ਅਮਰਕੋਟ ਦਾਣਾ ਮੰਡੀ ਵਿਚ ਹੋਣ ਵਾਲੀ ਰੈਲੀ ’ਚ ਹੋਵੇਗਾ ਇਤਿਹਾਸਕ ਇਕੱਠ :ਵਲਟੋਹਾ
ਅਮਰਕੋਟ ਦਾਣਾ ਮੰਡੀ ਵਿਚ ਹੋਣ ਵਾਲੀ ਰੈਲੀ ’ਚ ਹੋਵੇਗਾ ਇਤਿਹਾਸਕ ਇਕੱਠ - ਗੁਰਮੀਤ ਸਿੰਘ ਵਲਟੋਹਾ
Publish Date: Fri, 13 Feb 2026 04:13 PM (IST)
Updated Date: Sat, 14 Feb 2026 04:00 AM (IST)
ਰਾਜਵਿੰਦਰ ਸਿੰਘ ਰਾਜੂ•, ਪੰਜਾਬੀ ਜਾਗਰਣ,
ਵਲਟੋਹਾ : ਖੇਮਕਰਨ ਹਲਕੇ ਦੇ ਕਸਬਾ ਅਮਰਕੋਟ ਦੀ ਦਾਣਾ ਮੰਡੀ ਵਿਚ 18 ਫਰਵਰੀ ਦੀ ਵਿਸ਼ਾਲ ਰੈਲੀ ਨੂੰ ਲੈ ਕੇ ਇਲਾਕੇ ਵਿਚ ਰਾਜਨੀਤਿਕ ਸਰਗਰਮੀਆਂ ਚਰਮ ਸੀਮਾਂ ‘ਤੇ ਹਨ। ਸ਼੍ਰੋਮਣੀ ਅਕਾਲੀ ਦਲ ਵਲੋਂ ਕਰਵਾਈ ਜਾ ਰਹੀ, ਇਸ ਰੈਲੀ ਦੀਆਂ ਤਿਆਰੀਆਂ ਲਈ ਪਿੰਡਾਂ ਅਤੇ ਕਸਬਿਆਂ ਵਿਚ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਵਰਕਰਾਂ ਨੂੰ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਵਲਟੋਹਾ ਤੋਂ ਯੂਥ ਅਕਾਲੀ ਆਗੂ ਗੁਰਮੀਤ ਸਿੰਘ ਵਲਟੋਹਾ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਇਹ ਰੈਲੀ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਅਤੇ ਗੌਰਵਦੀਪ ਸਿੰਘ ਵਲਟੋਹਾ ਦੀ ਅਗਵਾਈ ਹੇਠ ਹੋ ਰਹੀ ਹੈ, ਜਿਸ ਵਿਚ ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਦੀ ਸਮੁੱਚੀ ਹਾਈ ਕਮਾਂਡ ਦੀ ਸ਼ਮੂਲੀਅਤ ਯਕੀਨੀ ਹੈ। ਉਨ੍ਹਾਂ ਕਿਹਾ ਕਿ ਇਹ ਇਕੱਠ ਪੰਜਾਬ ਦੀ ਰਾਜਨੀਤੀ ਵਿਚ ਨਵਾਂ ਮੋੜ ਸਾਬਤ ਹੋਵੇਗਾ।
ਗੁਰਮੀਤ ਸਿੰਘ ਵਲਟੋਹਾ ਨੇ ਦਾਅਵਾ ਕੀਤਾ ਕਿ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਸੂਬੇ ਦੇ ਹਿੱਤਾਂ ਦੀ ਸੱਚੀ ਰਾਖੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀਆਂ ਸਰਕਾਰਾਂ ਨੇ ਹਮੇਸ਼ਾ ਪੰਜਾਬ ਦੇ ਅਸਲੀ ਮਸਲਿਆਂ ਨੂੰ ਨਜ਼ਰ ਅੰਦਾਜ਼ ਕੀਤਾ ਹੈ, ਜਦਕਿ ਖੇਤਰੀ ਪਾਰਟੀ ਹੀ ਪੰਜਾਬ ਦੇ ਕਿਸਾਨਾਂ, ਨੌਜਵਾਨਾਂ, ਵਪਾਰੀਆਂ ਅਤੇ ਆਮ ਲੋਕਾਂ ਦੀ ਅਵਾਜ਼ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਰੈਲੀ ਦੌਰਾਨ ਪੰਜਾਬ ਨਾਲ ਜੁੜੇ ਅਹਿਮ ਮੁੱਦੇ ਜਿਵੇਂ ਕਿਸਾਨੀ ਸੰਕਟ, ਬੇਰੁਜ਼ਗਾਰੀ, ਉਦਯੋਗਿਕ ਮੰਦਹਾਲੀ ਅਤੇ ਨਸ਼ਿਆਂ ਦੇ ਖ਼ਿਲਾਫ਼ ਜੰਗ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਉਨ੍ਹਾਂ ਦਾਅਵਾ ਕੀਤਾ ਕਿ ਲੋਕ ਮੌਜੂਦਾ ਹਾਲਾਤਾਂ ਤੋਂ ਨਿਰਾਸ਼ ਹਨ ਅਤੇ ਵੱਡੇ ਬਦਲਾਅ ਦੀ ਉਮੀਦ ਰੱਖਦੇ ਹਨ। 2027 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਗੱਲ ਕਰਦਿਆਂ ਗੁਰਮੀਤ ਸਿੰਘ ਵਲਟੋਹਾ ਨੇ ਭਰੋਸਾ ਜਤਾਇਆ ਕਿ ਆਉਣ ਵਾਲੀਆਂ ਚੋਣਾਂ ਵਿਚ ਅਕਾਲੀ ਦਲ ਬਹੁਮਤ ਨਾਲ ਸਰਕਾਰ ਬਣਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਜ਼ਮੀਨੀ ਪੱਧਰ ‘ਤੇ ਆਪਣੀ ਪਕੜ ਮਜ਼ਬੂਤ ਕਰ ਰਹੀ ਹੈ ਅਤੇ ਨੌਜਵਾਨ ਵਰਗ ਵੱਡੀ ਗਿਣਤੀ ਵਿਚ ਪਾਰਟੀ ਨਾਲ ਜੁੜ ਰਿਹਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ 2027 ਵਿਚ ਪੰਜਾਬ ਦੇ ਲੋਕ ਖੇਤਰੀ ਸੋਚ ਅਤੇ ਤਜ਼ਰਬੇਕਾਰ ਵਿਅਕਤੀ ਨੂੰ ਚੁਣਨਗੇ। ਅੰਤ ਵਿਚ ਉਨ੍ਹਾਂ ਸਮੂਹ ਅਕਾਲੀ ਵਰਕਰਾਂ, ਨੌਜਵਾਨਾਂ ਅਤੇ ਪੰਜਾਬ ਦਾ ਦਰਦ ਰੱਖਣ ਵਾਲੇ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ 18 ਫਰਵਰੀ ਨੂੰ ਅਮਰਕੋਟ ਦਾਣਾ ਮੰਡੀ ਵਿਚ ਵੱਡੀ ਗਿਣਤੀ ’ਚ ਪਹੁੰਚ ਕੇ ਰੈਲੀ ਨੂੰ ਇਤਿਹਾਸਕ ਬਣਾਇਆ ਜਾਵੇ।