ਕਿਰਤੀ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੇ ਰੋਸ ਵਜੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
ਕਿਰਤੀ ਕਿਸਾਨ ਯੂਨੀਅਨ ਨੇ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੇ ਰੋਸ ਵਜੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
Publish Date: Sat, 07 Feb 2026 06:51 PM (IST)
Updated Date: Sat, 07 Feb 2026 06:53 PM (IST)

ਗੁਰਪ੍ਰੀਤ ਸਿੰਘ ਕੱਦ ਗਿੱਲ, •ਪੰਜਾਬੀ ਜਾਗਰਣ ਤਰਨਤਾਰਨ : ਬੀਕੇਯੂ ਉਗਰਾਹਾਂ ਦੇ ਕਾਰਕੁੰਨਾਂ ਤੇ ਆਗੂਆਂ ’ਤੇ ਪੰਜਾਬ ਪੁਲਿਸ ਵੱਲੋਂ ਬਠਿੰਡੇ ਵਿਖੇ ਰੋਸ ਪ੍ਰਦਰਸ਼ਨ ਦੌਰਾਨ ਕੀਤੇ ਅੰਨ੍ਹੇਵਾਹ ਤਸ਼ੱਦਦ ਦੇ ਰੋਸ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਤਰਨਤਾਰਨ ਵੱਲੋਂ ਸੂਬਾ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨਛੱਤਰ ਸਿੰਘ ਮੁਗਲਚੱਕ, ਸੁਖਚੈਨ ਸਿੰਘ ਸਰਹਾਲੀ, ਹਰਵਿੰਦਰ ਸਿੰਘ ਵਲੀਪੁਰ, ਸਰਦਾਰਾ ਸਿੰਘ ਸਖੀਰਾ, ਗੁਰਪ੍ਰਤਾਪ ਸਿੰਘ ਗੰਜਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨਕਸ਼ੇ ਕਦਮ ’ਤੇ ਚੱਲਦਿਆਂ ਪੰਜਾਬ ਵਿਚ ਜਮਹੂਰੀਅਤ ਦਾ ਗਲ ਘੁੱਟਣ ਦਾ ਕੰਮ ਭਗਵੰਤ ਮਾਨ ਸਰਕਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨਾ ਹਰੇਕ ਵਿਅਕਤੀ ਦਾ ਸੰਵਿਧਾਨਿਕ ਹੱਕ ਹੈ ਅਤੇ ਉਸੇ ਹੱਕ ਤਹਿਤ ਹੀ ਬੀਕੇਯੂ ਉਗਰਾਹਾਂ ਬਠਿੰਡਾ ਵਿਚ ਰੋਸ ਪ੍ਰਦਰਸ਼ਨ ਕਰਨ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਡੀਐੱਸਪੀ ਦੀ ਬਾਂਹ ਟੁੱਟਣ ਦੇ ਮਾਮਲੇ ਵਿਚ ਕਿਸਾਨ ਆਗੂਆਂ ’ਤੇ 307 ਦਾ ਝੂਠਾ ਮੁਕਦਮਾ ਦਰਜ ਕਰ ਕੇ ਉਨ੍ਹਾਂ ਨੂੰ ਕਰੀਬਨ 10 ਮਹੀਨਿਆਂ ਤੋਂ ਜੇਲ੍ਹ ਵਿਚ ਬੰਦ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਤੌਰ ’ਤੇ ਡਾਂਗ ਨਾਲ ਬਾਂਹ ਟੁੱਟਣ ’ਤੇ ਇਰਾਦਾ ਕਤਲ ਦਾ ਪਰਚਾ ਨਹੀਂ ਬਣਦਾ। ਪਰ ਪੁਲਿਸ ਅੰਦੋਲਨਕਾਰੀਆਂ ਨਾਲ ਖੁੰਦਕ ਰੱਖਦਿਆਂ ਹੋਇਆਂ ਇਸ ਤਰ੍ਹਾਂ ਦੀਆਂ ਸੰਗੀਨ ਧਾਰਾਵਾਂ ਲਾ ਕੇ ਉਨ੍ਹਾਂ ਨੂੰ ਮਹੀਨਿਆਂ ਬੱਧੀ ਜੇਲ੍ਹਾਂ ਵਿਚ ਸੜਨ ਵਾਸਤੇ ਮਜਬੂਰ ਕਰ ਰਹੀ ਹੈ ਅਤੇ ਉੱਪਰੋਂ ਜ਼ਮਹੂਰੀ ਤਰੀਕੇ ਨਾਲ ਇਸ ਬੇਇਨਸਾਫੀ ਖਿਲਾਫ਼ ਆਵਾਜ਼ ਚੁੱਕਣ ’ਤੇ ਡਾਂਗਾਂ ਵਰ੍ਹਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਲਹਿਰ ਨੂੰ ਕੁਚਲਣ ਦੇ ਪਿੱਛੇ ਮਨਸ਼ਾ ਇਹ ਹੈ ਕਿ ਬਿਜਲੀ ਬਿੱਲ, ਬੀਜ ਬਿੱਲ ਅਤੇ ਮੁਕਤ ਵਪਾਰ ਸਮਝੌਤਿਆਂ ਨੂੰ ਲਾਗੂ ਕਰਨ ’ਚ ਕਿਸਾਨ ਲਹਿਰ ਅੜਿੱਕਾ ਬਣੀ ਹੋਈ ਹੈ। ਜਿਸ ਕਾਰਨ ਹੀ ਲਗਾਤਾਰ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਨਕਸ਼ੇ ਕਦਮ ’ਤੇ ਚੱਲਦਿਆਂ ਕਿਸਾਨਾਂ ’ਤੇ ਜਬਰ ਢਾਹ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਜਬਰ ਨੂੰ ਬੰਦ ਕਰਨਾ ਚਾਹੀਦਾ ਹੈ ਅਤੇ ਜੇਲ੍ਹ ਵਿਚ ਬੰਦ ਕਿਸਾਨ ਆਗੂਆਂ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ, ਨਹੀਂ ਤਾਂ ਇਕ ਵੱਡੇ ਕਿਸਾਨ ਅੰਦੋਲਨ ਦਾ ਸਾਹਮਣਾ ਕਰਨ ਵਾਸਤੇ ਪੰਜਾਬ ਸਰਕਾਰ ਨੂੰ ਤਿਆਰ ਰਹਿਣਾ ਚਾਹੀਦਾ ਹੈ। ਸੂਬਾ ਸਰਕਾਰ ਦਾ ਇਹ ਪੁਤਲਾ ਸੜਿਆਲੀ ਖੁਰਦ ਬਸ ਸਟੈਂਡ ਤੇ ਫੂਕਿਆ ਗਿਆ। ਇਸ ਮੌਕੇ ਸੰਤੋਖ ਸਿੰਘ, ਬਲਦੇਵ ਸਿੰਘ, ਨਿਰਮਲ ਸਿੰਘ, ਪ੍ਰਿਤਪਾਲ ਸਿੰਘ, ਤਾਰਾ ਸਿੰਘ, ਕਸ਼ਮੀਰ ਸਿੰਘ, ਪੂਰਨ ਸਿੰਘ ਗਿੱਲ, ਮਿਰਾਜ ਸਿੰਘ, ਬਹਾਦਰ ਸਿੰਘ, ਹਰਜਿੰਦਰ ਸਿੰਘ, ਗੁਰਜੰਟ ਸਿੰਘ, ਦਵਿੰਦਰ ਸਿੰਘ, ਗੁਰਨਾਮ ਸਿੰਘ, ਗੁਰਜਿੰਦਰ ਸਿੰਘ, ਸਤਿਨਾਮ ਸਿੰਘ, ਸੱਤਾ ਸੁਖਚੈਨ ਸਿੰਘ, ਹਰਜਿੰਦਰ ਸਿੰਘ ਆਦਿ ਸ਼ਾਮਲ ਸਨ। ਇਸ ਮੌਕੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ।