ਸਰਕਾਰੀ ਹਾਈ ਸਕੂਲ ’ਚ ਮਾਪੇ-ਅਧਿਆਪਕ ਵਰਕਸ਼ਾਪ ਯਾਦਗਾਰੀ ਹੋ ਨਿੱਬੜੀ
ਸਰਕਾਰੀ ਹਾਈ ਸਕੂਲ ਸਰਾਏ ਅਮਾਨਤ ਖਾਂ ’ਚ ਮਾਪੇ-ਅਧਿਆਪਕ ਵਰਕਸ਼ਾਪ ਯਾਦਗਾਰੀ ਹੋ ਨਿੱਬੜੀ
Publish Date: Sat, 07 Feb 2026 06:20 PM (IST)
Updated Date: Sat, 07 Feb 2026 06:23 PM (IST)

- ਤਰਨਤਾਰਨ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਕੀਤੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਸਟਾਫ਼ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਸਰਕਾਰੀ ਹਾਈ ਸਕੂਲ ਸਰਾਏ ਅਮਾਨਤ ਖਾਂ ਵਿਖੇ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਮਕਸਦ ਨਾਲ ਵਿਸ਼ੇਸ਼ ਮਾਪੇ-ਅਧਿਆਪਕ ਵਰਕਸ਼ਾਪ ਕਰਵਾਈ ਗਈ। ਇਹ ਮੀਟਿੰਗ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਤਿਨਾਮ ਸਿੰਘ ਬਾਠ ਦੀ ਅਗਵਾਈ ਅਤੇ ਮੁੱਖ ਅਧਿਆਪਕਾ ਪਰਮਜੀਤ ਕੌਰ ਦੀ ਦੇਖ ਰੇਖ ਹੇਠ ਕਰਵਾਈ ਗਈ। ਇਸ ਵਰਕਸ਼ਾਪ ਵਿਚ ਸਕੂਲ ਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਵੱਧ-ਚੜ੍ਹ ਕੇ ਹਿੱਸਾ ਲਿਆ। ਮਾਪਿਆਂ ਦੀ ਵੱਡੀ ਗਿਣਤੀ ਨੇ ਇਹ ਸਾਬਿਤ ਕਰ ਦਿੱਤਾ ਕਿ ਉਹ ਆਪਣੇ ਬੱਚਿਆਂ ਦੇ ਭਵਿੱਖ ਪ੍ਰਤੀ ਕਿੰਨੇ ਸੁਚੇਤ ਹਨ। ਤਰਨਤਾਰਨ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਹਰਮੀਤ ਸਿੰਘ ਸੰਧੂ ਨੇ ਸਕੂਲ ਦੇ ਅਧਿਆਪਕਾਂ ਅਤੇ ਮਾਪਿਆਂ ਨਾਲ ਮਹੱਤਵਪੂਰਨ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਮਾਨਸਿਕ ਸਿਹਤ ਪ੍ਰਤੀ ਵਧੇਰੇ ਸੰਜੀਦਾ ਹੋਣ ਦੀ ਅਪੀਲ ਕੀਤੀ ਗਈ। ਉਨ੍ਹਾਂ ਬੱਚਿਆਂ ਦੀਆਂ ਰੋਜ਼ਾਨਾ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖਣ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਦੇਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੱਚੇ ਦੇ ਵਿਕਾਸ ਲਈ ਸਕੂਲ ਅਤੇ ਘਰ ਦਾ ਮਾਹੌਲ ਇਕਸਾਰ ਹੋਣਾ ਲਾਜ਼ਮੀ ਹੈ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਅਧਿਆਪਕਾਂ ਅਤੇ ਮਾਪਿਆਂ ਵਿਚਕਾਰ ਇਕ ਮਜ਼ਬੂਤ ਕੜੀ ਸਥਾਪਿਤ ਕਰਨਾ ਸੀ, ਤਾਂ ਜੋ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹਰ ਖੇਤਰ ਵਿਚ ਮੱਲਾਂ ਮਾਰ ਸਕਣ। ਇਸ ਮੌਕੇ ਹਰਮੀਤ ਸਿੰਘ ਸੰਧੂ ਨਾਲ ਵਿਰਸਾ ਸਿੰਘ ਭੁੱਲਰ, ਗੁਰਬੀਰ ਸਿੰਘ ਭੁੱਲਰ, ਸਰਬਜੀਤ ਸਿੰਘ ਕਠਾਨੀਆ, ਸਰਪੰਚ ਹੈਰੀ ਬੁਰਜ਼, ਗੁਰਜੀਤ ਸਿੰਘ ਢਿੱਲੋਂ ਆਦਿ ਪਤਵੰਤੇ ਹਾਜਰ ਸਨ। ਸਕੂਲ ਸਟਾਫ਼ ਨੇ ਵਿਧਾਇਕ ਹਰਮੀਤ ਸਿੰਘ ਸੰਧੂ ਨੂੰ ਸਨਮਾਨਿਤ ਕੀਤਾ ਅਤੇ ਆਏ ਹੋਏ ਸਾਰੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ।