ਸਕਸ਼ਮ ਆਂਗਣਵਾੜੀ ਤੇ ਪੋਸ਼ਣ ਯੋਜਨਾ ਤਹਿਤ ਬਲਾਕ ਭਿੱਖੀਵਿੰਡ ਦੇ ਆਂਗਣਵਾੜੀ ਵਰਕਰਾਂ ਦੀ ਟ੍ਰੇਨਿੰਗ ਦਾ ਦੂਜਾ ਬੈਂਚ ਸੰਪੰਨ
ਸਕਸ਼ਮ ਆਂਗਣਵਾੜੀ ਅਤੇ ਪੋਸ਼ਣ ਯੋਜਨਾ ਤਹਿਤ ਬਲਾਕ ਭਿੱਖੀਵਿੰਡ ਦੇ ਆਂਗਣਵਾੜੀ ਵਰਕਰਾਂ ਦੀ ਟਰੇਨਿੰਗ ਦਾ ਦੂਜਾ ਬੈਂਚ ਸੰਪੰਨ
Publish Date: Thu, 05 Feb 2026 06:59 PM (IST)
Updated Date: Fri, 06 Feb 2026 04:08 AM (IST)

ਕੈਪਸ਼ਨ : ਬਲਾਕ ਭਿੱਖੀਵਿੰਡ ਦੀਆਂ ਆਂਗਣਵਾੜੀ ਵਰਕਰਾਂ ਨੂੰ ਟਰੇਨਿੰਗ ਦਿੰਦੇ ਹੋਏ ਅਧਿਕਾਰੀ। ਸਟਾਫ਼ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਅਧੀਨ ਸਕਸ਼ਮ ਆਂਗਣਵਾੜੀ ਤੇ ਪੋਸ਼ਣ 2.0 ਯੋਜਨਾ ਤਹਿਤ ਚਲ ਰਹੇ ‘ਪੋਸ਼ਣ ਵੀ, ਪੜ੍ਹਾਈ ਵੀ ਅਭਿਆਨ’ ਅਧੀਨ ਬਲਾਕ ਭਿੱਖੀਵਿੰਡ ’ਚ ਆਂਗਣਵਾੜੀ ਵਰਕਰਾਂ ਲਈ ਕਰਵਾਈ ਗਈ ਟਾਇਰ ਟੂ ਫੇਸ-2 ਟਰੇਨਿੰਗ ਦਾ ਦੂਜਾ ਬੈਂਚ ਕੱਲ੍ਹ ਸਫ਼ਲਤਾ ਪੂਰਵਕ ਸੰਪੰਨ ਹੋ ਗਿਆ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਾਹੁਲ ਅਰੋੜਾ ਨੇ ਦੱਸਿਆ ਕਿ ਇਸ ਤਿੰਨ ਦਿਨ੍ਹਾਂ ਟ੍ਰੇਨਿੰਗ ਦੌਰਾਨ ਆਂਗਣਵਾੜੀ ਵਰਕਰਾਂ ਨੂੰ ਬੱਚਿਆਂ ਦੀ ਸ਼ੁਰੂਆਤੀ ਬਚਪਨ ਸਿੱਖਿਆ ਈਸੀਸੀਈ, ਪੋਸ਼ਣ, ਸਿਹਤ ਤੇ ਖੇਡ-ਅਧਾਰਿਤ ਸਿੱਖਣ ਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਖ਼ਾਸ ਤੌਰ ’ਤੇ 3 ਤੋਂ 6 ਸਾਲ ਦੇ ਬੱਚਿਆਂ ਦੇ ਭਾਸ਼ਾ ਵਿਕਾਸ, ਬੌਧਿਕ ਵਿਕਾਸ, ਰਚਨਾਤਮਕ ਵਿਕਾਸ, ਸਰੀਰਿਕ ਵਿਕਾਸ ਅਤੇ ਸੱਭਿਆਚਾਰਕ ਵਿਕਾਸ ਨਾਲ ਸਬੰਧਿਤ ਗਤੀਵਿਧੀਆਂ ਉੱਤੇ ਧਿਆਨ ਦਿੱਤਾ ਗਿਆ। ਟਰੇਨਿੰਗ ਦੇ ਆਖ਼ਰੀ ਦਿਨ ‘ਰੌਕਿਟ ਲਰਨਿੰਗ’ ਸੰਸਥਾ ਦੇ ਜ਼ਿਲ੍ਹਾ ਮੈਨੇਜਰ ਹਰਸਿਮਰਨ ਸਿੰਘ ਵਲੋਂ ਆਂਗਣਵਾੜੀ ਵਰਕਰਾਂ ਨੂੰ “ਆਰੰਭ ਮਿਸ਼ਨ” ਬਾਰੇ ਵਿਸ਼ੇਸ਼ ਟਰੇਨਿੰਗ ਦਿੱਤੀ ਗਈ। ਇਸ ਦੌਰਾਨ ਮਾਪਿਆਂ ਦੀ ਭਾਗੀਦਾਰੀ, ਘਰ-ਅਧਾਰਿਤ ਸਿੱਖਣ ਗਤੀਵਿਧੀਆਂ ਅਤੇ ਡਿਜ਼ੀਟਲ ਸਾਧਨਾਂ ਰਾਹੀਂ ਬੱਚਿਆਂ ਦੀ ਸਿੱਖਣ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਗੁਰਵੇਲ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਪੋਸ਼ਣ ਅਭਿਆਨ ਤੇ ਹਰਚੰਦ ਸਿੰਘ, ਬਲਾਕ ਕੋ-ਆਰਡੀਨੇਟਰ ਪੋਸ਼ਣ ਅਭਿਆਨ ਦੀ ਅਗਵਾਈ ਹੇਠ ਟ੍ਰੇਨਿੰਗ ਨੂੰ ਸੁਚੱਜੇ ਢੰਗ ਨਾਲ ਸੰਪੰਨ ਕਰਵਾਇਆ ਗਿਆ। ਇਸ ਦੇ ਨਾਲ ਹੀ ਸੁਨੀਤਾ ਸੁਪਰਵਾਈਜ਼ਰ, ਬਲਾਕ ਭਿੱਖੀਵਿੰਡ ਅਤੇ ਮਨਜੀਤ ਕੌਰ ਸੁਪਰਵਾਈਜ਼ਰ, ਬਲਾਕ ਵਲਟੋਹਾ ਵੱਲੋਂ ਟ੍ਰੇਨਿੰਗ ਦੌਰਾਨ ਪੂਰਾ ਸਹਿਯੋਗ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਅਜਿਹੀਆਂ ਟਰੇਨਿੰਗ ਨਾਲ ਆਂਗਣਵਾੜੀ ਵਰਕਰਾਂ ਦੀ ਸਮੱਰਥਾ ’ਚ ਵਾਧਾ ਹੁੰਦਾ ਹੈ ਤੇ ਬੱਚਿਆਂ ਨੂੰ ਪੋਸ਼ਣ ਦੇ ਨਾਲ-ਨਾਲ ਗੁਣਵੱਤਾ ਪੂਰਨ ਸਿੱਖਿਆ ਪ੍ਰਦਾਨ ਕਰਨਾ ਸੰਭਵ ਬਣਦਾ ਹੈ।