ਖਾਲਸਾ ਸਕੂਲ ’ਚ ਨੈਸ਼ਨਲ ਰਾਕੇਟ ਬਾਲ ਚੈਂਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਸ਼ੁਰੂ
ਖਾਲਸਾ ਸੀਨੀਅਰ ਸੈਕੰਡਰੀ ਸਕੂਲ ’ਚ ਤਿੰਨ ਰੋਜ਼ਾ ਨੈਸ਼ਨਲ ਰਾਕੇਟ ਬਾਲ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਸ਼ੁਰੂ
Publish Date: Fri, 06 Feb 2026 06:29 PM (IST)
Updated Date: Fri, 06 Feb 2026 06:32 PM (IST)

ਤੇਜਿੰਦਰ ਸਿੰਘ ਬੱਬੂ•, ਪੰਜਾਬੀ ਜਾਗਰਣ ਝਬਾਲ : ਆਲ ਇੰਡੀਆ ਰਾਕੇਟ ਬਾਲ ਐਸੋਸੀਏਸ਼ਨ ਵੱਲੋਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਕਰਵਾਈ ਜਾ ਰਹੀ ਤਿੰਨ ਰੋਜ਼ਾ ਨੈਸ਼ਨਲ ਰਾਕੇਟ ਬਾਲ ਚੈਂਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਈ। ਤਿੰਨ ਰੋਜ਼ਾ ਚੱਲਣ ਵਾਲੀ ਨੈਸ਼ਨਲ ਰਾਕੇਟ ਬਾਲ ਚੈਂਪੀਅਨਸ਼ਿਪ ਦਾ ਉਦਘਾਟਨ ਆਲ ਇੰਡੀਆ ਤੇ ਵਰਲਡ ਰਾਕੇਟ ਬਾਲ ਐਸੋਸੀਏਸ਼ਨ ਦੇ ਜਰਨਲ ਸਕੱਤਰ ਬਲਵਿੰਦਰ ਸਿੰਘ ਪੱਧਰੀ ਨੇ ਕੀਤਾ। ਖੇਡਾਂ ਦੀ ਸ਼ੁਰੂਆਤ ਤੋਂ ਪਹਿਲਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਕੀਤਾ। ਇਸ ਚੈਂਪੀਅਨਸ਼ਿਪ ਵਿਚ 18 ਰਾਜਾਂ ਦੇ ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਜਨਰਲ ਸਕੱਤਰ ਬਲਵਿੰਦਰ ਸਿੰਘ ਪੱਧਰੀ ਨੇ ਕਿਹਾ ਕਿ ਨੈਸ਼ਨਲ ਰਾਕੇਟ ਬਾਲ ਐਸੋਸੀਏਸ਼ਨ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਨੈਸ਼ਨਲ ਪੱਧਰ ’ਤੇ ਖੇਡਾਂ ਕਰਵਾਉਣ ਦਾ ਉਪਰਾਲਾ ਕੀਤਾ ਜਾਦਾ ਹੈ। ਉਨ੍ਹਾਂ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਪਵਿੱਤਰ ਅਸਥਾਨ ’ਤੇ ਸਪੋਰਟਸ ਸੈਂਟਰ ਬਣਾਉਣ ਲਈ ਪ੍ਰਬੰਧਕਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਆਲ ਇੰਡੀਆ ਰਾਕੇਟ ਬਾਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੂਰਾ ਨੇ ਕਿਹਾ ਕਿ ਇਨਸਾਨੀ ਮੰਨ ਤੇ ਸਰੀਰ ਦਾ ਸਕੰਲਪ ਹੈ, ਜੇ ਸਰੀਰ ਤੰਦਰੁਸਤ ਹੋਵੇਗਾ ਤੇ ਮੰਨ ਵੀ ਸਹੀ ਦਿਸ਼ਾ ਵੱਲ ਚੱਲੇਗਾ ਤੇ ਹਰ ਇਕ ਇਨਸਾਨ ਤੰਦਰੁਸਤ ਤਾਂ ਹੀ ਰਹੇਗਾ, ਜੇ ਉਸ ਦਾ ਕੁਝ ਸਮਾਂ ਖੇਡਾਂ ਵਿਚ ਬਤੀਤ ਹੋਵੇਗਾ। ਉਨ੍ਹਾਂ ਹਰ ਇਕ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਵੱਲ ਜ਼ਰੂਰ ਪ੍ਰੇਰਿਤ ਹੋਣ। ਇਸ ਮੌਕੇ ਮੈਨੇਜਰ ਧਰਵਿੰਦਰ ਸਿੰਘ, ਮੈਨੇਜਰ ਗੁਰਪ੍ਰੀਤ ਸਿੰਘ ਖੈਰਾਬਾਦ, ਮੈਨੇਜਰ ਹਰਜਿੰਦਰ ਸਿੰਘ ਭੂਰਾ, ਨਾਰਥ ਜ਼ੋਨ ਦੇ ਚੇਅਰਮੈਨ ਸੰਜੇ ਸਹਾਰਨ, ਸਾਊਥ ਜ਼ੋਨ ਦੇ ਚੇਅਰਮੈਨ ਬੀ ਨਾਗਿਨ ਗੌੜ, ਵੈਸਟ ਜ਼ੋਨ ਦੇ ਚੇਅਰਮੈਨ ਹਸਨ ਸ਼ੇਖ, ਈਸਟ ਜ਼ੋਨ ਦੇ ਚੈਅਰਮੈਨ ਸੁਭਤਰੋ, ਚੇਅਰਮੈਨ ਗੁਰਪ੍ਰੀਤ ਸਿੰਘ, ਚੀਫ਼ ਰੈਫਰੀ ਮਹਿੰਦਰ, ਆਲ ਇੰਡੀਆ ਟੈਕਨੀਕਲ ਸੈਕਟਰੀ ਚੰਦਰ ਸ਼ੇਖਰ ਆਦਿ ਹਾਜ਼ਰ ਸਨ।