ਗੌਰਮਿੰਟ ਪੈਨਸ਼ਨਰ ਯੂਨੀਅਨ 12 ਦੀ ਹੜਤਾਲ ’ਚ ਲਵੇਗੀ ਹਿੱਸਾ : ਲਾਲਪੁਰਾ
ਗੌਰਮਿੰਟ ਪੈਨਸ਼ਨਰ ਯੂਨੀਅਨ 12 ਫਰਵਰੀ ਦੀ ਹੜਤਾਲ ’ਚ ਵਧ ਚੜ੍ਹ ਕੇ ਭਾਗ ਲਵੇਗੀ - ਕਰਮ ਸਿੰਘ ਲਾਲਪੁਰਾ
Publish Date: Fri, 06 Feb 2026 06:50 PM (IST)
Updated Date: Fri, 06 Feb 2026 06:53 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਗੌਰਮਿੰਟ ਪੈਨਸ਼ਨਰ ਯੂਨੀਅਨ ਪੰਜਾਬ ਜ਼ਿਲ੍ਹਾ ਤਰਨਤਾਰਨ ਦੀ ਮਹੀਨਾਵਾਰ ਮੀਟਿੰਗ ਸ਼ੁੱਕਰਵਾਰ ਗਾਂਧੀ ਪਾਰਕ ਤਰਨਤਾਰਨ ਵਿਖੇ ਕਰਮ ਸਿੰਘ ਅਤੇ ਸੁਰਜੀਤ ਸਿੰਘ ਝਾਮਕਾ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾਂ ਪੈਨਸ਼ਨਰ ਦਿਵਸ ’ਤੇ ਚੁਣੀ ਗਈ 11 ਮੈਂਬਰੀ ਕਮੇਟੀ ਵਿਚੋਂ ਕਰਮ ਸਿੰਘ ਨੂੰ ਦੁਬਾਰਾ ਜ਼ਿਲ੍ਹਾ ਪ੍ਰਧਾਨ, ਡਾ. ਅਜਮੇਰ ਸਿੰਘ ਨੂੰ ਜਨਰਲ ਸਕੱਤਰ, ਕੁਲਵੰਤ ਸਿੰਘ ਗਿੱਲ ਨੂੰ ਕੈਸ਼ੀਅਰ, ਜਸਵਿੰਦਰ ਸਿੰਘ ਨੂੰ ਚੇਅਰਮੈਨ, ਸੁਰਜੀਤ ਸਿੰਘ ਝਾਮਕਾ ਤੇ ਨਛੱਤਰ ਸਿੰਘ ਪੰਨੂ ਨੂੰ ਸੀਨੀਅਰ ਮੀਤ ਪ੍ਰਧਾਨ, ਇੰਦਰਜੀਤ ਮਰਾਹਣਾ ਤੇ ਨਰਿੰਦਰ ਬਘਿਆੜੀ ਨੂੰ ਮੀਤ ਪ੍ਰਧਾਨ, ਸਰਵਣ ਸਿੰਘ ਨੂੰ ਜੁਆਇੰਟ ਸਕੱਤਰ, ਵਿਜੇ ਕੁਮਾਰ ਜੋਸ਼ੀ ਨੂੰ ਸਹਾਇਕ ਕੈਸ਼ੀਅਰ ਅਤੇ ਤਰਸੇਮ ਸਿੰਘ ਲਾਲੂ ਘੁੰਮਣ ਨੂੰ ਪ੍ਰੈੱਸ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਜਸਵਿੰਦਰ ਸਿੰਘ ਮਾਣੋਚਾਹਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਪ੍ਰਤੀ ਧਾਰਨ ਕੀਤਾ ਵਤੀਰਾ ਅਤਿ ਨਿੰਦਣਯੋਗ ਹੈ। ਕਿਉਂਕਿ ਸਰਕਾਰ ਨੇ ਪੈਨਸ਼ਨਰਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਪੂਰਨ ਰੂਪ ਵਿਚ ਲਾਗੂ ਨਹੀਂ ਕੀਤੀ, ਨਵੇਂ ਤੇ ਪੁਰਾਣੇ ਪੈਨਸ਼ਨਰਾਂ ਦੀ ਪੈਨਸ਼ਨ ਫਿਕਸ ਕਰਨ ਸਮੇਂ ਅਸਮਾਨਤਾ ਪੈਦਾ ਕੀਤੀ ਹੈ, ਡੀਏ ਦੀਆਂ ਬਣਦੀਆਂ ਕਿਸ਼ਤਾਂ ਦਾ ਭੁਗਤਾਨ ਨਹੀਂ ਕੀਤਾ ਅਤੇ ਜਨਵਰੀ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ’ਤੇ ਪੁਰਾਣੀ ਪੈਨਸ਼ਨ ਸਕੀਮ ਵੀ ਲਾਗੂ ਨਹੀਂ ਕੀਤੀ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ 10 ਲੱਖ ਵਾਲੀ ਸਿਹਤ ਬੀਮਾ ਸਕੀਮ ਬਾਰੇ ਵਿਸਥਾਰ ਸਹਿਤ ਦੱਸਿਆ ਕਿ ਇਹ ਸਕੀਮ ਲੋਕਾਂ ਨੂੰ ਖੱਜਲ-ਖੁਆਰ ਕਰਨ ਵਾਲੀ ਹੈ, ਇਸ ਦਾ ਕਾਰਡ ਬਣਾਉਣ ਦੀ ਵਿਧੀ ਬੜੀ ਗੁੰਝਲਦਾਰ ਹੈ। ਜਿਸ ਨੂੰ ਸਰਲ ਕਰਨਾ ਚਾਹੀਦਾ ਹੈ ਅਤੇ ਆਯੂਸ਼ਮਾਨ ਕਾਰਡ ਵਾਂਗ ਪਰਸਨਲ ਐਂਡਰਾਇਡ ਫੋਨ ’ਤੇ ਪੋਰਟਲ ਖੋਲ੍ਹ ਕੇ ਰਜਿਸਟ੍ਰੇਸ਼ਨ ਦੀ ਖੁੱਲ੍ਹ ਦੇਣੀ ਚਾਹੀਦੀ ਹੈ, ਸੁਵਿਧਾ ਕੇਂਦਰ ’ਤੇ ਵੀ ਸਾਰੇ ਪਰਿਵਾਰ ਦੀ ਹਾਜ਼ਰੀ ਦੀ ਥਾਂ ਮੁਖੀ ਦੀ ਹਾਜ਼ਰੀ ਜ਼ਰੂਰੀ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਕਰੋੜਾਂ ਰੁਪਏ ਇਸ ਦੀ ਇਸ਼ਤਿਹਾਰਬਾਜ਼ੀ ’ਤੇ ਖਰਚ ਰਹੀ ਹੈ। ਜਦੋਂਕਿ ਲੋਕਾਂ ਨੂੰ ਮਿਲਣ ਵਾਲਾ ਲਾਭ ਪੈਕੇਜ ਆਧਾਰਿਤ ਹੈ ਅਤੇ ਕਿਸੇ ਰੂਪ ਵਿਚ ਵੀ ਇਕ ਮਰੀਜ਼ ਨੂੰ 10 ਲੱਖ ਦਾ ਲਾਭ ਮਿਲਣਯੋਗ ਨਹੀਂ ਹੈ, ਪੈਕਜਾਂ ’ਤੇ ਵੀ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਮਰੀਜ਼ ਦੇ ਮੁਕੰਮਲ ਇਲਾਜ ਦਾ ਖਰਚਾ ਸਬੰਧਿਤ ਹਸਪਤਾਲ ਨੂੰ ਅਦਾ ਕਰਨ ਦੀ ਸੁਵਿਧਾ ਦੇਵੇ। ਮੀਟਿੰਗ ਨੂੰ ਸੁਰਜੀਤ ਸਿੰਘ ਝਾਮਕਾ, ਡਾ. ਅਜਮੇਰ ਸਿੰਘ, ਤਰਸੇਮ ਸਿੰਘ ਲਾਲੂਘੁੰਮਣ ਅਤੇ ਕਰਮ ਸਿੰਘ ਲਾਲਪੁਰਾ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਲੋਕ ਵਿਰੋਧੀ ਬਜਟ, ਪਾਸ ਕੀਤੇ ਮਜ਼ਦੂਰ ਵਿਰੋਧੀ ਵਿਕਸਤ ਭਾਰਤ ਜੀ ਰਾਮ ਜੀ ਕਾਨੂੰਨ, ਚਾਰ ਕਿਰਤ ਕੋਡਾਂ, ਬਿਜਲੀ ਅਤੇ ਬੀਜ ਸੋਧ ਬਿੱਲਾਂ ਦੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਲੋਕਾਂ ’ਤੇ ਪੈਣ ਵਾਲੇ ਦੁਰਪ੍ਰਭਾਵਾਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਅਤੇ ਹਾਕਮ ਜਮਾਤ ਦੇ ਇਨ੍ਹਾਂ ਹਮਲਿਆਂ ਵਿਰੁੱਧ ਦੇਸ਼ ਭਰ ਵਿਚ ਹੋ ਰਹੀ 12 ਫਰਵਰੀ ਦੀ ਹੜਤਾਲ ਵਿਚ ਵਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਪੈਨਸ਼ਨ ਸੋਧ ਦੇ ਬਕਾਏ ਦੀ ਯਕਮੁਸ਼ਤ ਪ੍ਰਾਪਤੀ, ਮੈਡੀਕਲ ਭੱਤੇ ਵਿਚ ਵਾਧਾ, 2.59 ਦੇ ਫੈਕਟਰ ਨਾਲ ਪੈਨਸ਼ਨ ਸੋਧ ਅਤੇ ਡੀਏ ਦੀਆਂ ਚਾਰੇ ਕਿਸ਼ਤਾਂ ਨਕਦ ਦੇਣ ਆਦਿ ਮੰਗਾਂ ਦੀ ਪ੍ਰਾਪਤੀ ਲਈ ਸਾਂਝੇ ਸੰਘਰਸ਼ ਵਿਚ ਸ਼ਾਮਲ ਹੋਣ ਦਾ ਵੀ ਅਕਿਦ ਕੀਤਾ। ਮੀਟਿੰਗ ਵਿਚ ਉਕਤ ਆਗੂਆਂ ਨਾਲ ਗੁਰਦੀਪ ਸਿੰਘ ਮਾਣੋਚਾਹਲ, ਗੁਰਨਾਮ ਸਿੰਘ, ਬਖਸੀਸ਼ ਸਿੰਘ, ਗਿਆਨ ਸਿੰਘ, ਮਨਜੀਤ ਸਿੰਘ ਢਿੱਲੋਂ, ਹਰਜੀਤ ਸਿੰਘ ਜੱਸਲ, ਸਕੱਤਰ ਸਿੰਘ, ਨਰਿੰਦਰ ਸਿੰਘ ਬਘਿਆੜੀ, ਗੁਰਭੇਜ ਸਿੰਘ ਕੱਲ੍ਹਾ, ਹਰਜੀਤ ਸਿੰਘ ਜੱਸਲ, ਹੀਰਾ ਸਿੰਘ, ਜਗਤਾਰ ਸਿੰਘ, ਸੁਰਿੰਦਰ ਸਿੰਘ, ਸੁਖਦੇਵ ਸਿੰਘ, ਵਿਜੇ ਕੁਮਾਰ ਜੋਸ਼ੀ ਅਤੇ ਵਿਜੇ ਕੁਮਾਰ ਪੁੰਜ ਆਦਿ ਹਾਜ਼ਰ ਸਨ।