ਪਟਿਆਲੇ ਤੋਂ ਦੋਸਤਾਂ ਨਾਲ ਆਏ ਵਿਅਕਤੀ ਦੀ ਖਡੂਰ ਸਾਹਿਬ ’ਚੋਂ ਮਿਲੀ ਲਾਸ਼
ਪਟਿਆਲੇ ਤੋਂ ਦੋਸਤਾਂ ਨਾਲ ਆਏ ਪਟਿਆਲਾ ਵਾਸੀ ਦੀ ਖਡੂਰ ਸਾਹਿਬ ’ਚੋਂ ਮਿਲੀ ਲਾਸ਼
Publish Date: Fri, 06 Feb 2026 08:34 PM (IST)
Updated Date: Sat, 07 Feb 2026 04:09 AM (IST)

* ਸੋਸ਼ਲ ਮੀਡੀਆ ’ਤੇ ਤਸਵੀਰਾਂ ਵਾਇਰਲ ਹੋਣ ਮਗਰੋਂ ਮਿਲੀ ਪਰਿਵਾਰ ਨੂੰ ਜਾਣਕਾਰੀ * ਪੁਲਿਸ ਨੇ ਦੋ ਜਣਿਆਂ ਵਿਰੁੱਧ ਦਰਜ ਕੀਤਾ ਕਤਲ ਦਾ ਕੇਸ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ਪਟਿਆਲਾ ਜ਼ਿਲ੍ਹੇ ਤੋਂ ਦੋਸਤਾਂ ਸਮੇਤ ਆਏ ਇਕ ਵਿਅਕਤੀ ਦੀ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਖਡੂਰ ਸਾਹਿਬ ’ਚੋਂ ਲਾਸ਼ ਮਿਲੀ ਹੈ। ਸੋਸ਼ਲ ਮੀਡੀਆ ’ਤੇ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵੱਲੋਂ ਉਸ ਦੀ ਸ਼ਨਾਖਤ ਕੀਤੀ ਗਈ। ਜਦੋਂਕਿ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਦੋ ਜਣਿਆਂ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਣੀ ਅਜੇ ਬਾਕੀ ਹੈ। ਗੁਰਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਸ਼ੈਫਦੀਪੁਰ ਜ਼ਿਲ੍ਹਾ ਪਟਿਆਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਸਾਲਾ ਸ਼ਾਹਸਿਕੰਦਰ ਸਿੰਘ ਉਰਫ ਸਿਕੰਦਰ ਪੁੱਤਰ ਮਲੂਕ ਸਿੰਘ ਵਾਸੀ ਢੱਡਰੀਆਂ, ਪਟਿਆਲਾ ਵਿਖੇ ਕਿਰਾਏ ’ਤੇ ਰਹਿੰਦਾ ਸੀ। 3 ਫਰਵਰੀ ਨੂੰ ਉਸ ਦੇ ਸਾਲੇ ਦਾ ਦੋਸਤ ਗੁਰਨਾਮ ਸਿੰਘ ਪੀਟਰ ਪੁੱਤਰ ਜੋਗਿੰਦਰਪਾਲ ਸਿੰਘ ਵਾਸੀ ਸ਼ਤਰਾਣਾ ਤੇ ਇਕ ਹੋਰ ਅਣਪਛਾਤੇ ਨੌਜਵਾਨ ਨੇ ਸ਼ਾਹਸਿਕੰਦਰ ਸਿੰਘ ਨੂੰ ਕਿਹਾ ਕਿ ਉਨ੍ਹਾਂ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਖਡੂਰ ਸਾਹਿਬ ਕਿਸੇ ਕੰਮ ਲਈ ਜਾਣਾ ਹੈ ਤੇ ਉਹ ਵੀ ਉਨ੍ਹਾਂ ਨਾਲ ਚੱਲੇ। ਜਿਸ ਕਾਰਨ ਗੁਰਨਾਮ ਸਿੰਘ ਪੀਟਰ ਤੇ ਉਕਤ ਅਣਪਛਾਤੇ ਨੌਜਵਾਨ ਦੇ ਨਾਲ ਸ਼ਾਹਸਿਕੰਦਰ ਸਿੰਘ ਸਵੇਰੇ ਕਰੀਬ ਦਸ ਵਜੇ ਹੁੰਡਾਈ ਔਰਾ ਕਾਰ (ਪੀਬੀ01-ਈ-1520) ’ਤੇ ਸਵਾਰ ਹੋ ਕੇ ਪਟਿਆਲੇ ਤੋਂ ਚੱਲ ਪਏ। ਜਦਕਿ ਚਾਰ ਫਰਵਰੀ ਸ਼ਾਮ ਤੱਕ ਵੀ ਉਸ ਦਾ ਸਾਲਾ ਘਰ ਨਾ ਪਰਤਿਆ। ਫਿਰ ਅਗਲੇ ਦਿਨ ਸ਼ੋਸ਼ਲ ਮੀਡੀਆ ਤੋਂ ਪਤਾ ਲੱਗਾ ਕਿ ਖਡੂਰ ਸਾਹਿਬ ’ਚ ਅਣਪਛਾਤੀ ਲਾਸ਼ ਮਿਲੀ ਹੈ। ਜਦੋਂ ਉਨ੍ਹਾਂ ਤਸਵੀਰਾਂ ਵੇਖੀਆਂ ਤਾਂ ਇਹ ਲਾਸ਼ ਉਸ ਦੇ ਸਾਲੇ ਦੀ ਨਿਕਲੀ। ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਨੇ ਆਪਣੀ ਸ਼ਿਕਾਇਤ ’ਚ ਗੁਰਨਾਮ ਸਿੰਘ ਪੀਟਰ ਤੇ ਅਣਪਛਾਤੇ ਵਿਅਕਤੀ ਵੱਲੋਂ ਸ਼ਾਹਸਿਕੰਦਰ ਨੂੰ ਕਤਲ ਕਰਨ ਦਾ ਦੋਸ਼ ਲਾਇਆ ਹੈ। ਜਿਸ ਕਾਰਨ ਦੋਵਾਂ ਨੂੰ ਕੇਸ ’ਚ ਨਾਮਜ਼ਦ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਦਕਿ ਸਿਵਲ ਹਸਪਤਾਲ ਤਰਨਤਾਰਨ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।