ਸੇਰੋਂ ਖੰਡ ਮਿੱਲ ਦੀ ਮਾਲਕੀ ਬਦਲਣ ਵਿਰੁੱਧ ਸਯੁੰਕਤ ਕਿਸਾਨ ਮੋਰਚਾ 13 ਤੋਂ ਸ਼ੁਰੂ ਕਰੇਗਾ ਪੱਕਾ ਮੋਰਚਾ
ਸੇਰੋਂ ਖੰਡ ਮਿੱਲ ਦੀ ਮਾਲਕੀ ਬਦਲਣ ਵਿਰੁੱਧ ਸਯੁੰਕਤ ਕਿਸਾਨ ਮੋਰਚਾ 13 ਫਰਵਰੀ ਤੋਂ ਸ਼ੁਰੂ ਕਰੇਗਾ ਪੱਕਾ ਮੋਰਚਾ
Publish Date: Thu, 05 Feb 2026 07:18 PM (IST)
Updated Date: Fri, 06 Feb 2026 04:08 AM (IST)

ਕੈਪਸ਼ਨ- ਡਿਪਟੀ ਕਮਿਸ਼ਨਰ ਰਾਹੁਲ ਨੂੰ ਮੰਗ ਪੱਤਰ ਸੌਂਪਦੇ ਹੋਏ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਜਥੇਬੰਦੀਆਂ ਦੇ ਆਗੂ। * ਡੀਸੀ ਨੂੰ ਮਿਲਿਆ ਵਫ਼ਦ, ਕਿਹਾ; ਬਦਲਵੀਂ ਖੇਤੀ ਲਈ ਸੇਰੋਂ ਮਿੱਲ ਜ਼ਿਲ੍ਹੇ ਲਈ ਰਹੀ ਵਰਦਾਨ ਗੁਰਪ੍ਰੀਤ ਸਿੰਘ ਕੱਦਗਿੱਲ, •ਪੰਜਾਬੀ ਜਾਗਰਣ ਤਰਨਤਾਰਨ : ਸਯੁੰਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨਤਾਰਨ ਚ ਕੰਮ ਕਰਦੀਆਂ ਕਿਸਾਨ ਜਥੇਬੰਦੀਆਂ ਦਾ ਵਫ਼ਦ ਨਛੱਤਰ ਸਿੰਘ ਮੁਗਲਚੱਕ ਜ਼ਿਲ੍ਹਾ ਕਨਵੀਨਰ ਸਯੁੰਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਰਾਹੁਲ ਨੂੰ ਮਿਲਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਵਫ਼ਦ ਦਾ ਮਕਸਦ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਪੰਜਾਬ ਸਰਕਾਰ ਨੂੰ ਇਹ ਦੱਸਣਾ ਸੀ ਕਿ ਸਯੁੰਕਤ ਕਿਸਾਨ ਮੋਰਚੇ ਵਲੋਂ ਪਿਛਲੇ ਸਮੇਂ ਵਿਚ ਲਗਾਤਾਰ ਸਹਿਕਾਰੀ ਖੰਡ ਮਿੱਲ ਸੇਰੋਂ ਨੂੰ ਮੁੜ ਚਾਲੂ ਕਰਨ ਦੀ ਲਗਾਤਾਰ ਮੰਗ ਕੀਤੀ ਜਾਂਦੀ ਰਹੀ ਹੈ। ਪਰ ਪੰਜਾਬ ਸਰਕਾਰ ਵੱਲੋਂ ਖੰਡ ਮਿੱਲ ਸੇਰੋਂ ਨੂੰ ਦੁਬਾਰਾ ਚਾਲੂ ਕਰਨ ਦੀ ਬਜਾਏ ਮਿੱਲ ਦੀ ਜ਼ਮੀਨ ਦੀ ਮਾਲਕੀਅਤ ਬਦਲ ਦਿੱਤੀ ਗਈ ਹੈ ਜੋ ਕਿ ਬਿਲਕੁਲ ਗੈਰ ਕਾਨੂੰਨੀ ਹੈ। ਅਸੀਂ ਲਗਾਤਾਰ ਇਹ ਕਹਿੰਦੇ ਆ ਰਹੇ ਹਾਂ ਕਿ ਇਸ ਸਹਿਕਾਰੀ ਖੰਡ ਮਿੱਲ ਦੀ ਜ਼ਮੀਨ ਵਿਚ ਕਿਸਾਨਾਂ ਦੇ 60 ਫੀਸਦੀ ਸ਼ੇਅਰ ਹਨ। ਇਸ ਕਰਕੇ ਸਰਕਾਰ ਕਿਸਾਨਾਂ ਦੇ ਹਿੱਸੇ ਨੂੰ ਆਪਣੀ ਮਰਜ਼ੀ ਨਾਲ ਹੋਰ ਕਿਸੇ ਨੂੰ ਤਬਦੀਲ ਨਹੀਂ ਕਰ ਸਕਦੀ। ਇਥੇ ਹੀ ਬਸ ਨਹੀਂ ਸਰਕਾਰ ਵਲੋਂ ਅਕਸਰ ਕਿਸਾਨਾਂ ਨੂੰ ਬਦਲਵੀਂ ਖੇਤੀ ਕਰਨ ਲਈ ਸਲਾਹਾਂ ਦਿੱਤੀਆਂ ਜਾਂਦੀਆਂ ਹਨ। ਵਫਦ ਨੇ ਇਹ ਵੀ ਕਿਹਾ ਕਿ ਗੰਨੇ ਦੀ ਫ਼ਸਲ ਆਪਣੇ ਆਪ ਵਿਚ ਬਦਲਵੀਂ ਖੇਤੀ ਲਈ ਇਕ ਆਧਾਰ ਮੁਹੱਈਆ ਕਰਵਾਉਂਦੀ ਹੈ ਅਤੇ ਇਹ ਇਸ ਇਲਾਕੇ ਵਿਚ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਨ ਦਾ ਵੀ ਸਾਧਨ ਬਣਦੀ ਹੈ। ਇਸ ਲਈ ਸਯੁੰਕਤ ਕਿਸਾਨ ਮੋਰਚੇ ਕੋਲ ਅੱਜ ਸਿਵਾਏ ਆਪਣੇ ਸੰਘਰਸ਼ ਨੂੰ ਤਿੱਖਾ ਕਰਨ ਦੇ ਹੋਰ ਕੋਈ ਚਾਰਾ ਨਹੀਂ। ਇਸ ਲਈ ਅੱਜ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਤਰਨਤਾਰਨ ਦੇ ਧਿਆਨ ਵਿਚ ਇਹ ਲਿਆਂਦਾ ਕਿ ਜੇਕਰ ਪੰਜਾਬ ਸਰਕਾਰ ਆਪਣੇ ਇਸ ਫੈਸਲੇ ਤੋਂ ਪਿੱਛੇ ਨਹੀਂ ਮੁੜਦੀ ਤਾਂ ਸਯੁੰਕਤ ਕਿਸਾਨ ਮੋਰਚਾ 13 ਫਰਵਰੀ ਤੋਂ ਸਹਿਕਾਰੀ ਖੰਡ ਮਿੱਲ ਸੇਰੋਂ ਦੇ ਸਾਹਮਣੇ ਪੱਕਾ ਮੋਰਚਾ ਲਾਉਣ ਜਾ ਰਿਹਾ ਹੈ। ਇਸ ਦੀ ਜਿੰਮੇਵਾਰੀ ਨਿਰੋਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਕਿਸਾਨ ਕਿਸੇ ਵੀ ਕੀਮਤ ’ਤੇ ਸਹਿਕਾਰੀ ਖੰਡ ਮਿੱਲ ਸੇਰੋਂ ਨੂੰ ਇਸ ਤਰ੍ਹਾਂ ਗੈਰ ਕਾਨੂੰਨੀ ਢੰਗ ਨਾਲ ਹੱਥੋਂ ਨਹੀਂ ਜਾਣ ਦੇਣਗੇ। ਅੱਜ ਦੇ ਵਫ਼ਦ ਵਿਚ ਮੇਹਰ ਸਿੰਘ ਸਖੀਰਾ ਬੀਕੇਯੂ ਏਕਤਾ ਉਗਰਾਹਾਂ, ਮਨਜੀਤ ਸਿੰਘ ਬੱਗੂ ਕੋਟ ਮੁਹੰਮਦ ਖਾਂ, ਜ਼ਮਹੂਰੀ ਕਿਸਾਨ ਸਭਾ, ਤਰਸੇਮ ਸਿੰਘ ਲੁਹਾਰ ਕੌਮੀ ਕਿਸਾਨ ਯੂਨੀਅਨ, ਰਤਨ ਸਿੰਘ ਢੰਡ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਟਾਂਡਾ, ਅਮੋਲਕ ਸਿੰਘ ਗੋਰਖਾ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਏਕਤਾ, ਡਾਕਟਰ ਇੰਦਰਜੀਤ ਸਿੰਘ ਮਰਹਾਣਾ ਕੁਲ ਹਿੰਦ ਕਿਸਾਨ ਸਭਾ, ਦਲਵਿੰਦਰ ਸਿੰਘ ਨੌਸ਼ਿਹਰਾਂ ਪੰਨੂਆਂ ਪੰਜਾਬ ਕਿਸਾਨ ਯੂਨੀਅਨ, ਮਹਾਂਵੀਰ ਸਿੰਘ ਗਿੱਲ ਕੁਲ ਹਿੰਦ ਕਿਸਾਨ ਸਭਾ 1936, ਗੁਰਪ੍ਰੀਤ ਸਿੰਘ ਗੰਡੀਵਿੰਡ, ਜੱਸਾ ਸਿੰਘ ਕੱਦਗਿੱਲ, ਦਵਿੰਦਰ ਸੋਹਲ, ਜਤਿੰਦਰਪਾਲ ਸਿੰਘ ਆਦਿ ਆਗੂ ਇਸ ਵਫ਼ਦ ਵਿਚ ਸ਼ਾਮਿਲ ਸਨ। ਇਸ ਮੌਕੇ ਕਿਸਾਨਾਂ ਵਲੋਂ ਇਕ ਮੰਗ ਪੱਤਰ ਵੀ ਡਿਪਟੀ ਕਮਿਸ਼ਨਰ ਨੂੰ ਸੌਂਪਿਆਂ ਗਿਆ।