ਪਿੰਡ ਬਾਹਮਣੀਵਾਲਾ ’ਚ ਸਾਲਾਨਾ ਜੋੜ ਮੇਲਾ 10 ਨੂੰ
ਪਿੰਡ ਬਾਹਮਣੀਵਾਲਾ ’ਚ ਸਾਲਾਨਾ ਜੋੜ ਮੇਲਾ 10 ਫਰਵਰੀ ਨੂੰ
Publish Date: Sat, 07 Feb 2026 04:37 PM (IST)
Updated Date: Sat, 07 Feb 2026 04:38 PM (IST)

- ਰੰਗ ਬਿਰੰਗੀਆਂ ਲਾਈਟਾਂ ਨਾਲ ਸਜਿਆ ਬਾਬਾ ਭੂਪ ਸਿੰਘ ਦਾ ਗੁਰਦੁਆਰਾ - ਭਲਕੇ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ ਕੇਪੀ ਗਿੱਲ•, ਪੰਜਾਬੀ ਜਾਗਰਣ ਕੈਰੋਂ : ਪਿੰਡ ਬਾਹਮਣੀਵਾਲਾ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਭੂਪ ਸਿੰਘ ਦਾ ਸਾਲਾਨਾ ਜੋੜ ਮੇਲਾ 10 ਫਰਵਰੀ ਸੋਮਵਾਰ ਨੂੰ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਜਾਣਕਾਰੀ ਦਿੰਦਿਆਂ ਮੇਲਾ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਪੰਜਾਬ ਦੇ ਇਤਿਹਾਸ ਨੂੰ ਤੇ ਪੰਜਾਬ ਦੀ ਸ਼ਾਨ ਨੂੰ ਕਾਇਮ ਰੱਖਦੇ ਹੋਏ ਸ਼ਾਮ ਸਿੰਘ ਅਟਾਰੀ ਵਾਲਿਆਂ ਦੀ ਫੌਜ ਦੇ ਯੋਧੇ ਸੰਤ ਸਿਪਾਹੀ ਬਾਬਾ ਭੂਪ ਸਿੰਘ ਸਭਰਾਵਾਂ ਦੇ ਜੰਗ ਦੇ ਮੈਦਾਨ ਵਿਚ ਅੰਗਰੇਜ਼ ਫੌਜੀਆਂ ਨਾਲ 10 ਫਰਵਰੀ 1846 ਨੂੰ ਧਿਆਨ ਸਿੰਘ ਡੋਗਰੇ ਵੱਲੋਂ ਗਦਾਰੀ ਕਰਨ ’ਤੇ ਮੁੱਠਭੇੜ ਦੀ ਲੜਾਈ ਵਿਚ ਗੋਲੀਆਂ ਦੀ ਬੁਛਾੜ ਦਾ ਸਾਹਮਣਾ ਕਰਦੇ ਹੋਏ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਸ਼ਹੀਦੀ ਨੂੰ ਤਾਜਾ ਕਰਦੇ ਹੋਏ ਇਹ ਸਾਲਾਨਾ ਜੋੜ ਮੇਲਾ ਇਲਾਕੇ ਦੀਆ ਸੰਗਤਾਂ ਵੱਲੋਂ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ 6 ਫਰਵਰੀ ਤੋਂ ਸ੍ਰੀ ਅਖੰਡ ਪਾਠ ਸਹਿਬ ਦੀਆਂ ਲੜੀਆਂ ਆਰੰਭ ਕੀਤੀਆਂ ਗਈਆਂ ਹਨ, ਜਿਨ੍ਹਾਂ ਦੇ ਭੋਗ 10 ਫਰਵਰੀ ਨੂੰ ਪਾਏ ਜਾਣਗੇ। ਇਸ ਤੋਂ ਪਹਿਲਾਂ 9 ਫਰਵਰੀ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ, ਜੋ ਪਿੰਡ ਉਬੋਕੇ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਿਤ ਹੋਵੇਗਾ। 10 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ। ਜਿਸ ਵਿਚ ਵੱਖ-ਵੱਖ ਰਾਗੀ ਢਾਡੀ ਜਥਿਆਂ ਵੱਲੋਂ ਕਥਾ ਕੀਰਤਨ ਰਾਹੀਂ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਮੇਲੇ ਦੌਰਾਨ ਸੰਤ ਬਾਬਾ ਗਿਆਨ ਸਿੰਘ ਮਨਿਹਾਲੇ ਵਾਲੇ, ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਸਹਿਬ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ ਅਤੇ ਬਾਬਾ ਸੁਰਜੀਤ ਸਿੰਘ ਗੁਰਦੁਆਰਾ ਝਾੜ ਸਾਹਿਬ ਕੈਰੋਂ ਵਾਲੇ ਵਿਸ਼ੇਸ ਤੌਰ ’ਤੇ ਸ਼ਿਰਕਤ ਕਰਨਗੇ। ਸ਼ਾਮ ਨੂੰ ਇਲਾਕੇ ਦੀਆਂ ਨਾਮਵਰ ਕਬੱਡੀ ਦੀਆਂ ਟੀਮਾਂ ਵਿਚਕਾਰ ਸ਼ੋਅ ਮੈਚ ਹੋਣਗੇ। ਮੇਲੇ ਦੇ ਸਬੰਧ ਵਿਚ ਹੀ 6 ਫਰਵਰੀ ਤੋਂ ਗੁਰਦੁਆਰਾ ਸਾਹਿਬ ਨੂੰ ਰੰਗ ਬਿਰੰਗੀਆਂ ਲਾਈਟਾਂ ਨਾਲ ਸਜਾ ਦਿੱਤਾ ਗਿਆ, ਜੋ ਕਿ ਕਾਫ਼ੀ ਖਿੱਚ ਦਾ ਕੇਂਦਰ ਬਣਿਆ ਹੈ। ਜ਼ਿਕਰਯੋਗ ਹੈ ਕਿ ਬਾਬਾ ਭੂਪ ਸਿੰਘ ਦੇ ਇਸ ਸਾਲਾਨਾ ਜੋੜ ਮੇਲੇ ਨੂੰ ਲੈ ਕੇ ਇਲਾਕੇ ਦੀਆਂ ਸੰਗਤਾਂ ’ਚ ਭਾਰੀ ਉਤਸ਼ਾਹ ਭਰਿਆ ਹੁੰਦਾ ਹੈ ਤੇ ਉਹ ਬੇਸਬਰੀ ਨਾਲ ਮੇਲੇ ਦੀ ਉਡੀਕ ਵਿਚ ਹੁੰਦੇ ਹਨ। ਇਸ ਤੋਂ ਇਲਾਵਾ ਸਾਲਾਨਾ ਜੋੜ ਮੇਲੇ ਦੇ ਸਬੰਧ ’ਚ ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੁਸਾਇਟੀ ਪੱਟੀ ਵੱਲੋਂ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਹਮਣੀ ਵਾਲਾ ਵਿਖੇ ਲਾਇਆ ਜਾਵੇਗਾ, ਜਿਸ ਦੌਰਾਨ ਲੋੜਵੰਦ ਲੋਕਾਂ ਦੇ ਆਪ੍ਰੇਸ਼ਨ ਮੁਫ਼ਤ ਕਰਵਾਏ ਜਾਣਗੇ।