ਪਿੰਡ ਗੰਡੀਵਿੰਡ ਦੀ ਸੰਗਤ ਨੇ ਕੀਤਾ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ
ਪਿੰਡ ਗੰਡੀਵਿੰਡ ਦੀ ਸੰਗਤ ਨੇ ਕੀਤਾ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ
Publish Date: Thu, 05 Feb 2026 06:49 PM (IST)
Updated Date: Fri, 06 Feb 2026 04:06 AM (IST)

ਕੈਪਸ਼ਨ- ਪਿੰਡ ਗੰਡੀਵਿੰਡ ਵਿਖੇ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ ਕਰਦੀ ਹੋਈ ਸੰਗਤ। ਲਵਦੀਪ ਦੇਵਗਨ•, ਪੰਜਾਬੀ ਜਾਗਰਣ ਸਰਹਾਲੀ ਕਲਾਂ : ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ, ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਸੰਗਤ ਦੇ ਬੁਲਾਵੇ ’ਤੇ ਅੱਜ ਪਿੰਡ ਗੰਡੀਵਿੰਡ ’ਚ ਪਹੁੰਚੇ, ਜਿਥੇ ਸੰਤ ਬਾਬਾ ਸੁੱਖਾ ਸਿੰਘ ਨੇ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਨਾਮ ਸਿਮਰਨ ਇਸ ਜੀਵਨ ਦਾ ਸਭ ਤੋਂ ਕੀਮਤੀ ਸਰਮਾਇਆ ਹੈ। ਪਰਮਾਤਮਾ ਦੇ ਨਾਮ ਤੋਂ ਵਿਹੂਣਾ ਮਨੁੱਖੀ ਜੀਵਨ ਪਸ਼ੂ ਨਾਲੋਂ ਵੀ ਬਦਤਰ ਹੈ। ਨਾਮ ਵਿਹੂਣੇ ਮਨੁੱਖਾਂ ਨਾਲੋਂ ਪਸ਼ੂ ਚੰਗੇ ਹਨ, ਜਿਹੜੇ ਖਲ ਖਾ ਕੇ ਅੰਮ੍ਰਿਤ ਰੂਪੀ ਦੁੱਧ ਦਿੰਦੇ ਹਨ, ਪਰ ਨਾਮ ਤੋਂ ਵਿਹੂਣੇ ਮਨੁੱਖ ਜੋ ਬੁਰੇ ਕੰਮ ਕਰਦੇ ਹਨ, ਉਨ੍ਹਾਂ ਦੇ ਜੀਵਨ ’ਤੇ ਲੱਖ ਲਾਹਣਤ ਹੈ। ਮਹਾਪੁਰਖਾਂ ਨੇ ਕਿਹਾ ਕਿ ਮਨੁੱਖ ਨੂੰ ਪਰਮਾਤਮਾ ਨੇ ਸਭ ਤੋਂ ਉਤਮ ਦੇਹ ਦੇ ਕੇ ਨਿਵਾਜਿਆ ਹੈ। ਅਗਰ ਜੀਵਨ ਵਿਚ ਸ਼ੁਭ ਕਰਮ ਨਾ ਕੀਤੇ ਗਏ ਤਾਂ ਇਹ ਅਮੋਲਕ ਜੀਵਨ ਵਿਅਰਥ ਚਲਾ ਜਾਵੇਗਾ। ਸੇਵਾ ਅਤੇ ਸਿਮਰਨ ਸਭ ਤੋਂ ਉਤਮ ਕਰਮ ਹਨ, ਜਿਨ੍ਹਾਂ ਨਾਲ ਮਨੁੱਖਾ ਦੇਹ ਸਫ਼ਲ ਹੁੰਦੀ ਹੈ। ਜਿਸ ਨੇ ਆਪਣੇ ਜੀਵਨ ਵਿਚ ਸੇਵਾ-ਸਿਮਰਨ ਕਮਾਇਆ ਹੈ, ਉਸ ਨੇ ਮਾਨਸ ਦੇਹੀ ਦਾ ਪੂਰਾ ਲਾਹਾ ਖੱਟਿਆ ਹੈ। ਇਸ ਮੌਕੇ ਬੇਅੰਤ ਸੰਗਤਾਂ ਹਾਜਰ ਸਨ, ਜਿਨ੍ਹਾਂ ਵਿਚ ਵਿਰਸਾ ਸਿੰਘ, ਹਰਮਨਪ੍ਰੀਤ ਸਿੰਘ ਆਸਟ੍ਰੇਲੀਆਂ, ਖੁਸ਼ਪ੍ਰੀਤ ਸਿੰਘ ਆਸਟ੍ਰੇਲੀਆਂ, ਸਤਨਾਮ ਸਿੰਘ ਆਸਟ੍ਰੇਲੀਆਂ, ਗੁਰਮਹਿਕ ਸਿੰਘ, ਅਨਵਰ ਸਿੰਘ, ਬਲਜੀਤ ਸਿੰਘ ਬੁਰਜ਼, ਮੁਖਤਿਆਰ ਸਿੰਘ ਠੱਠਾ, ਅੰਮ੍ਰਿਤਪਾਲ ਸਿੰਘ ਪੱਖੋਪੁਰ, ਗੁਰਦੇਵ ਸਿੰਘ, ਦਲਜੀਤ ਸਿੰਘ, ਮਨਜੋਤ ਸਿੰਘ, ਕਰਨਜੀਤ ਸਿੰਘ ਖਾਰਾ, ਜੋਬਨਪ੍ਰੀਤ ਸਿੰਘ, ਅਭੀਜੋਤ ਸਿੰਘ, ਸੁਖਮਨਜੀਤ ਸਿੰਘ ਖਾਰਾ ਆਦਿ ਵੀ ਮੌਜੂਦ ਸਨ। ਸਮੂਹ ਸੰਗਤ ਨੇ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਦਿਆਂ ਬੁਲੰਦ ਆਵਾਜ਼ ਵਿਚ ਜੈਕਾਰੇ ਬੁਲਾਉਂਦਿਆਂ ਆਪਣੇ ਪਿੰਡ ਵਿਚ ਸੰਤ ਬਾਬਾ ਸੁੱਖਾ ਸਿੰਘ ਦਾ ਸਵਾਗਤ ਕੀਤਾ ਅਤੇ ਸਨਮਾਨ ਚਿੰਨ੍ਹ ਭੇਂਟ ਕੀਤਾ। ਇਸ ਮੌਕੇ ਹਰਦੇਵ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਸਾਹਿਬ ਵਾਲਿਆਂ ਵਲੋਂ ਹੜ੍ਹਾਂ ਮੌਕੇ ਬਹੁਤ ਵੱਡੇ ਸੇਵਾ ਕਾਰਜ ਕੀਤੇ ਹਨ। ਜਿਨ੍ਹਾਂ ਤੋਂ ਬਹੁਤ ਸਾਰੇ ਨੌਜਵਾਨ ਗੁਰਸਿੱਖੀ ਜੀਵਨ ਵੱਲ ਪ੍ਰੇਰਿਤ ਹੋਏ ਹਨ। ਸੰਤ ਬਾਬਾ ਸੁੱਖਾ ਸਿੰਘ ਨੇ ਨਸ਼ੇ ਛੱਡਣ ਤੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਦੀ ਪ੍ਰੇਰਨਾ ਦਿੱਤੀ ਹੈ। ਨੌਜਵਾਨਾਂ ਨੂੰ ਸੰਤ ਬਾਬਾ ਸੁੱਖਾ ਸਿੰਘ ਜੀ ਦੇ ਸੇਵਾ ਕਾਰਜਾਂ ਤੋਂ ਬਹੁਤ ਪ੍ਰੇਰਨਾ ਮਿਲੀ ਹੈ। ਹੜ੍ਹਾਂ ਵੇਲੇ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਸੈਂਕੜੇ ਨੌਜਵਾਨ ਨਸ਼ਾ-ਮੁਕਤ ਹੋ ਕੇ ਸੇਵਾ ਕਰਨ ਵਿਚ ਲੱਗੇ ਅਤੇ ਗੁਰਸਿੱਖੀ ਰਹਿਤ ਬਹਿਤ ਦੇ ਧਾਰਨੀ ਬਣੇ। ਸਾਡਾ ਸਾਰਾ ਇਲਾਕਾ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਕਾਰਨ ਗੁਰੂ ਸਾਹਿਬ ਮਹਾਨ ਬਖਸ਼ਿਸ਼ਾਂ ਨਾਲ ਨਿਵਾਜਿਆ ਗਿਆ ਹੈ। ਬਾਬਾ ਜੀ ਆਉਣ ਵਾਲੀ ਪੀੜ੍ਹੀ ਲਈ ਉੱਘੇ ਮਾਰਗ ਦਰਸ਼ਕ ਹਨ।