ਹਾਰਡਵੇਅਰ ਤੇ ਪੇਂਟ ਸਟੋਰ ਨੂੰ ਲੱਗੀ ਅੱਗ, ਸਾਮਾਨ ਸੜ ਕੇ ਸੁਆਹ
ਝਬਾਲ ’ਚ ਹਾਰਡਵੇਅਰ ਤੇ ਪੇਂਟ ਸਟੋਰ ਨੂੰ ਲੱਗੀ ਅੱਗ, ਇਕ ਕਰੋੜ ਦਾ ਸਾਮਾਨ ਸੜ ਕੇ ਸੁਆਹ
Publish Date: Sat, 07 Feb 2026 05:44 PM (IST)
Updated Date: Sat, 07 Feb 2026 05:47 PM (IST)
ਤੇਜਿੰਦਰ ਸਿੰਘ ਬੱਬੂ, •ਪੰਜਾਬੀ ਜਾਗਰਣ
ਝਬਾਲ : ਅੱਡਾ ਝਬਾਲ ਵਿਖੇ ਰੰਗ ਰੋਗਨ, ਇਲੈਕਟਰੀਸ਼ਨ ਦਾ ਸਾਮਾਨ ਅਤੇ ਹਾਰਡਵੇਅਰ ਦੇ ਸਾਮਾਨ ਨਾਲ ਭਰੀ ਦੁਕਾਨ ਨੂੰ ਬੀਤੀ ਦੇਰ ਰਾਤ ਅਚਾਨਕ ਲੱਗੀ ਅੱਗ ਨਾਲ ਕਰੀਬਨ ਇੱਕ ਕਰੋੜ ਦੀ ਕੀਮਤ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸ਼ਮੇਸ਼ ਟ੍ਰੇਡਿੰਗ ਕੰਪਨੀ ਦੇ ਮਾਲਕ ਸਤਨਾਮ ਸਿੰਘ ਨੇ ਦੱਸਿਆ ਕਿ ਅੱਡਾ ਝਬਾਲ ਅੰਮ੍ਰਿਤਸਰ ਰੋਡ ’ਤੇ ਉਨ੍ਹਾਂ ਦੀ ਹਾਰਡਵੇਅਰ, ਇਲੈਕਟਰੀਸ਼ਨ ਦੇ ਸਾਮਾਨ ਅਤੇ ਰੰਗ ਰੋਗਨ ਦੀ ਦੁਕਾਨ ਹੈ। ਜਿਸ ਨੂੰ ਉਹ ਰਾਤ ਨੂੰ ਬੰਦ ਕਰ ਕੇ ਪਿਛਲੇ ਪਾਸੇ ਬਣੇ ਘਰ ਵਿਚ ਚਲੇ ਗਏ। ਅੱਧੀ ਕੁ ਰਾਤ ਨੂੰ ਅਚਾਨਕ ਪਟਾਖੇ ਦੀ ਜ਼ੋਰਦਾਰ ਆਵਾਜ਼ ਸੁਣਨ ’ਤੇ ਉਨ੍ਹਾਂ ਉੱਠ ਕੇ ਵੇਖਿਆ ਤਾਂ ਦੁਕਾਨ ਵਿੱਚੋਂ ਧੂਆਂ ਨਿਕਲ ਰਿਹਾ ਸੀ। ਜਦੋਂਕਿ ਦੇਖਦਿਆਂ ਹੀ ਦੇਖਦਿਆਂ ਦੁਕਾਨ ਵਿਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗ ਪਈਆਂ। ਉਨ੍ਹਾਂ ਰੌਲਾ ਪਾਇਆ ਤਾਂ ਲੋਕਾਂ ਨੇ ਇਕੱਠੇ ਹੋ ਕੇ ਅੱਗ ’ਤੇ ਕਾਬੂ ਪਾਉਣ ਦੀ ਆਪਣੇ ਪੱਧਰ ’ਤੇ ਕੋਸ਼ਿਸ਼ ਕੀਤੀ। ਜਦੋਂਕਿ ਕਾਲ ਕਰਨ ਉਪਰੰਤ ਮੌਕੇ ’ਤੇ ਪਹੁੰਚੀਆਂ ਪੰਜ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਮਦਦ ਨਾਲ ਅੱਗ ਬੜੀ ਮੁਸ਼ਕਿਲ ਨਾਲ ਬੁਝਾਈ ਗਈ। ਸਤਨਾਮ ਸਿੰਘ ਮੁਤਾਬਿਕ ਅੱਗ ਨਾਲ ਲਗਭਗ ਇੱਕ ਕਰੋੜ ਦਾ ਮਾਲੀ ਨੁਕਸਾਨ ਹੋਇਆ ਹੈ। ਉਨ੍ਹਾਂ ਮੁਤਾਬਿਕ ਅੱਗ ਦੇ ਕਾਰਨਾਂ ਦਾ ਠੋਸ ਪਤਾ ਨਹੀਂ ਲੱਗ ਸਕਿਆ। ਜ਼ਿਕਰਯੋਗ ਹੈ ਕਿ ਇਸੇ ਰੋਡ ’ਤੇ ਕੁਝ ਕੁ ਦੂਰੀ ’ਤੇ ਨਵੰਬਰ 2025 ਨੂੰ ਦੁਕਾਨ ’ਚ ਅੱਗ ਲੱਗ ਗਈ ਸੀ, ਜਿਸ ਕਾਰਨ ਦੁਕਾਨ ਜਾ ਲੈਂਟਰ ਵੀ ਝੁਕ ਗਿਆ ਸੀ। ਇਸ ਮੌਕੇ ਦੁਕਾਨ ਮਾਲਕ ਨਾਲ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ਼ ਕਰਨਬੀਰ ਸਿੰਘ ਬੁਰਜ਼ ਨੇ ਹਮਦਰਦੀ ਪ੍ਰਗਟ ਕੀਤੀ ਤੇ ਸਰਕਾਰ ਕੋਲੋਂ ਮੰਗ ਕੀਤੀ ਕਿ ਅੱਗ ਲੱਗਣ ਕਾਰਨ ਦੁਕਾਨਦਾਰ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ। ਜਿਸ ਦੀ ਭਰਭਾਈ ਕੀਤੀ ਨਹੀਂ ਜਾ ਸਕਦੀ। ਪਰ ਦੁਕਾਨਦਾਰ ਨੂੰ ਮੁੜ ਲੀਹਾਂ ‘ਤੇ ਲਿਆਉਣ ਲਈ ਸਹਾਇਤਾ ਕੀਤੀ ਜਾਵੇ।