ਸਾਬਕਾ ਫੌਜੀ ਦੀ ਲਾਸ਼ ਥਾਣੇ ਅੱਗੇ ਰੱਖ ਕੇ ਪਰਿਵਾਰ ਨੇ ਲਾਇਆ ਧਰਨਾ
ਚੀਮਾ ਖੁਰਦ ਪਿੰਡ ਦੇ ਸਾਬਕਾ ਫੌਜੀ ਦੀ ਲਾਸ਼ ਥਾਣੇ ਅੱਗੇ ਰੱਖ ਪਰਿਵਾਰ ਨੇ ਲਗਾਇਆ ਧਰਨਾ
Publish Date: Sat, 07 Feb 2026 08:06 PM (IST)
Updated Date: Sat, 07 Feb 2026 08:08 PM (IST)

- ਸਾਬਕਾ ਸੈਨਿਕ ਜਥੇਬੰਦੀਆਂ ਨੇ ਸੰਭਾਲਿਆ ਮੋਰਚਾ, ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੀ ਮੰਗ - ਸ਼ੁੱਕਰਵਾਰ ਸ਼ਾਮ ਤੋਂ ਸ਼ੁਰੂ ਹੋਇਆ ਧਰਨਾ ਸ਼ਨਿਚਰਵਾਰ ਵੀ ਰਿਹਾ ਜਾਰੀ ਰਾਜਵਿੰਦਰ ਸਿੰਘ ਰਾਜੂ•, ਪੰਜਾਬੀ ਜਾਗਰਣ ਵਲਟੋਹਾ : ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਚੀਮਾ ਖੁਰਦ ਵਿਖੇ ਬੀਤੇ ਦਿਨੀਂ ਸਾਬਕਾ ਫੌਜੀ ਗੁਰਭੇਜ ਸਿੰਘ ਪੁੱਤਰ ਨਰਿੰਦਰ ਸਿੰਘ ਦਾ ਸ਼ਰੇਆਮ ਚੌਕ ’ਚ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਦੇ ਵਾਰਸਾਂ ਤੇ ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਪੰਜਾਬ ਵੱਲੋਂ ਸਾਬਕਾ ਫੌਜੀ ਦੀ ਲਾਸ਼ ਸ਼ੁੱਕਰਵਾਰ ਸ਼ਾਮ ਨੂੰ ਹੀ ਥਾਣਾ ਵਲਟੋਹਾ ਦੇ ਅੱਗੇ ਰੱਖ ਕੇ ਧਰਨਾ ਲਾ ਦਿੱਤਾ ਗਿਆ ਸੀ, ਜੋ ਸ਼ਨਿਚਰਵਾਰ ਸ਼ਾਮ ਖ਼ਬਰ ਲਿਖੇ ਜਾਣ ਤਕ ਜਾਰੀ ਰਿਹਾ। ਪਰਿਵਾਰ ਵਾਲੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਸਨ ਅਤੇ ਉਨ੍ਹਾਂ ਨੇ ਇਹ ਐਲਾਨ ਕੀਤਾ ਕਿ ਜਦੋਂ ਤਕ ਸਾਰੇ ਮੁਲਜ਼ਮ ਫੜੇ ਨਹੀਂ ਜਾਂਦੇ, ਉਹ ਲਾਸ਼ ਦਾ ਸਸਕਾਰ ਨਹੀਂ ਕਰਨਗੇ। ਧਰਨੇ ਦੇ ਅੱਜ ਦੂਜੇ ਦਿਨ ਸਾਬਕਾ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ, ਸੁਖਬੀਰ ਸਿੰਘ ਵਲਟੋਹਾ ਆਗੂ ਅਕਾਲੀ ਦਲ ਵਾਰਿਸ ਪੰਜਾਬ ਨੇ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਸਰਕਾਰ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤਾਂ ਧੱਕਾ ਕਰ ਹੀ ਰਹੀ ਹੈ, ਪੁਲਿਸ ਵੀ ਇਨਸਾਫ਼ ਦੇਣ ਦੀ ਗੱਲ ਨਹੀਂ ਕਰਦੀ। ਜਿਸ ਕਰ ਕੇ ਸਾਬਕਾ ਫੌਜੀ ਗੁਰਭੇਜ ਸਿੰਘ ਦੇ ਵਾਰਸਾਂ ਨੂੰ ਤਿੰਨ ਦਿਨ ਹੋ ਗਏ ਸੜਕਾਂ ’ਤੇ ਰੁਲਣਾ ਪੈ ਰਿਹਾ ਹੈ। ਇਸ ਮੌਕੇ ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਟਾਂਡਾ ਸੈਨਾ ਮੈਡਲ, ਪੰਜਾਬ ਚੇਅਰਮੈਨ ਕੈਪਟਨ ਪਿਆਰਾ ਸਿੰਘ, ਜਨਰਲ ਸੈਕਟਰੀ ਜਗਜੀਤ ਸਿੰਘ, ਤਰਨਤਾਰਨ ਜ਼ਿਲ੍ਹਾ ਪ੍ਰਧਾਨ ਕੈਪਟਨ ਦਿਲਬਾਗ ਸਿੰਘ, ਜ਼ਿਲ੍ਹਾ ਗੁਰਦਾਸਪੁਰ ਪ੍ਰਧਾਨ ਨਿਰਮਲ ਸਿੰਘ ਤੋਂ ਇਲਾਵਾ ਸਾਬਕਾ ਸੈਨਿਕ ਕਿਸਾਨ ਮਜ਼ਦੂਰ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸੰਤੋਖ਼ ਸਿੰਘ, ਸਰਪ੍ਰਸਤ ਸੂਬੇਦਾਰ ਸੇਵਾ ਸਿੰਘ, ਵਾਈਸ ਪ੍ਰਧਾਨ ਸੁਲੱਖਣ ਸਿੰਘ ਆਦਿ ਨੇ ਕਿਹਾ ਕਿ ਬੇਸ਼ੱਕ ਪੁਲਿਸ ਪ੍ਰਸ਼ਾਸਨ ਨੇ ਧਰਨੇ ਦੇ ਦਬਾਅ ’ਚ ਆ ਕੇ ਦੋ ਮੁਲਜ਼ਮ ਕਾਬੂ ਕਰ ਲਏ ਹਨ। ਪਰ ਜਿੰਨਾ ਚਿਰ ਤਕ ਸਾਬਕਾ ਸਰਪੰਚ ਪ੍ਰਤਾਪ ਸਿੰਘ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਨ੍ਹਾਂ ਚਿਰ ਧਰਨਾ ਇੰਝ ਹੀ ਜਾਰੀ ਰਹੇਗਾ। ਇਸ ਮੌਕੇ ਪੁੱਜੇ ਡੀਐੱਸਪੀ ਇਨਵੈਸਟੀਗੇਸ਼ਨ ਜਗਜੀਤ ਸਿੰਘ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਮੁਲਜ਼ਮਾਂ ਨੂੰ ਫੜਨ ਲਈ ਪੂਰੀ ਮਿਹਨਤ ਕਰ ਰਿਹਾ ਤੇ ਦੋ ਜਣੇ ਫੜੇ ਵੀ ਗਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਕਿਸੇ ਦੇ ਦਬਾਅ ਹੇਠ ਕੰਮ ਨਹੀਂ ਕਰ ਰਹੀ। ਬਲਕਿ ਧਰਨਾਕਾਰੀ ਪੁਲਿਸ ਦਾ ਸਹਿਯੋਗ ਕਰਨ ਦੀ ਬਜਾਏ ਆਮ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣ ਰਹੇ ਹਨ।