ਸਰਕਾਰੀ ਸਹੂਲਤਾਂ ਤੋਂ ਵਾਂਝੇ ਕੰਪਿਊਟਰ ਅਧਿਆਪਕ 14 ਨੂੰ ਵਿੱਤ ਮੰਤਰੀ ਦੀ ਕੋਠੀ ਦਾ ਕਰਨਗੇ ਘਿਰਾਓ
ਸਰਕਾਰੀ ਸਹੂਲਤਾਂ ਤੋਂ ਵਾਂਝੇ ਕੰਪਿਊਟਰ ਅਧਿਆਪਕ 14 ਫਰਵਰੀ ਨੂੰ ਵਿੱਤ ਮੰਤਰੀ ਦੀ ਕੋਠੀ ਦਾ ਕਰਨਗੇ ਘਿਰਾਓ
Publish Date: Thu, 05 Feb 2026 07:57 PM (IST)
Updated Date: Fri, 06 Feb 2026 04:09 AM (IST)

ਕੈਪਸ਼ਨ - ਵਿੱਤ ਮੰਤਰੀ ਦੀ ਕੋਠੀ ਦੇ ਕੀਤੇ ਜਾਣ ਵਾਲੇ ਘਿਰਾਓ ਸਬੰਧੀ ਜਾਣਕਾਰੀ ਦਿੰਦੇ ਹੋਏ ਕੰਪਿਊਟਰ ਅਧਿਆਪਕ ਯੂਨੀਅਨ ਦੇ ਆਗੂ। * ਪਿਕਟਸ ਸੁਸਾਇਟੀ ਦਾ ਹਵਾਲਾ ਦੇ ਕੇ ਰੱਖਿਆ ਵਿੱਤੀ ਤੇ ਵਿਭਾਗੀ ਸਹੂਲਤਾਂ ਤੋਂ ਵਾਂਝੇ * ਗ਼ੈਰ-ਵਿੱਦਿਅਕ ਕੰਮਾਂ ਲਈ ਦਿੱਤਾ ਜਾਂਦਾ ਸਰਕਾਰੀ ਟੈਗ : ਸੂਬਾ ਪ੍ਰਧਾਨ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਬੈਨਰ ਹੇਠ 14 ਫਰਵਰੀ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਦਾ ਘਿਰਾਓ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਦੀ ਅਗਵਾਈ ਹੇਠ ਕੀਤਾ ਜਾਵੇਗਾ। ਇਹ ਜਾਣਕਾਰੀ ਜ਼ਿਲ੍ਹਾ ਤਰਨਤਾਰਨ ਪ੍ਰਧਾਨ ਸੀਤਲ ਸਿੰਘ ਅਤੇ ਸਟੇਟ ਕਮੇਟੀ ਮੈਂਬਰ ਰਾਖੀ ਮੰਨਣ ਨੇ ਸਾਂਝੇ ਤੌਰ ’ਤੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੰਪਿਊਟਰ ਅਧਿਆਪਕ ਪ੍ਰਤੀ ਆਪਣਾਏ ਜਾ ਰਹੇ ਭੇਦ ਭਾਵ ਦੇ ਵਤੀਰਾ ਵਿਰੁੱਧ ਰੋਅ ਅਤੇ ਰੋਸ ਪਾਇਆ ਜਾ ਰਿਹਾ ਹੈ। ਗੈਰ ਵਿੱਦਿਅਕ ਕੰਮਾਂ ਲਈ ਸਰਕਾਰੀ ਟੈਗ ਅਤੇ ਸਹੂਲਤਾਂ ਦੇਣ ਸਮੇਂ ਸੁਸਾਇਟੀ ਦਾ ਹਵਾਲਾ ਦੇ ਕੇ ਸਹੂਲਤਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਬਾਅਦ ਲਗਭਗ 80 ਦੇ ਕਰੀਬ ਮੀਟਿੰਗਾਂ ਸਬ-ਕਮੇਟੀ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿੱਖਿਆ ਅਤੇ ਵਿੱਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਜਥੇਬੰਦੀ ਦੀਆਂ ਹੋ ਚੁੱਕੀਆਂ ਹਨ। ਜਿਨ੍ਹਾਂ ਵਿਚ ਜਥੇਬੰਦੀ ਦੇ ਪੱਲੇ ਲਾਰਿਆ ਤੋਂ ਸਿਵਾਏ ਕੁਝ ਨਹੀਂ ਪਾਇਆ। ਭਾਂਵੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਕੰਪਿਊਟਰ ਅਧਿਆਪਕਾਂ ਨੂੰ 2022 ਦੀ ਦੀਵਾਲੀ ’ਤੇ ਪੂਰਨ ਰੂਪ ਵਿਚ ਸਿਵਲ ਸੇਵਾਵਾਂ ਦੇ ਨਿਯਮ ਅਤੇ 6ਵਾਂ ਤਨਖਾਹ ਕਮਿਸ਼ਨ ਦੀਵਾਲੀ ਤੋਂ ਪਹਿਲਾਂ ਲਾਗੂ ਕਰਨ ਦਾ ਐਲਾਨ ਅਖਬਾਰਾਂ, ਸੋਸ਼ਲ ਮੀਡੀਆਂ ਅਤੇ ਆਪਣੀ ਆਮ ਆਦਮੀ ਪਾਰਟੀ ਦੇ ਵੱਖ-ਵੱਖ ਮੰਚਾਂ ’ਤੇ ਕਈ ਵਾਰ ਕੀਤਾ ਗਿਆ ਸੀ। ਜਿਸ ਕਾਰਨ ਸੂਬੇ ਦੇ ਸਾਰੇ ਕੰਪਿਊਟਰ ਅਧਿਆਪਕਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਹੈ। ਹੁਣ ਕੰਪਿਊਟਰ ਅਧਿਆਪਕਾਂ ਦੇ ਸਬਰ ਦਾ ਬੰਨ੍ਹ ਟੁੱਟ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਹਰਿਆਣਾ ਹਾਈਕੋਰਟ ਨੇ ਕੰਪਿਊਟਰ ਅਧਿਆਪਕਾਂ ਨੂੰ ਸਰਕਾਰੀ ਮੁਲਾਜ਼ਮ ਮੰਨਦੇ ਹੋਏ, ਇਨ੍ਹਾਂ ’ਤੇ ਪੰਜਾਬ ਦੇ ਸਿਵਲ ਸੇਵਾ ਨਿਯਮਾਂ ਨੂੰ ਲਾਗੂ ਕਰਨ ਲਈ ਕਿਹਾ ਸੀ। ਪਰ ਪੰਜਾਬ ਸਰਕਾਰ ਹਾਈਕੋਰਟ ਵਲੋਂ ਆਏ ਫੈਸਲੇ ਨੂੰ ਲਾਗੂ ਕਰਨ ਦੇ ਬਜਾਏ ਸੁਪਰੀਮ ਕੋਰਟ ’ਚ ਫੈਸਲੇ ਵਿਰੁੱਧ ਚੁਣੌਤੀ ਦੇ ਦਿੱਤੀ। ਜਥੇਬੰਦੀ ਵਲੋਂ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਜੇਕਰ ਜਲਦ ਤੋਂ ਜਲਦ ਕੰਪਿਊਟਰ ਅਧਿਆਪਕਾਂ ਦੇ ਮਸਲੇ ਹੱਲ ਕਰਕੇ ਸਰਕਾਰ ਲਾਗੂ ਨਹੀਂ ਕਰਦੀ ਤਾਂ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਵਲੋਂ ਪੰਜਾਬ ਸਰਕਾਰ ਦੇ ਰਾਜਸੀ ਸਮਾਗਮਾਂ ਵਿਚ ਪਹੁੰਚ ਕੇ ਪੰਜਾਬ ਸਰਕਾਰ ਦਾ ਕੰਪਿਊਟਰ ਅਧਿਆਪਕ ਅਤੇ ਲੋਕ ਵਿਰੋਧੀ ਚਿਹਰੇ ਨੂੰ ਨੰਗਾ ਕੀਤਾ ਜਾਵੇਗਾ। ਜਥੇਬੰਦੀ ਵਲੋਂ 14 ਫਰਵਰੀ ਨੂੰ ਸੰਗਰੂਰ ਵਿਖੇ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਜਿਸ ਦੀ ਪੂਰਨ ਰੂਪ ਵਿਚ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਜਥੇਬੰਦੀ ਦੇ ਆਗੂਆਂ ਨੇ ਸਪੱਸ਼ਟ ਕੀਤਾ ਕਿ 14 ਫਰਵਰੀ 2026 ਦੀ ਰੈਲੀ ਦੌਰਾਨ ਸੂਬਾ ਕਮੇਟੀ, ਜ਼ਿਲ੍ਹਾ ਕਮੇਟੀਆਂ ਅਤੇ ਪੰਜਾਬ ਭਰ ‘ਚ ਕੰਪਿਊਟਰ ਅਧਿਆਪਕ ਸ਼ਾਮਿਲ ਹੋਣਗੇ।