ਪੈਨਸ਼ਨਰਜ਼ ਐਂਡ ਸੀਨੀਅਰ ਸਿਟੀਜ਼ਨ ਦੀ ਮਹੀਨਾਵਾਰ ਮੀਟਿੰਗ ਸੰਪੰਨ
ਪੈਨਸ਼ਨਰਜ ਐਂਡ ਸੀਨੀਅਰ ਸਿਟੀਜਨ ਦੀ ਮਾਸਿਕ ਮੀਟਿੰਗ ਸੰਪੰਨ
Publish Date: Fri, 06 Feb 2026 04:30 PM (IST)
Updated Date: Fri, 06 Feb 2026 04:32 PM (IST)

- ਸਰਕਾਰ ਨੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਕਦੇ ਸੁਹਿਰਦ ਹੋ ਕੇ ਨਹੀਂ ਸੋਚਿਆ : ਲਾਲਪੁਰਾ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਪੈਨਸ਼ਨਰਜ਼ ਐਂਡ ਸੀਨੀਅਰ ਸਿਟੀਜਨਜ਼ ਵੈੱਲਫੇਅਰ ਐਸੋਸੀਏਸ਼ਨ ਤਰਨਤਾਰਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਸ਼ਮੀਰ ਸਿੰਘ ਲਾਲਪੁਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਆਰੰਭ ਕਰਦਿਆਂ ਜਨਰਲ ਸਕੱਤਰ ਮਨਜੀਤ ਸਿੰਘ ਖਡੂਰ ਸਾਹਿਬ ਨੇ ਹਾਜ਼ਰੀਨ ਦਾ ਹਾਰਦਿਕ ਸਵਾਗਤ ਕੀਤਾ ਅਤੇ ਮੀਟਿੰਗ ਦਾ ਏਜੰਡਾ ਦੱਸਿਆ। ਪ੍ਰਧਾਨ ਸ਼ਮੀਰ ਸਿੰਘ ਲਾਲਪੁਰ ਨੇ ਆਪਣੇ ਸੰਬੋਧਨ ਦੌਰਾਨ ਵਧੀਆ ਸਹਿਯੋਗ ਤਹਿਸੀਲ ਇਕਾਈਆਂ ਤੋਂ ਜ਼ਿਲ੍ਹਾ ਪੱਧਰੀ ਮੀਟਿੰਗ ਵਿਚ ਸ਼ਾਮਲ ਹੋਣ ਹਿੱਤ ਆਏ ਪੈਨਸ਼ਨਰਜ਼ ਦਾ ਸਵਾਗਤ ਅਤੇ ਧੰਨਵਾਦ ਕਰਦਿਆਂ ‘ਜੀ ਆਇਆਂ’ ਆਖਿਆ। ਉਨ੍ਹਾਂ ਮੀਤ ਪ੍ਰਧਾਨ ਸਰਬਜੀਤ ਸਿੰਘ ਸ਼ੀਂਹ ਡਿਪਟੀ ਜਨਰਲ ਸਕੱਤਰ ਵਿਜੇ ਕੁਮਾਰ ਵਿਨਾਇਕ ਆਦਿ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਈ ਅਤੇ ਆਖਿਆ ਕਿ ਪੰਜਾਬ ਦੀ ਮਾਨ ਸਰਕਾਰ ਬਜ਼ੁਰਗ ਪੈਨਸ਼ਨਰਜ਼ ਦੇ ਹੱਕਾਂ ਅਤੇ ਮੰਗਾਂ ਪ੍ਰਤੀ ਕਦੇ ਸੁਹਿਰਦ ਹੋ ਕੇ ਨਹੀਂ ਸੋਚਿਆ। ਉਨ੍ਹਾਂ ਪੰਜਾਬ ਦੀ ਮਾਨ ਸਰਕਾਰ ਦੀ ਪੈਨਸ਼ਨਰਜ਼ ਪ੍ਰਤੀ ਬੇਰੁਖ਼ੀ ਦੀ ਤਿੱਖੀ ਆਲੋਚਨਾ ਕੀਤੀ ਅਤੇ ਆਖਿਆ ਕਿ ਮੌਜੂਦਾ ਪੰਜਾਬ ਸਰਕਾਰ ਨੂੰ ਹੋਂਦ ਵਿਚ ਆਏ ਲਗਭਗ ਚਾਰ ਸਾਲ ਹੋ ਚੱਲੇ ਹਨ, ਪਰ ਵਾਰ-ਵਾਰ ਮੀਟਿੰਗ ਦਾ ਸਮਾਂ ਦੇ ਕੇ ਟਾਲ-ਮਟੋਲ ਅਤੇ ਟਾਈਮ ਪਾਸ ਹੀ ਕਰ ਰਹੀ ਹੈ। ਇਸ ਸਰਕਾਰ ਨੂੰ ਬਣਾਉਣ ਲਈ ਪੰਜਾਬ ਦੇ ਪੈਨਸ਼ਨਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਬਹੁਤ ਅਹਿਮ ਭੂਮਿਕਾ ਨਿਭਾਈ ਸੀ। ਪਰ ਇਸ ਸਰਕਾਰ ਨੇ ਹੁਣ ਤਕ ਦੇ ਆਪਣੇ ਕਾਰਜਕਾਲ ਦੌਰਾਨ ਪੈਨਸ਼ਨਰਾਂ ਦੇ ਮਾਣ ਸਨਮਾਨ ਦੇ ਉਲਟ ਤਨਖ਼ਾਹ ਕਮਿਸ਼ਨ ਲਾਗੂ ਕਰਦੇ ਸਮੇਂ ਡਾਹਡਾ ਵਿਤਕਰਾ ਕੀਤਾ ਹੈ ਅਤੇ ਕੋਈ ਵੀ ਮੰਗ ਪੂਰੀ ਨਹੀਂ ਕੀਤੀ। ਮੰਗਾਂ ਪੂਰੀਆਂ ਕਰਨ ਦੀ ਤਾਂ ਦੂਰ ਦੀ ਗੱਲ ਹੈ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਮੰਗਾਂ ਸਬੰਧੀ ਕੋਈ ਗੱਲਬਾਤ ਵੀ ਨਹੀਂ ਕੀਤੀ ਅਤੇ ਨਾ ਹੀ ਕਰਨਾ ਚਾਹੁੰਦੀ ਹੈ। ਪੈਨਸ਼ਨਰਾਂ ਨੂੰ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਮੁਲਾਜ਼ਮਾਂ ਨਾਲੋਂ ਘੱਟ ਵਾਧਾ ਅਤੇ ਬਕਾਇਆ 12-42 ਕਿਸ਼ਤਾਂ ਵਿਚ ਦਿੱਤਾ ਜਾ ਰਿਹਾ ਹੈ। ਮਹਿੰਗਾਈ ਭੱਤਾ ਵੀ ਕੇਂਦਰ ਨਾਲੋਂ ਬਹੁਤ ਘੱਟ ਦਿੱਤਾ ਜਾ ਰਿਹਾ ਹੈ। ਹੁਣ ਤਾਂ ਇੰਝ ਲੱਗਦਾ ਹੈ ਕਿ ਇਹ ਸਰਕਾਰ ਦਾ ਪੈਨਸ਼ਨਰਾਂ ਪ੍ਰਤੀ ਗੰਭੀਰ ਨਹੀਂ ਅਤੇ ਨਾ ਹੀ ਸਰਕਾਰ ਦਾ ਰਵੱਈਆ ਬਦਲ ਰਿਹਾ ਹੈ। ਇਸ ਲਈ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਆਪਣਾ ਹਿਸਾਬ ਕਿਤਾਬ ਕਰਨ ਲਈ ਹੁਣ ਤੋਂ ਹੀ ਵਿਉਂਤਬੱਧ ਨਿਆਂ ਲੈਣ ਬਾਰੇ ਸੋਚਣਾ ਚਾਹੀਦਾ ਹੈ। ਇਸ ਮੌਕੇ ਮੀਟਿੰਗ ਵਿਚ ਸ਼ਾਮਲ ਪੈਨਸ਼ਨਰ ਆਗੂਆਂ ਵਿਚ ਹੋਰਨਾਂ ਤੋਂ ਇਲਾਵਾ ਰਸ਼ਪਾਲ ਸਿੰਘ ਰੰਧਾਵਾ, ਰਕੇਸ਼ ਕੁਮਾਰ ਸ਼ਰਮਾ, ਕੁਲਦੀਪ ਸਿੰਘ, ਅਮਰ ਸਿੰਘ, ਮਿਲਖਾ ਸਿੰਘ, ਕੁਲਵੰਤ ਸਿੰਘ, ਵਿਜੇ ਕੁਮਾਰ ਸ਼ਰਮਾ, ਅਰੁਣ ਕੁਮਾਰ, ਮਿਲਖਾ ਸਿੰਘ, ਬਲਰਾਮ ਕੁਮਾਰ, ਸੁਰਿੰਦਰ ਸਿੰਘ, ਹਰਸੁਖਦੇਵ ਸਿੰਘ, ਸਰਵਨ ਸਿੰਘ, ਅਮਰ ਸਿੰਘ, ਨਰਿੰਦਰ ਸਿੰਘ, ਚਰਨਜੀਤ ਸਿੰਘ ਆਦਿ ਮੌਜੂਦ ਸਨ।