ਆਯੂਸ਼ ਵਿਭਾਗ ਨੇ ਲਾਇਆ ਹੋਮਿਓਪੈਥਿਕ ਤੇ ਆਯੁਰਵੈਦਿਕ ਕੈਂਪ
ਆਯੂਸ਼ ਵਿਭਾਗ ਨੇ ਗੁਰਦੁਆਰਾ ਸ੍ਰੀ ਲਕੀਰ ਸਾਹਿਬ ’ਚ ਲਗਾਇਆ ਹੋਮੀਓਪੈਥਿਕ ਤੇ ਆਯੁਰਵੈਦਿਕ ਕੈਂਪ
Publish Date: Sat, 07 Feb 2026 07:29 PM (IST)
Updated Date: Sat, 07 Feb 2026 07:32 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਸਿਹਤ ਅਤੇ ਸਿੱਖਿਆ ਕਿਸੇ ਵੀ ਸਰਕਾਰ ਦੇ ਮੂਲ ਅੰਗ ਹੁੰਦੇ ਹਨ। ਕੋਈ ਵੀ ਸਮੇਂ ਦੀ ਸਰਕਾਰ ਆਵੇ ਉਨ੍ਹਾਂ ਦੀ ਹਮੇਸ਼ਾ ਇਹੀ ਪਹਿਲਕਦਮੀ ਹੁੰਦੀ ਹੈ ਕਿ ਇਨ੍ਹਾਂ ਖੇਤਰਾਂ ਵਿਚ ਵਿਕਾਸ ਕੀਤਾ ਜਾਵੇ ਤੇ ਲੋਕ ਲੁਭਾਵਣੀਆਂ ਸਕੀਮਾਂ ਲੋਕ ਹਿੱਤ ਵਿਚ ਪੇਸ਼ ਕੀਤੀਆਂ ਜਾਣ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਅਧੀਨ ਆਯੂਸ਼ ਵਿਭਾਗ ਵੀ ਇੱਕ ਮਹੱਤਵਪੂਰਨ ਅੰਗ ਹੈ। ਜੋ ਮੁੱਢਲੇ ਤੌਰ ’ਤੇ ਪੰਜਾਬ ਰਾਜ ਵਿਚ ਹੋਮਿਓਪੈਥਿਕ ਅਤੇ ਆਯੁਰਵੈਦਿਕ ਇਲਾਜ ਪ੍ਰਣਾਲੀ ਕੰਮ ਕਰ ਰਹੀਆਂ ਹਨ। ਜਿਨ੍ਹਾਂ ਦੇ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਪੰਜਾਬ ਸਰਕਾਰ ਵਲੋਂ ਮੁਫ਼ਤ ਆਯੂਸ਼ ਕੈਂਪ ਲਗਾਉਂਦਿਆਂ ਤਰਨਤਾਰਨ ਜ਼ਿਲ੍ਹੇ ਵਿਚ 15 ਕੈਂਪ ਵੱਖ-ਵੱਖ ਥਾਵਾਂ ’ਤੇ ਲਾਏ ਜਾ ਹਨ। ਇਸੇ ਤਹਿਤ ਡਾ. ਰੁਪਿੰਦਰ ਕੌਰ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਸੀਮਾ ਜੈਨ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਦੀ ਅਗਵਾਈ ਹੇਠ ਆਯੂਸ਼ ਕੈਂਪ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਫਤਿਹਚੱਕ ਤਰਨਤਾਰਨ ਵਿਖੇ ਲਾਇਆ ਗਿਆ। ਜਿਸ ਦਾ ਉਦਘਾਟਨ ਗੁਰਦੁਆਰਾ ਸਾਹਿਬ ਦੇ ਮੈਨੇਜਰ ਪ੍ਰਿੰਸੀਪਲ ਬਖਸ਼ੀਸ਼ ਸਿੰਘ ਨੇ ਕੀਤਾ। ਇਸ ਕੈਂਪ ਬਾਰੇ ਜਾਣਕਾਰੀ ਦਿੰਦੇ ਹੋਏ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਖਡੂਰ ਸਾਹਿਬ ਦੇ ਇੰਚਾਰਜ ਡਾ. ਹਰਿੰਦਰਪਾਲ ਸਿੰਘ ਵੇਗਲ ਨੇ ਦੱਸਿਆ ਕਿ ਆਯੂਸ਼ ਕੈਂਪਾ ਦੀ ਲੜ੍ਹੀ ਵਿਚ ਚੌਥੇ ਕੈਂਪ ਨੂੰ ਸਫਲਤਾਪੂਰਵਕ ਦੋਵੇਂ ਵਿਭਾਗਾਂ ਦੀ ਸੰਯੁਕਤ ਤੌਰ ’ਤੇ ਕੀਤੀ ਮਿਹਨਤ ਸਦਕਾ ਹੀ ਨੇਪਰੇ ਚਾੜ੍ਹਿਆ ਗਿਆ ਹੈ। ਜਿਸ ਵਿਚ ਦੋਵੇਂ ਵਿਭਾਗਾਂ ਤੋਂ 2-2 ਡਾਕਟਰਾਂ ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ 681 ਮਰੀਜ਼ਾਂ ਨੂੰ ਜਾਂਚ ਉਪਰੰਤ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਵਿਚ ਇਕ ਹਰਬਲ ਬੂਟਿਆਂ ਦੀ ਪ੍ਰਦਰਸ਼ਨੀ ਲਾਈ ਗਈ ਤੇ ਲੋਕਾਂ ਨੂੰ ਇੰਨਾ ਦੀ ਮੱਹਤਤਾ ਬਾਰੇ ਦੱਸਿਆ ਗਿਆ। ਇਸ ਕੈਂਪ ਵਿਚ ਹੋਮਿਓਪੈਥਿਕ ਵਿਭਾਗ ਵੱਲੋਂ ਡਾ. ਹਰਿੰਦਰਪਾਲ ਸਿੰਘ ਵੇਗਲ, ਡਾ. ਦਿਲਬਾਗ਼ ਸਿੰਘ, ਰੇਸ਼ਮ ਸਿੰਘ, ਸੁਖਵਿੰਦਰ ਕੌਰ ਡਿਸਪੈਂਸਰ ਅਤੇ ਆਯੁਰਵੈਦਿਕ ਵਿਭਾਗ ਵੱਲੋਂ ਡਾ. ਮਨਿੰਦਰ ਸਿੰਘ, ਡਾ. ਸੰਦੀਪ ਕੁਮਾਰ, ਅਮਨਪ੍ਰੀਤ ਸਿੰਘ, ਅਨੀਤਾ ਕੌਸ਼ਲ ਉੱਪਵੈਦ, ਵਿਕਰਮਜੀਤ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਨਗਰ ਫਤਹਿਚੱਕ ਤੋਂ ਜਗਦੀਸ਼ ਸਿੰਘ, ਰਣਧੀਰ ਸਿੰਘ, ਨਵਰੂਪ ਸਿੰਘ ਸਾਬਕਾ ਕੌਂਸਲਰ, ਜਰਨੈਲ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਪਹੁੰਚੇ ਤੇ ਇਸ ਕੈਂਪ ਨੂੰ ਸਫ਼ਲ ਬਣਾਉਣ ਵਿਚ ਅਹਿਮ ਯੋਗਦਾਨ ਪਾਇਆ।