ਮਹਾਂ ਪੰਜਾਬ ਦੀ ਵਾਗਡੋਰ ਸੰਭਾਲਣ ਵਾਲੇ ਮਰਹੂਮ ਸੀਐੱਮ ਕੈਰੋਂ ਨੂੰ ਪੰਜਾਬ ਕਦੇ ਨਹੀਂ ਵਿਸਾਰ ਸਕਦਾ
ਅੱਜ ਬਰਸੀ ’ਤੇ ਵਿਸ਼ੇਸ਼
Publish Date: Sat, 07 Feb 2026 04:48 PM (IST)
Updated Date: Sat, 07 Feb 2026 04:50 PM (IST)

- ਅੱਜ ਬਰਸੀ ’ਤੇ ਵਿਸ਼ੇਸ਼ ਬੱਲੂ ਮਹਿਤਾ, •ਪੰਜਾਬੀ ਜਾਗਰਣ ਪੱਟੀ : ਮਹਾਂ ਪੰਜਾਬ ਦੀ ਵਾਗਡੋਰ ਸੰਭਾਲਣ ਵਾਲੇ ਮਰਹੂਮ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਜਿਨ੍ਹਾਂ ਨੇ ਅਣਗਿਣਤ ਲੋਕ ਹਿੱਤੀ ਕੰਮ ਕਰਵਾਏ ਹਨ। ਉਨ੍ਹਾਂ ਦੀ ਵੱਡੇ ਪੰਜਾਬ ਨੂੰ ਦਿੱਤੀ ਦੇਣ ਪੰਜਾਬ ਕਦੇ ਨਹੀਂ ਵਿਸਾਰ ਸਕਦਾ। ਸੂਬੇ ਅੰਦਰ ਐਗਰੀਕਲਚਰ ਯੂਨੀਵਰਸਿਟੀ, ਪੀਜੀਆਈ ਚੰਡੀਗੜ੍ਹ, ਦਰਿਆਵਾਂ ’ਤੇ ਹੜ੍ਹ ਰੋਕਣ ਲਈ ਬੰਨ੍ਹ, ਬਿਜਲੀ ਦਾ ਸੂਬੇ ਅੰਦਰ ਲਿਆਉੁਣਾ ਅਜਿਹੇ ਕੰਮਾਂ ਕਾਰਨ ਕੈਰੋਂ ਹਮੇਸ਼ਾ ਲੋਕਾਂ ਦੇ ਦਿਲਾਂ ’ਤੇ ਰਾਜ ਕਰਦੇ ਆ ਰਹੇ ਹਨ। ਇੱਕ ਅਕਤੂਬਰ 1901 ਨੂੰ ਮਾਝੇ ਦੇ ਸਿੱਖ ਇਤਿਹਾਸ ਵਿਚ ਕੁਰਬਾਨ ਹੋਣ ਵਾਲੇ ਸਿੱਖਾਂ ਦੇ ਪਿੰਡ ਕੈਰੋਂ ਦੇ ਵਸਨੀਕ ਨਿਹਾਲ ਸਿੰਘ ਢਿੱਲੋਂ ਦੇ ਘਰ ਜਨਮੇ ਪ੍ਰਤਾਪ ਸਿੰਘ ਕੈਰੋਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਦਾਖਲਾ ਲਿਆ ਅਤੇ ਪੜ੍ਹਾਈ ਵਿਚਾਲੇ ਹੀ ਛੱਡ ਕੇ ਉਹ ਵਿਦੇਸ਼ ਚਲੇ ਗਏ, ਉੱਥੇ ਲਗਾਤਾਰ 10 ਸਾਲ ਰੋਜ਼ਾਨਾ 12-14 ਘੰਟੇ ਕੰਮ ਕੀਤਾ। ਉੱਥੇ ਕੀਤੇ ਤਜ਼ਰਬਿਆਂ ਨੂੰ ਆਪਣੇ ਰਾਜ ’ਚ ਵੀ ਲਾਗੂ ਕੀਤਾ। ਪੋਲੀਟੀਕਲ ਸਾਇੰਸ ਵਿਚ ਮਾਸਟਰ ਡਿਗਰੀ ਅਮਰੀਕਾ ਦੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। 1929 ’ਚ ਪ੍ਰਤਾਪ ਸਿੰਘ ਕੈਰੋਂ ਵਾਪਸ ਭਾਰਤ ਪਰਤੇ। ਉਨ੍ਹਾਂ ਨੇ 13 ਅਪ੍ਰੈਲ 1932 ’ਚ ਆਪਣਾ ਹਫ਼ਤਾਵਾਰੀ ਅੰਗਰੇਜ਼ੀ ਅਖ਼ਬਾਰ ਸ਼ੁਰੂ ਕੀਤਾ। ਫਿਰ ਅਖਬਾਰ ਬੰਦ ਕਰ ਕੇ ਰਾਜਨੀਤੀ ’ਚ ਪ੍ਰਵੇਸ਼ ਕੀਤਾ। ਉਹ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਅਤੇ ਬਾਅਦ ’ਚ ਇੰਡੀਅਨ ਕਾਂਗਰਸ ਦੇ 1932 ’ਚ ਸ਼ਾਮਲ ਹੋ ਗਏ। 