12 ਦੀ ਹੜਤਾਲ ਨੂੰ ਕਾਮਯਾਬ ਕਰਨ ਲਈ ਵੱਖ-ਵੱਖ ਜਥੇਬੰਦੀਆਂ ਵੱਲੋਂ ਇਕੱਤਰਤਾ
12 ਫਰਵਰੀ ਦੀ ਹੜਤਾਲ ਨੂੰ ਕਾਮਯਾਬ ਕਰਨ ਲਈ ਮੁਲਾਜ਼ਮ, ਮਜ਼ਦੂਰ, ਕਿਸਾਨ ਅਤੇ ਪੈਨਸ਼ਨਰ ਜਥੇਬੰਦੀਆਂ ਨੇ ਕੀਤੀ ਸਾਂਝੀ ਮੀਟਿੰਗ
Publish Date: Fri, 06 Feb 2026 04:20 PM (IST)
Updated Date: Fri, 06 Feb 2026 04:23 PM (IST)

- ਬਿਜਲੀ ਸੋਧ ਬਿੱਲ-2025 ਤੇ ਚਾਰ ਲੇਬਰ ਕੋਡ ਲੋਕ ਵਿਰੋਧੀ : ਆਗੂ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦੀ ਮਿਹਨਤਕਸ਼ ਜਮਾਤ ਖ਼ਿਲਾਫ਼ ਕੀਤੇ ਜਾ ਰਹੇ ਮਾਰੂ ਹਮਲਿਆਂ ਵਿਰੁੱਧ 10 ਕੇਦਰੀਂ ਟਰੇਡ ਯੂਨੀਅਨਾਂ, ਮੁਲਾਜ਼ਮ ਫੈੱਡਰੇਸ਼ਨਾਂ ਅਤੇ ਆਜ਼ਾਦ ਜਥੇਬੰਦੀਆਂ ਦੇ ਦੇਸ਼ ਵਿਆਪੀ ਸੱਦੇ ’ਤੇ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਡੱਟਵੀਂ ਹਮਾਇਤ ’ਤੇ 12 ਫਰਵਰੀ ਨੂੰ ਕੀਤੀ ਜਾ ਰਹੀ ਇੱਕ ਰੋਜ਼ਾ ਦੇਸ਼ ਵਿਆਪੀ ਹੜਤਾਲ ਦੀ ਕਾਮਯਾਬੀ ਲਈ ਸਥਾਨਕ ਗਾਂਧੀ ਪਾਰਕ ਵਿਚ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਸਮੇਤ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਮਨਜੀਤ ਸਿੰਘ ਬੱਗੂ ਅਤੇ ਕਾਰਜ ਸਿੰਘ ਕੈਰੋਂ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਸ਼ਾਮਲ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਗੁਰਪ੍ਰੀਤ ਸਿੰਘ ਗੰਡੀਵਿੰਡ, ਨਛੱਤਰ ਸਿੰਘ ਮੁਗਲਚੱਕ, ਸਤਪਾਲ ਸ਼ਰਮਾ, ਲਖਬੀਰ ਸਿੰਘ ਰੈਸੀਆਣਾ, ਪੂਰਨ ਦਾਸ, ਮੇਜਰ ਸਿੰਘ ਮੱਲੀਆ, ਚਮਨ ਲਾਲ ਦਰਾਜਕੇ, ਸੁਖਦੇਵ ਸਿੰਘ ਕੋਟ, ਜੱਸਾ ਸਿੰਘ ਕੱਦਗਿੱਲ, ਸੁੱਚਾ ਸਿੰਘ ਧੋਲ, ਸਵਰਨ ਸਿੰਘ ਕੁਹਾੜਕਾ, ਮੇਹਰ ਸਿੰਘ ਸਖੀਰਾ, ਦਵਿੰਦਰ ਕੁਮਾਰ ਸੋਹਲ, ਜਸਵਿੰਦਰ ਸਿੰਘ ਮਾਣੋਚਾਹਲ, ਕਰਮ ਸਿੰਘ ਲਾਲਪੁਰ, ਤਰਸੇਮ ਸਿੰਘ ਲੁਹਾਰ, ਇੰਦਰਜੀਤ ਸਿੰਘ ਮਰਹਾਣਾ, ਤਰਜੀਤ ਸਿੰਘ ਨਾਗੋਕੇ, ਧਰਮਵੀਰ ਸਿੰਘ ਪੱਟੀ, ਮਨਜੀਤ ਸਿੰਘ ਖੇਲਾ, ਦਲਵਿੰਦਰ ਸਿੰਘ ਪਨੂੰ, ਚਰਨ ਸਿੰਘ, ਜਤਿੰਦਰਪਾਲ ਸਿੰਘ ਆਦਿ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਜਟ ਸੈਸ਼ਨ ਦੌਰਾਨ ਬਿਜਲੀ ਸੋਧ ਬਿੱਲ 2025, ਬੀਜ ਬਿੱਲ 2025 ਵਰਗੇ ਲੋਕ ਮਾਰੂ ਬਿੱਲ ਪੇਸ਼ ਕਰ ਕੇ ਕਾਰਪੋਰੇਟ ਘਰਾਣਿਆਂ ਅਤੇ ਵੱਡੇ ਪੂੰਜੀਪਤੀਆਂ ਦੇ ਹਿੱਤ ਪਾਲਣ ਦੀਆਂ ਵਿਉਂਤਬੰਦੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਨੂੰ ਸੰਘਰਸ਼ਸ਼ੀਲ ਲੋਕ ਕਦਾਚਿਤ ਬਰਦਾਸ਼ਤ ਨਹੀਂ ਕਰਨਗੇ। ਆਗੂਆਂ ਨੇ ਕਿਹਾ ਕਿ ਸਰਮਾਏਦਾਰ ਪੱਖੀ ਹਾਕਮਾਂ ਦੀ ਖੋਟੀ ਨੀਅਤ ਖ਼ਿਲਾਫ਼ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਨੂੰ ਵੱਧ ਤੋਂ ਵੱਧ ਕਾਮਯਾਬ ਕੀਤਾ ਜਾਵੇਗਾ। ਆਗੂਆਂ ਨੇ ਸਭਨਾਂ ਸੰਘਰਸ਼ਸ਼ੀਲ ਧਿਰਾਂ ਦੇ ਵਰਕਰਾਂ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ 12 ਫਰਵਰੀ ਨੂੰ ਸ਼ਹਿਰ ਵਿਚ ਰੋਸ ਮਾਰਚ ਕਰਨ ਲਈ ਝੰਡੇ ਅਤੇ ਮਾਟੋ ਲੈ ਕੇ ਸਵੇਰੇ 11 ਵਜੇ ਗਾਂਧੀ ਪਾਰਕ ਵਹੀਰਾਂ ਘੱਤ ਕੇ ਪਹੁੰਚਣ ਦਾ ਸੱਦਾ ਦਿੱਤਾ।