24 ਘੰਟੇ ਡਿਊਟੀ ਕਰਨ ਵਾਲੇ ਗ੍ਰੰਥੀ ਸਿੰਘਾਂ ਦੇ ਆਰਥਿਕ ਪੱਧਰ ਨੂੰ ਉੱਚਾ ਚੁੱਕਣਾ ਸਮੇਂ ਦੀ ਲੋੜ
24 ਘੰਟੇ ਡਿਊਟੀ ਕਰਨ ਵਾਲੇ ਗ੍ਰੰਥੀ ਸਿੰਘਾਂ ਦੇ ਆਰਥਿਕ ਪੱਧਰ ਨੂੰ ਉੱਚਾ ਚੁੱਕਣਾ ਸਮੇਂ ਦੀ ਲੋੜ
Publish Date: Thu, 05 Feb 2026 07:11 PM (IST)
Updated Date: Fri, 06 Feb 2026 04:08 AM (IST)

ਕੈਪਸ਼ਨ - ਸਤਨਾਮ ਸਿੰਘ ਜੰਡ। ਕੈਪਸ਼ਨ- ਹਰਭਜਨ ਸਿੰਘ ਸੰਧੂ। * ਹੁਣ ਦੇ ਗ੍ਰੰਥੀ ਖੁਸ਼ਹਾਲ ਹੋਣਗੇ, ਤਾਂ ਹੀ ਨਵੀਂ ਪੀੜ੍ਹੀ ਗੁਰੂ ਘਰ ਦੇ ਵਜੀਰ ਬਣਨ ਨੂੰ ਤਰਜੀਹ ਦੇਵੇਗੀ ਸਰਬਜੀਤ ਸਿੰਘ ਛੀਨਾ•, ਪੰਜਾਬੀ ਜਾਗਰਣ ਖਾਲੜਾ : ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਬਾਬਾ ਬੁੱਢਾ ਸਾਹਿਬ ਜੀ ਦੀ ਉਪਾਧੀ ਨਾਲ ਨਿਵਾਜੇ ਗਏ ਗੁਰੂ ਘਰ ਦੇ ਵਜ਼ੀਰ ਆਰਥਿਕ ਪੱਖੋਂ ਬਹੁਤ ਪੱਛੜਦੇ ਜਾ ਰਹੇ ਹਨ। ਇਨ੍ਹਾਂ ਨੂੰ 24 ਘੰਟੇ ਗੁਰੂ ਘਰਾਂ ’ਚ ਸੇਵਾ ਕਰਨ ਦੇ ਬਾਵਜੂਦ ਵੀ ਆਪਣੇ ਪਰਿਵਾਰ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਰਨ ਲਈ ਯੋਗ ਮਿਹਨਤਾਨਾ ਜਾਂ ਤਨਖਾਹ, ਭੱਤਾ ਨਹੀਂ ਮਿਲ ਰਿਹਾ। ਇਹ ਪ੍ਰਗਟਾਵਾ ਕਸਬਾ ਖਾਲੜਾ ਤੋਂ ਉਘੇ ਸਮਾਜ ਸੇਵੀ ਸਤਨਾਮ ਸਿੰਘ ਜੰਡ ਨੇ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਗੁਰਦੁਆਰਾ ਸਾਹਿਬ ਜੀ ਦੀਆਂ ਇਮਾਰਤਾਂ ਦਾ ਵੱਡੇ ਪੱਧਰ ’ਤੇ ਵਿਸਥਾਰ ਤਾਂ ਕਰ ਰਹੇ ਹਾਂ। ਪਰ ਉਸੇ ਗੁਰੂ ਘਰ ਵਿਚ ਦਿਨ ਰਾਤ ਆਪਣੇ ਪਰਿਵਾਰ ਸਮੇਤ ਨਾ ਮਾਤਰ ਤਨਖਾਹ ਜਾਂ ਭੇਟਾ ਨਾਲ ਸੇਵਾ ਕਰਨ ਵਾਲੇ ਗ੍ਰੰਥੀ ਸਿੰਘ ਦੇ ਜੀਵਨ, ਉਸਦੀਆਂ ਲੋੜਾਂ ਜਾਂ ਉਸ ਦੇ ਪਰਿਵਾਰ, ਬੱਚਿਆਂ ਦੀ ਸਿਹਤ, ਸਿੱਖਿਆ ਆਦਿ ਬਾਰੇ ਗੰਭੀਰਤਾ ਨਾਲ ਕਦੀ ਜਾਨਣ ਦਾ ਯਤਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀਆਂ ਲੋਕਲ ਕਮੇਟੀਆਂ ਅਤੇ ਉਸ ਦੇ ਅਹੁਦੇਦਾਰ ਵੀਰਾਂ ਨੂੰ ਇਸ ਵਿਸ਼ੇ ਵੱਲ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਖਾਲੜਾ ਤੋਂ ਸਾਬਕਾ ਪ੍ਰਧਾਨ ਅਤੇ ਸਮਾਜ ਸੇਵੀ ਬਾਬਾ ਹਰਭਜਨ ਸਿੰਘ ਸੰਧੂ ਨੇ ਵੀ ਕਿਹਾ ਕਿ ਅਜਿਹੇ ਗੰਭੀਰ ਬਣਦੇ ਜਾ ਰਹੇ, ਮਸਲੇ ਨੂੰ ਗੁਰਦੁਆਰਾ ਸਾਹਿਬ ਦੀ ਸਿਰਮੌਰ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਉੱਚ ਧਾਰਮਿਕ ਸੰਪਰਦਾਵਾਂ, ਸਿੱਖ ਧਰਮ ਨਾਲ ਸਬੰਧਿਤ ਸੂਝਵਾਨ, ਬੁੱਧੀਜੀਵੀਆਂ ਨੂੰ ਇਸ ਮੁੱਦੇ ’ਤੇ ਆਪਣੀ ਰਾਏ ਗੰਭੀਰਤਾ ਨਾਲ ਦਿੰਦੇ ਹੋਏ, ਇਨ੍ਹਾਂ ਵਜੀਰਾਂ ਦੀ ਮਾਨਸਿਕਤਾ ਨੂੰ ਉੱਚ ਅਵਸਥਾ ਤੱਕ ਪਰਪੱਕ ਕਰਨ ਲਈ ਇਨ੍ਹਾਂ ਦੇ ਹਿੱਤਾਂ ਮੁਤਾਬਿਕ ਦ੍ਰਿੜਤਾ ਨਾਲ ਫੈਸਲਾ ਲੈਣਾ ਚਾਹੀਦਾ ਹੈ। ਗੌਰਤਲਬ ਹੈ ਕਿ ਇਸ ਸਮੇਂ ਇਕ ਆਮ ਦਿਹਾੜੀਦਾਰ 8 ਘੰਟਿਆਂ ਦੀ ਡਿਊਟੀ ਬਦਲੇ ਲਗਭਗ ਔਸਤਨ ਦਿਹਾੜੀ 400 ਤੋਂ 500 ਰੁਪਏ ਤੋਂ ਘੱਟ ਨਹੀਂ ਲੈ ਰਿਹਾ। ਜਦੋਂਕਿ ਇਸ ਦੇ ਉਲਟ ਇਹ ਗੁਰੂ ਘਰ ਦੇ ਵਜ਼ੀਰ ਦਿਨ ਰਾਤ ਦੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਨਜ਼ਰ ਆਉਂਦੇ ਹਨ। ਦੋਵਾਂ ਸਮਾਜ ਸੇਵੀਆਂ ਨੇ ਸਿੱਖ ਪੰਥ ਅਤੇ ਧਾਰਮਿਕ ਕਮੇਟੀਆਂ ਨੂੰ ਗੁਰੂ ਘਰ ਦੇ ਵਜ਼ੀਰਾਂ ਪ੍ਰਤੀ ਧਿਆਨ ਦੇਣ ਦੀ ਅਪੀਲ ਕੀਤੀ। ਤਾਂ ਜੋ ਇਨ੍ਹਾਂ ਦੇ ਸਤਿਕਾਰਤ ਅਤੇ ਉੱਚੇ ਜੀਵਨ ਪੱਧਰ ਤੋਂ ਪ੍ਰਭਾਵਿਤ ਹੋ ਕੇ ਨਵੀਂ ਪੀੜ੍ਹੀ ਇਨ੍ਹਾਂ ਸੇਵਾਵਾਂ ਨੂੰ ਉਤਸ਼ਾਹ ਪੂਰਵਕ ਨਿਭਾਉਣ ਲਈ ਤੱਤਪਰ ਦਿਖਾਈ ਦੇਵੇ।