1937 ’ਚ ਪ੍ਰਤਾਪ ਸਿੰਘ ਕੈਰੋਂ ਅਕਾਲੀ ਪਾਰਟੀ ਵੱਲੋਂ ਚੋਣ ਲੜੇ ਤਾਂ ਕਾਂਗਰਸ ਉਮੀਦਵਾਰ ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਨੂੰ ਹਰਾ ਕੇ ਅਸੈਂਬਲੀ ਮੈਂਬਰ ਬਣੇ। ਸੰਨ੍ਹ 1941 ਤੋਂ 1946 ਤਕ ਜਨਰਲ ਸਕੱਤਰ ਪੰਜਾਬ ਪ੍ਰੋਵੈਂਸ਼ਲ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ। 1942 ਵਿਚ ਕੁਇੱਟ ਇੰਡੀਆ ਮੁਵਮੈਂਟ ਦੌਰਾਨ ਜੇਲ੍ਹ ਵੀ ਗਏ। 1947 ਦਾ ਦੇਸ਼ ਆਜ਼ਾਦ ਹੋਣ ਉਪਰੰਤ ਸ੍ਰੀ ਸਾਹਿਬ ਮੁੜ ਵਸੇਬਾ ਅਤੇ ਮਾਲ ਮੰਤਰੀ ਸੰਨ੍ਹ 1947 ਤੋਂ 1949 ਤਕ ਬਣੇ। ਉਹ 1952 ਤੋਂ 1964 ਤਕ ਵੱਡੇ ਮਹਾਂ ਪੰਜਾਬ ਦੇ ਮੁੱਖ ਮੰਤਰੀ ਰਹੇ। ਮੁੱਖ ਮੰਤਰੀ ਹੁੰਦਿਆਂ ਉਨ੍ਹਾਂ ਨੇ ਸੂਬੇ ਅੰਦਰ ਹਰੀ ਕ੍ਰਾਂਤੀ, ਚਿੱਟੀ ਕ੍ਰਾਂਤੀ, ਚੰਡੀਗੜ੍ਹ ਵਸਾਇਆ ਅਤੇ ਇੱਥੇ ਇੰਡਸਟਰੀ ਲਿਆਂਦੀ, ਫਰੀਦਾਬਾਦ (ਹਰਿਅਣਾ) ’ਚ ਇੰਡਸਟਰੀ ਲਵਾਈ, ਸਾਰੇ ਜ਼ਿਲ੍ਹਿਆਂ ’ਚ ਪਾਲੀਟੈਕਨਿਕ ਕਾਲਜ, ਇੰਜੀਨੀਅਰਿੰਗ ਕਾਲਜ, ਆਈਟੀਆਈਜ਼ ਖੋਲ੍ਹਣ ਤੋਂ ਇਲਾਵਾ ਪ੍ਰਾਇਮਰੀ ਅਤੇ ਮਿਡਲ ਸਿੱਖਿਆ ਮੁਫ਼ਤ ਅਤੇ ਲਾਜ਼ਮੀ ਬਣਾਈ। ਕੈਰੋਂ ਨੇ ਪੰਜਾਬ ਦੀ ਸੁੰਦਰ ਦਿੱਖ ਬਣਾਉਣ ਲਈ ਸੜਕਾਂ ਬਣਾਈਆਂ, ਨਹਿਰੀ ਪਾਣੀ ਦੀ ਵਿਉਂਤਬੰਦੀ ਸੁਧਾਰੀ ਅਤੇ ਨਵੀਨੀਕਰਨ ਕੀਤਾ। ਉਹ ਰਾਸ਼ਟਰੀ ਪੱਧਰ ’ਤੇ ਕਾਮਯਾਬ ਮੁੱਖ ਮੰਤਰੀ ਵਜੋਂ ਉਭਰੇ। ਸੰਨ੍ਹ 1964 ’ਚ ਦਾਸ ਕਮਿਸ਼ਨ ਦੀ ਪੜਤਾਲ ਦੌਰਾਨ ਉਨ੍ਹਾਂ ਖ਼ਿਲਾਫ ਰਿਪੋਰਟ ਪੇਸ਼ ਹੋਈ ਤਾਂ ਉਨ੍ਹਾਂ ਨੈਤਿਕ ਅਤੇ ਉੁੱਚ ਸਿਆਸੀ ਸਮਝ ਕਾਰਨ ਅਸਤੀਫ਼ਾ ਦੇ ਦਿੱਤਾ। 6 ਫਰਵਰੀ 1965 ਨੂੰ ਦਿੱਲੀ ਤੋਂ ਚੰਡੀਗੜ੍ਹ ਵਾਪਸ ਆਉਂਦਿਆਂ ਰੋਹਤਕ ਹਰਿਆਣਾ ਨੇੜੇ ਕੁਝ ਵਿਅਕਤੀਆਂ ਨੇ ਹਮਲਾ ਕੀਤਾ। ਜਿਸ ਦੌਰਾਨ ਪ੍ਰਤਾਪ ਸਿੰਘ ਕੈਰੋਂ ਅਤੇ ਉਨ੍ਹਾਂ ਦੇ ਨਿੱਜੀ ਸਕੱਤਰ ਜ਼ਿੰਦਗੀ ਨੂੰ ਅਲਵਿਦਾ ਕਹਿ ਗਏ ਸਨ। ਪੱਟੀ ਦੇ ਪਿੰਡ ਕੈਰੋਂ ’ਚ ਉਨ੍ਹਾਂ ਦੀ ਯਾਦ ’ਚ ਬਣੇ ਸਮਾਰਕ ’ਤੇ ਹਰ ਸਾਲ ਕੈਰੋਂ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਵੱਲੋਂ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਜਾਂਦੇ ਹਨ।