ਸਕੂਟਰੀ ਸਵਾਰ ਪਤੀ-ਪਤਨੀ ਨੂੰ ਟਰੈਕਟਰ ਨੇ ਟੱਕਰ ਮਾਰੀ, ਪਤਨੀ ਦੀ ਮੌਤ
ਸਕੂਟਰੀ ਸਵਾਰ ਪਤੀ, ਪਤਨੀ ਨੂੰ ਟਰੈਕਟਰ ਨੇ ਟੱਕਰ ਮਾਰੀ, ਪਤਨੀ ਦੀ ਮੌਤ
Publish Date: Sat, 07 Feb 2026 08:24 PM (IST)
Updated Date: Sat, 07 Feb 2026 08:26 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਪਿੰਡ ਅਲਾਦੀਨਪੁਰ ਨੇੜੇ ਹਾਈਵੇ ਦਾ ਡਿਵਾਈਡਰ ਪਾਰ ਕਰਦਿਆਂ ਸਕੂਟਰੀ ਸਵਾਰ ਪਤੀ-ਪਤਨੀ ਟਰੈਕਟਰ ਦੀ ਲਪੇਟ ਵਿਚ ਆ ਗਏ। ਇਸ ਹਾਦਸੇ ਦੌਰਾਨ ਗੰਭੀਰ ਹਾਲਤ ਵਿਚ ਜ਼ਖ਼ਮੀ ਹੋਏ ਦੋਵਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਪਤਨੀ ਨੇ ਦਮ ਤੋੜ ਦਿੱਤਾ। ਜਦੋਂਕਿ ਪਤੀ ਦਾ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਟਰੈਕਟਰ ਦੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ। ਸਤਨਾਮ ਸਿੰਘ ਵਾਸੀ ਜੋਧਪੁਰ ਨੇ ਦੱਸਿਆ ਕਿ ਉਸਦੀ ਮਾਤਾ ਗੁਰਮੀਤ ਕੌਰ (48) ਇਕ ਸਾਲ ਤੋਂ ਪਿੰਡ ਖਾਰਾ ਕੋਲ ਬਣੇ ਬੱਲ ਸੰਧੂ ਢਾਬਾ ਤੇ ਰੋਟੀਆਂ ਪਕਾਉਣ ਦਾ ਕੰਮ ਕਰਦੀ ਹੈ, ਜਿੱਥੋਂ ਮਿਲਣ ਵਾਲੀ 21 ਹਜ਼ਾਰ ਰੁਪਏ ਮਹੀਨਾ ਤਨਖਾਹ ਨਾਲ ਘਰ ਦਾ ਗੁਜਾਰਾ ਚੱਲਦਾ। 5 ਫਰਵਰੀ ਨੂੰ ਸਵੇਰੇ 7 ਵਜੇ ਉਸ ਦਾ ਪਿਤਾ ਦਲਬੀਰ ਸਿੰਘ ਆਪਣੀ ਸਕੂਟਰੀ ਪੀਬੀ46 ਏਜੀ 2778 ’ਤੇ ਬਿਠਾ ਕੇ ਰਸੂਲਪੁਰ ਨਹਿਰਾਂ ’ਤੇ ਛੱਡਣ ਜਾ ਰਿਹਾ ਸੀ, ਜਿੱਥੋਂ ਉਸ ਨੇ ਢਾਬੇ ’ਤੇ ਜਾਣਾ ਸੀ। ਜਦੋਂ ਉਹ ਸਕੂਟਰੀ ’ਤੇ ਹਾਈਵੇ ਜਾਂ ਡਿਵਾਈਡਰ ਪਾਰ ਕਰਨ ਲੱਗੇ ਤਾਂ ਹਰੀਕੇ ਵੱਲੋਂ ਆ ਰਿਹਾ ਟਰੈਕਟਰ ਸਕੂਟਰੀ ਨਾਲ ਟਕਰਾ ਗਿਆ। ਇਸ ਹਾਦਸੇ ਦੌਰਾਨ ਦਲਬੀਰ ਸਿੰਘ ਤੇ ਗੁਰਮੀਤ ਕੌਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮਾਤਾ ਗੁਰਮੀਤ ਕੌਰ ਨੇ ਦਮ ਤੋੜ ਦਿੱਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਹੀਰਾ ਸਿੰਘ ਨੇ ਦੱਸਿਆ ਕਿ ਟਰੈਕਟਰ ਦੇ ਅਣਪਛਾਤੇ ਚਾਲਕ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਹੈ।