ਸਕਿਓਰਿਟੀ ਗਾਰਡ ਨੇ ਏਟੀਐੱਮ ’ਤੇ ਭੁੱਲਿਆ ਪਰਸ ਮਾਲਕ ਨੂੰ ਮੋੜਿਆ
ਸਕਿਉਰਟੀ ਗਾਰਡ ਨੇ ਏਟੀਐੱਮ ’ਤੇ ਭੁੱਲਿਆ ਪਰਸ ਮਾਲਕ ਨੂੰ ਮੋੜਿਆ
Publish Date: Sat, 07 Feb 2026 06:02 PM (IST)
Updated Date: Sat, 07 Feb 2026 06:05 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ’ਚ ਯੂਨੀਅਨ ਬੈਂਕ ਦੇ ਏਟੀਐੱਮ ’ਤੇ ਭੁੱਲੇ ਪਰਸ ਨੂੰ ਸਕਿਓਰਿਟੀ ਗਾਰਡ ਨੇ ਉਸ ਦੇ ਮਾਲਕ ਹਵਾਲੇ ਕਰ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਤਰਨਤਾਰਨ ਵਾਸੀ ਸੁਖਵੰਤ ਸਿੰਘ ਨੇ ਦੱਸਿਆ ਕਿ ਉਹ ਪੈਸੇ ਕਢਵਾਉਣ ਲਈ ਏਟੀਐੱਮ ’ਤੇ ਗਿਆ ਸੀ ਅਤੇ ਉਸ ਨੇ ਆਪਣਾ ਪਰਸ ਏਟੀਐੱਮ ਮਸ਼ੀਨ ਦੇ ਉੱਪਰ ਰੱਖ ਲਿਆ। ਪੈਸੇ ਕਢਵਾਉਣ ਉਪਰੰਤ ਉਹ ਘਰ ਵਾਪਸ ਚਲਾ ਗਿਆ। ਜਦੋਂ ਉਸ ਨੇ ਘਰ ਜਾ ਕੇ ਦੇਖਿਆ ਤਾਂ ਜੇਬ ਵਿਚ ਪਰਸ ਨਹੀਂ ਸੀ। ਉਹ ਵਾਪਸ ਏਟੀਐੱਮ ’ਤੇ ਗਿਆ ਤਾਂ ਉੱਥੇ ਵੀ ਪਰਸ ਨਾ ਮਿਲਿਆ। ਉਹ ਘਬਰਾਹਟ ਵਿਚ ਹੀ ਸੀ ਕਿ ਕੁਝ ਸਮੇਂ ਬਾਅਦ ਹੀ ਉਸ ਨੂੰ ਏਟੀਐੱਮ ’ਚ ਡਿਊਟੀ ਕਰਦੇ ਸਕਿਓਰਿਟੀ ਗਾਰਡ ਨੇ ਫੋਨ ਕਰ ਕੇ ਬੈਂਕ ਬੁਲਾ ਲਿਆ। ਉਹ ਬੈਂਕ ਪੁੱਜਾ ਤਾਂ ਸਕਿਓਰਿਟੀ ਗਾਰਡ ਨੇ ਪੈਸੇ ਸਮੇਤ ਪਰਸ ਵਾਪਸ ਕਰ ਦਿੱਤਾ। ਪਰਸ ਵਿਚ 25 ਹਜ਼ਾਰ ਦੀ ਨਕਦੀ ਤੋਂ ਇਲਾਵਾ ਵਿਦੇਸ਼ੀ ਕਰੰਸੀ, ਆਧਾਰ ਕਾਰਡ, ਪੈਨ ਕਾਰਡ, ਏਟੀਐੱਮ ਕਾਰਡ ਤੋਂ ਇਲਾਵਾ ਕਾਗਜ਼ਾਤ ਸਨ। ਜੋ ਉਸੇ ਤਰ੍ਹਾਂ ਵਾਪਸ ਮਿਲ ਗਏ ਹਨ। ਉਨ੍ਹਾਂ ਬੈਂਕ ਦੇ ਸਕਿਓਰਿਟੀ ਗਾਰਡ ਰਣਜੀਤ ਸਿੰਘ ਵੱਲੋਂ ਦਿਖਾਈ ਗਈ ਇਮਾਨਦਾਰੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜਿੱਥੇ ਹਰ ਰੋਜ਼ ਲੋਕ ਠੱਗਾਂ ਦਾ ਸ਼ਿਕਾਰ ਹੋ ਰਹੇ ਹਨ। ਉੱਥੇ ਹੀ ਅਜਿਹੇ ਇਮਾਨਦਾਰ ਮੁਲਾਜ਼ਮਾਂ ਕਰ ਕੇ ਲੋਕਾਂ ਦਾ ਵਿਸ਼ਵਾਸ ਕਾਇਮ ਹੈ। ਇਮਾਨਦਾਰੀ ਹੀ ਇੱਕ ਬਹੁਤ ਵੱਡੀ ਨੇਕ ਨੀਤੀ ਹੈ। ਜੋ ਇਸ ਨੇਕ ਨੀਤੀ ਨਾਲ ਆਪਣਾ ਕੰਮ ਕਰਦਾ ਹੈ, ਉਹ ਹੀ ਅੱਗੇ ਸਫਲਤਾ ਪਾਉਂਦਾ ਹੈ। ਇਸ ਮੌਕੇ ਉਨ੍ਹਾਂ ਬੈਂਕ ਦੇ ਅਧਿਕਾਰੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਵੀ ਕੀਤਾ। ਉਧਰ ਰਣਜੀਤ ਸਿੰਘ ਦੀ ਇਲਾਕੇ ’ਚ ਭਰਪੂਰ ਪ੍ਰਸ਼ੰਸਾ ਹੋ ਰਹੀ ਹੈ।