਲ ਸਬੰਧਤ ਸਨ। ਉਨ੍ਹਾਂ ਚਿੰਨ੍ਹਾਂ ’ਚ ਇਕ ਸ਼ਿਵਲਿੰਗ ਮਿਲਿਆ ਤੇ ਫਿਰ ਇਥੇ ਲੋਕਾਂ ਨੇ ਪੂਜਾ ਅਰਚਨਾ ਸ਼ੁਰੂ ਕਰ ਦਿੱਤੀ। ਕੁਝ ਸਮਾਂ ਬੀਤਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਇਸ ਸਥਾਨ ਤੇ ਆਏ, ਜਿਨ੍ਹਾਂ ਨੇ ਸੰਗਤ ਦੀ ਸ਼ਰਧਾ ਦੇਖ ਕੇ ਇਥੇ ਮਰਦ ਅਤੇ ਔਰਤਾਂ ਲਈ ਇਸ਼ਨਾਨ ਘਾਟਾਂ ਦਾ ਨਿਰਮਾਣ ਕਰਵਾਇਆ। ਸੈਂਕੜੇ ਸਾਲ ਬੀਤ ਜਾਣ ਦੇ ਬਾਅਦ ਵੀ ਇਨ੍ਹਾਂ ਇਸ਼ਨਾਨ ਘਾਟਾਂ ਦੇ ਚਿੰਨ੍ਹ ਮੌਜੂਦ ਹਨ। ਉਸ ਤੋਂ ਬਾਅਦ ਸੰਗਤ ਵਲੋਂ ਇਥੇ ਸੁੰਦਰ ਮੰਦਰ ਦੀ ਇਮਾਰਤ ਦਾ ਨਿਰਮਾਣ ਕਰਵਾਇਆ ਗਿਆ। ਇਸ ਪ੍ਰਾਚੀਨ ਮੰਦਰ ਦੀ ਮਹੱਤਤਾ ਅਨੌਖੀ ਹੈ। ਇਹ ਮੰਦਰ ਰੋਹੀ ਦੇ ਕੰਢੇ ਪਹਾੜੀ ’ਤੇ ਬਣਿਆ ਸੀ। ਇਥੇ ਹਰ ਸੋਮਵਾਰ ਸੰਗਤਾਂ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ’ਚ ਨਮਸਤਕ ਹੁੰਦੀਆ ਨੇ, ਜਿਨ੍ਹਾਂ ਦੀਆਂ ਮਨੋਕਾਮਨਾ ਪੂਰੀ ਹੁੰਦੀ ਹੈ, ਉਹ ਸ਼ਰਧਾਲੂ ਢੋਲ-ਧਮੱਕੇ ਨਾਲ ਇਥੇ ਨੱਚਦੇ ਟੱਪਦੇ ਆਉਂਦੇ ਹਨ। ਹਰ ਸਾਲ ਇਥੇ ਮਹਾਂ ਸ਼ਿਵਰਾਤਰੀ ਦਾ ਮੇਲਾ ਮਨਾਇਆ ਜਾਂਦਾ ਹੈ। ਇਸ ਇਤਿਹਾਸਕ ਸਥਾਨ ’ਤੇ ਹਰ ਪੰਜ ਸਾਲ ਬਾਅਦ ਕੁੰਭ ਦਾ ਮੇਲਾ ਮਨਾਇਆ ਜਾਂਦਾ ਹੈ। ਜਿਸ ਵਿਚ ਦੇਸ਼-ਵਿਦੇਸ਼ਾਂ ਤੋਂ ਇਥੇ ਨਾਗੇ ਸਾਧੂ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਹਾਜਰੀ ਭਰਦੇ ਹਨ। ਮੰਦਰ ਪ੍ਰਬੰਧਕਾਂ ਵਲੋਂ ਹਰ ਸਾਲ ਲੋੜ੍ਹਵੰਦ ਲੜਕੀਆਂ ਦੀਆਂ ਸ਼ਾਦੀਆਂ ਕਰਵਾਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਲੋੜ ਅਨੁਸਾਰ ਘਰੇਲੂ ਸਮਾਨ ਵੀ ਦਿੱਤਾ ਜਾਂਦਾ ਹੈ। ਬਾਬਾ ਆਨੰਦ ਗਿਰੀ ਮਹਾਰਾਜ ਨੇ ਦੱਸਿਆ ਕਿ ਇਸ ਵਾਰ ਮਹਾਂ ਸ਼ਿਵਰਾਤਰੀ ਮੇਲਾ ਕੁੰਭ ਮੇਲੇ ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ। 23 ਜਨਵਰੀ ਨੂੰ ਸਮਾਗਮ ਸ਼ੁਰੂ ਹੋਇਆ ਹੈ। ਜੋ ਲਗਾਤਾਰ 18 ਫਰਵਰੀ ਤੱਕ ਚੱਲੇਗਾ। ਇਥੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚੋਂ 200 ਦੇ ਕਰੀਬ ਸੰਤ-ਸਮਾਜ ਪਹੁੰਚਿਆ ਹੋਇਆ ਹੈ। ਸ਼ਿਵ ਮਹਿਮਾ ਦਾ ਗੁਣਗਾਨ ਲਗਾਤਾਰ ਹੋ ਰਿਹਾ ਹੈ। ਅੱਜ ਸ਼ਨੀਵਾਰ ਨੂੰ ਸ਼ਹਿਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਤੇ ਐਤਵਾਰ ਨੂੰ ਸ਼ਿਵਰਾਤਰੀ ਮੇਲਾ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਵੇਗਾ।