ਸਾਬਕਾ ਫ਼ੌਜੀ ਕਤਲ ਮਾਮਲੇ ’ਚ ਦੋ ਕਾਬੂ
ਪਿੰਡ ਚੀਮਾਂ ਖੁਰਦ ’ਚ ਸਾਬਕਾ ਫੌਜੀ ਨੂੰ ਤੇਜਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ.....
Publish Date: Sat, 07 Feb 2026 08:26 PM (IST)
Updated Date: Sat, 07 Feb 2026 08:29 PM (IST)
- ਪੁਲਿਸ ਦੀ ਫੁਰਤੀ, 48 ਘੰਟਿਆਂ ’ਚ ਮੁਲਜ਼ਮਾਂ ਨੂੰ ਦਬੋਚਿਆ
-ਤੀਜੇ ਮੁਲਜ਼ਮ ਦੀ ਗਿ੍ਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ
ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ
ਤਰਨਤਾਰਨ : ਪਿੰਡ ਚੀਮਾ ਖੁਰਦ ’ਚ 5 ਫਰਵਰੀ ਨੂੰ ਸਾਬਕਾ ਫੌਜੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦੇ ਮਾਮਲੇ ਵਿਚ ਪੁਲਿਸ ਨੇ ਦੋ ਮੁੱਖ ਮੁਲਜ਼ਮਾਂ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰ ਲੈਣ ਦਾ ਦਾਅਵਾ ਕੀਤਾ ਹੈ, ਜਦੋਂਕਿ ਇਸ ਕੇਸ ਵਿਚ ਨਾਮਜ਼ਦ ਇਕ ਹੋਰ ਵਿਅਕਤੀ ਦੀ ਗ੍ਰਿਫਤਾਰੀ ਲਈ ਹਾਲੇ ਛਾਪੇਮਾਰੀ ਕੀਤੀ ਜਾ ਰਹੀ ਹੈ। ਐੱਸਪੀ ਇਨਵੈਸਟੀਗੇਸ਼ਨ ਰਿਪੂਤਪਨ ਸਿੰਘ ਤੇ ਡੀਐੱਸਪੀ ਇਨਵੈਸਟੀਗੇਸ਼ਨ ਜਗਜੀਤ ਸਿੰਘ ਚਾਹਲ ਨੇ ਦੱਸਿਆ ਕਿ ਗੁਰਚੇਤ ਸਿੰਘ ਵਾਸੀ ਚੀਮਾ ਖੁਰਦ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਭਰਾ ਗੁਰਭੇਜ ਸਿੰਘ ਘਰੇਲੂ ਕੰਮਕਾਜ ਲਈ ਅੱਡਾ ਚੀਮਾ ਖੁਰਦ ਗਿਆ ਸੀ ਜਿੱਥੇ ਸ਼ਰਨਜੀਤ ਸਿੰਘ, ਪ੍ਰਤਾਪ ਸਿੰਘ ਤੇ ਪ੍ਰਤਾਪ ਸਿੰਘ ਵਾਸੀ ਚੀਮਾ ਖੁਰਦ ਉਸ ਦੇ ਭਰਾ ਨਾਲ ਹੱਥੋਂਪਾਈ ਹੋਣ ਲੱਗ ਪਏ ਅਤੇ ਫਿਰ ਉਸ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਦੇ ਭਰਾ ਗੁਰਭੇਜ ਸਿੰਘ ਦੀ ਮੌਤ ਹੋ ਗਈ। ਥਾਣਾ ਵਲਟੋਹਾ ਵਿਖੇ ਸ਼ਰਨਜੀਤ ਸਿੰਘ, ਪ੍ਰਤਾਪ ਸਿੰਘ ਅਤੇ ਪ੍ਰਤਾਪ ਸਿੰਘ ਕਾਲਾ ਖ਼ਿਲਾਫ਼ ਕੇਸ ਦਰਜ ਕਰਨ ਉਪਰੰਤ ਮੁਲਜ਼ਮਾਂ ਦੀ ਭਾਲ ਲਈ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਸਨ, ਜਿਨ੍ਹਾਂ ਨੇ ਮਨੁੱਖੀ ਸੂਤਰਾਂ ਤੇ ਤਕਨੀਕੀ ਇੰਟੈਲੀਜੈਂਸੀ ਰਾਹੀਂ ਸ਼ਰਨਜੀਤ ਸਿੰਘ ਅਤੇ ਪ੍ਰਤਾਪ ਸਿੰਘ ਕਾਲਾ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁੱਖ ਮੁਲਜ਼ਮਾਂ ਨੂੰ 48 ਘੰਟਿਆਂ ’ਚ ਕਾਬੂ ਕੀਤਾ ਹੈ। ਮੁੱਢਲੀ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਗੁਰਭੇਜ ਸਿੰਘ ਦਾ ਕਤਲ ਕਰਨ ਵਾਲਿਆਂ ਨਾਲ ਜ਼ਮੀਨੀ ਝਗੜਾ ਸੀ ਅਤੇ ਇਹ ਸਾਰੇ ਇਕ ਹੀ ਪਿੰਡ ਦੇ ਰਹਿਣ ਵਾਲੇ ਹਨ। ਜ਼ਮੀਨੀ ਝਗੜੇ ਨੂੰ ਲੈ ਕੇ ਹੀ ਇਨ੍ਹਾਂ ਨੇ ਗੁਰਭੇਜ ਸਿੰਘ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਜਿਸ ਦੌਰਾਨ ਗੁਰਭੇਜ ਸਿੰਘ ਦੀ ਮੌਤ ਹੋ ਗਈ ਸੀ।