ਗਾਜਰ ਦੀ ਕਾਸ਼ਤ ’ਤੇ ਮਨਾਇਆ ਖੇਤ ਦਿਵਸ
ਫਾਰਮ ਸਲਾਹਕਾਰ ਸੇਵਾ ਕੇਂਦਰ ਤਰਫੋਂ ਗਾਜਰ ਦੀ ਕਾਸ਼ਤ ’ਤੇ ਮਨਾਇਆ ਗਿਆ ਖੇਤ ਦਿਵਸ
Publish Date: Fri, 06 Feb 2026 05:08 PM (IST)
Updated Date: Fri, 06 Feb 2026 05:11 PM (IST)

ਬੱਲੂ ਮਹਿਤਾ•, ਪੰਜਾਬੀ ਜਾਗਰਣ ਪੱਟੀ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਐੱਫਏਐੱਸਸੀ ਤਰਨਤਾਰਨ ਵੱਲੋਂ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੀ ਯੋਗ ਅਗਵਾਈ ਹੇਠ ਪੱਟੀ ਵਿਖੇ ਸਬਜ਼ੀ ਵਿਗਿਆਨ ਵਿਭਾਗ, ਪੀਏਯੂ, ਲੁਧਿਆਣਾ ਦੇ ਸਹਿਯੋਗ ਨਾਲ ਗਾਜਰ ਦੀ ਕਾਸ਼ਤ ’ਤੇ ਖੇਤ ਦਿਵਸ ਮਨਾਇਆ ਗਿਆ। ਡਾ. ਪਰਵਿੰਦਰ ਸਿੰਘ, ਇੰਚਾਰਜ, ਐੱਫਏਐੱਸਸੀ, ਤਰਨਤਾਰਨ ਨੇ ਪੀਏਯੂ ਤੋਂ ਆਏ ਹੋਏ ਵਿਗਿਆਨੀਆਂ, ਹੋਰ ਵਿਭਾਗਾਂ ਦੇ ਅਧਿਕਾਰੀਆਂ ਅਤੇ ਗਾਜਰ ਤੇ ਹੋਰ ਸਬਜ਼ੀਆਂ ਦੀ ਖੇਤੀ ਕਰਨ ਵਾਲੇ ਇਲਾਕੇ ਦੇ ਕਿਸਾਨਾਂ ਨੂੰ ‘ਜੀ ਆਇਆਂ’ ਕਿਹਾ ਅਤੇ ਇਸ ਖੇਤ ਦਿਵਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਘਰੇਲੂ ਪੱਧਰ ’ਤੇ ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਡਾ. ਤਰਸੇਮ ਸਿੰਘ ਢਿੱਲੋਂ, ਵਧੀਕ ਨਿਰਦੇਸ਼ਕ, ਪਸਾਰ ਸਿੱਖਿਆ ਨੇ ਆਪਣੇ ਵਿਚਾਰ ਕਿਸਾਨਾਂ ਅੱਗੇ ਰੱਖਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਦੀ ਭਲਾਈ ਲਈ ਕੀਤੇ ਜਾ ਰਹੇ ਨਵੇਂ ਖੋਜ ਕਾਰਜਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਗਾਜਰ ਵਿਗਿਆਨੀ ਵਜੋਂ ਆਪਣੇ ਤਜ਼ਰਬੇ ਵੀ ਸਾਂਝੇ ਕੀਤੇ ਅਤੇ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਗਾਜਰ ਦੀਆਂ ਵੱਖ-ਵੱਖ ਸੁਧਰੀਆਂ ਕਿਸਮਾਂ, ਉਨ੍ਹਾਂ ਦੇ ਵਿਲੱਖਣ ਗੁਣਾਂ ਅਤੇ ਉਨ੍ਹਾਂ ਦੀ ਵੱਖ-ਵੱਖ ਉਦੇਸ਼ਾਂ ਲਈ ਵਰਤੋਂ ਬਾਰੇ ਦੱਸਿਆ। ਇਸ ਮੌਕੇ ਡਾ. ਢਿੱਲੋਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਦੀ ਲਾਗਤ ਘਟਾਉਣ ਅਤੇ ਆਪਣੀ ਉਤਪਾਦਕਤਾ ਵਧਾਉਣ ਲਈ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਅਤੇ ਤਕਨੀਕਾਂ ਨੂੰ ਅਪਨਾਉਣ। ਉਨ੍ਹਾਂ ਨੇ ਕਿਸਾਨਾਂ ਨੂੰ ਯੂਨੀਵਰਸਿਟੀ ਦੇ ਸਾਹਿਤ ਨਾਲ ਜੁੜਨ ਲਈ ਵੀ ਪ੍ਰੇਰਿਤ ਕੀਤਾ। ਡਾ. ਰੂਮਾ ਦੇਵੀ, ਸਬਜ਼ੀ ਵਿਗਿਆਨੀ, ਨੇ ਗਾਜਰ ਦੀ ਸਫ਼ਲ ਕਾਸ਼ਤ ਕਰਨ ਲਈ ਨੁਕਤੇ ਸਾਂਝੇ ਕੀਤੇ। ਡਾ. ਨਵਜੋਤ ਸਿੰਘ ਬਰਾੜ, ਸਹਾਇਕ ਪ੍ਰੋਫੈਸਰ ਫ਼ਸਲ ਵਿਗਿਆਨ, ਕ੍ਰਿਸ਼ੀ ਵਿਗਿਆਨ ਕੇਂਦਰ, ਬੂਹ, ਤਰਨਤਾਰਨ ਨੇ ਹਾੜ੍ਹੀ ਦੀਆਂ ਫ਼ਸਲਾਂ ਦੀ ਕਾਸ਼ਤ ਅਤੇ ਨਦੀਨ ਪ੍ਰਬੰਧ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਾਗਬਾਨੀ ਦੇ ਖੇਤਰ ਵਿਚ ਥੋੜ੍ਹੇ ਸਮੇਂ ਅਤੇ ਕਿੱਤਾ ਮੁਖੀ ਸਿਖਲਾਈਆਂ ਪ੍ਰਾਪਤ ਕਰਨ ਲਈ ਕੇਵੀਕੇ ਦੇ ਮਾਹਿਰਾਂ ਨਾਲ ਸੰਪਰਕ ਵਿਚ ਰਹਿਣ। ਗੁਰਪ੍ਰੀਤ ਸਿੰਘ, ਬਲਾਕ ਟੈਕਨੋਲੋਜੀ ਮੈਨੇਜਰ, ਪੱਟੀ ਨੇ ਕਿਸਾਨਾਂ ਲਈ ਮਹਿਕਮੇ ਵੱਲੋਂ ਚੱਲ ਰਹੀਆਂ ਵੱਖ-ਵੱਖ ਸਕੀਮਾਂ ਅਤੇ ਸਹੂਲਤਾਂ ’ਤੇ ਚਾਨਣਾ ਪਾਇਆ। ਡਾ. ਪਰਮਿੰਦਰ ਕੌਰ ਸਹਿਜਪਾਲ, ਪ੍ਰਮੁੱਖ ਪਸਾਰ ਮਾਹਿਰ ਬੂਟਾ ਰੋਗ ਨੇ ਗਾਜਰ ਅਤੇ ਹੋਰ ਸਬਜ਼ੀਆਂ ਦੇ ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਦੱਸਿਆ। ਡਾ. ਸਵਰੀਤ ਖਹਿਰਾ, ਸੀਨੀਅਰ ਪਸਾਰ ਵਿਗਿਆਨੀ ਫ਼ਲ ਨੇ ਆਏ ਹੋਏ ਵਿਗਿਆਨੀਆਂ, ਅਧਿਕਾਰੀਆਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿਚ 150 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ। ਗਾਜਰ ਦੀਆਂ ਵੱਖ-ਵੱਖ ਕਿਸਮਾਂ ਦੇ ਨਮੂਨਿਆਂ, ਗਾਜਰ ਅਤੇ ਹੋਰ ਸਬਜ਼ੀਆਂ ਨਾਲ ਸਬੰਧਿਤ ਚਾਰਟ ਅਤੇ ਪੋਸਟਰ, ਐੱਫਏਐੱਸਸੀ ਦੀਆਂ ਸਰਗਰਮੀਆਂ, ਇਨਾਮ ਜੇਤੂ ਕਿਸਾਨਾਂ ਅਤੇ ਪੀਏਯੂ ਦੇ ਸਾਹਿਤ ਨਾਲ ਸਬੰਧਿਤ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ 12 ਅਗਾਂਹ-ਵਧੂ ਸਬਜ਼ੀ ਉਤਪਾਦਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ।