ਮਿੱਟੀ ਪਰਖ ਕਰਵਾਉਣ ਨਾਲ ਪੌਦਿਆਂ ਨੂੰ ਸੰਤੁਲਿਤ ਖੁਰਾਕ ਦੀ ਪੂਰਤੀ ਹੋਵੇਗੀ : ਡਾ. ਏਓ
ਮਿੱਟੀ ਪਰਖ ਕਰਵਾਉਣ ਨਾਲ ਪੌਦਿਆਂ ਨੂੰ ਸੰਤੁਲਿਤ ਖੁਰਾਕ ਦੀ ਪੂਰਤੀ ਹੋਵੇਗੀ : ਡਾ ਭੁਪਿੰਦਰ ਸਿੰਘ ਏਓ
Publish Date: Thu, 05 Feb 2026 06:43 PM (IST)
Updated Date: Fri, 06 Feb 2026 04:06 AM (IST)

ਕੈਪਸ਼ਨ - ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਤਹਿਤ ਸਕੂਲਾਂ ਵਿਚ ਮਿੱਟੀ ਦੀ ਪਰਖ ਸਬੰਧੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜਾਗਰੂਕ ਕਰਦੇ ਹੋਏ ਵੱਖ-ਵੱਖ ਅਧਿਕਾਰੀ। * ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਤਹਿਤ ਸਕੂਲਾਂ ਵਿਚ ਮਿੱਟੀ ਪਰਖ ਦੀ ਸਹੂਲਤ ਮਿਲ ਸਕੇਗੀ ਬੱਲੂ ਮਹਿਤਾ, •ਪੰਜਾਬੀ ਜਾਗਰਣ ਪੱਟੀ : ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਤਹਿਤ ਜ਼ਿਲ੍ਹੇ ਭਰ ਦੇ ਪੀਐੱਮ ਸ੍ਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਮਿੱਟੀ ਪਰਖ ਸਬੰਧੀ ਖੋਲੀਆਂ ਜਾ ਰਹੀਆਂ ਲੈਬਾਂ ਸਬੰਧੀ ਵਿਸ਼ੇਸ਼ ਸਿਖਲਾਈ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਅਭਿਆਨ ਤਹਿਤ ਬਲਾਕ ਖੇਤੀਬਾੜੀ ਅਫਸਰ, ਪੱਟੀ ਡਾ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਹਰਮਨਦੀਪ ਕੌਰ ਏਡੀਓ, ਗੁਰਬਰਿੰਦਰ ਸਿੰਘ ਏਡੀਓ, ਗੁਰਪ੍ਰੀਤ ਸਿੰਘ ਬੀਟੀਐੱਮ, ਪਰਮਿੰਦਰ ਕੌਰ ਏਡੀਓ, ਗੁਰਸਿਮਰਨ ਸਿੰਘ ਖੇਤੀ ਉਪ ਨਿਰੀਖਕ ਅਤੇ ਨਿਸ਼ਾਨ ਸਿੰਘ ਖੇਤੀ ਉਪ ਨਿਰੀਖਕ ਅਧਾਰਿਤ ਟੀਮ ਨੇ ਬਲਾਕ ਪੱਟੀ ਦੇ ਪੀਐੱਮ ਸ੍ਰੀ ਸੀਨੀਅਰ ਸੈਕੰਡਰੀ ਸਕੂਲ ਹਰੀਕੇ, ਸੀਨੀਅਰ ਸੈਕੰਡਰੀ ਸਕੂਲ ਗਰਲਜ਼, ਪੱਟੀ ਅਤੇ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਕੈਰੋਂ ਵਿਖੇ ਮਿੱਟੀ ਪਰਖ ਸਬੰਧੀ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਡਾ ਭੁਪਿੰਦਰ ਸਿੰਘ ਏਓ, ਪੱਟੀ ਨੇ ਕਿਹਾ ਕਿ ਮਨੁੱਖ ਅਤੇ ਦੂਜੇ ਜੀਵਾਂ ਦੀ ਤਰ੍ਹਾਂ ਪੌਦਿਆਂ ਨੂੰ ਵੀ ਵਾਧੇ ਅਤੇ ਵਿਕਾਸ ਲਈ ਸੰਤੁਲਿਤ ਖੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ। ਜੇਕਰ ਇਨ੍ਹਾਂ ਤੱਤਾਂ ਵਿਚੋਂ ਕਿਸੇ ਦੀ ਘਾਟ ਆ ਜਾਵੇ, ਤਾਂ ਉਸ ਨੂੰ ਉਹੀ ਤੱਤ ਪਾ ਕੇ ਪੂਰਾ ਕੀਤਾ ਜਾ ਸਕਦਾ ਹੈ। ਇਸ ਲਈ ਜ਼ਮੀਨਾਂ ਦੇ ਤੱਤਾਂ ਦੀ ਸਮੱਰਥਾ ਜਾਨਣ ਲਈ ਸਮੇਂ-ਸਮੇਂ ’ਤੇ ਮਿੱਟੀ ਦੀ ਪਰਖ ਕਰਾਉਣਾ ਬਹੁਤ ਜਰੂਰੀ ਹੈ। ਇਸ ਨਾਲ ਜਿਥੇ ਖਾਦ ਤੇ ਖਰਚਾ ਘਟਦਾ ਹੈ, ਉਥੇ ਸੰਤੁਲਿਤ ਖੁਰਾਕ ਮਿਲਣ ਨਾਲ ਫ਼ਸਲ ਦਾ ਵਾਧਾ ਇਕਸਾਰ ਹੁੰਦਾ ਹੈ ਅਤੇ ਵਧੀਆ ਝਾੜ ਮਿਲਦਾ ਹੈ। ਇਸ ਮੌਕੇ ਜਾਣਕਾਰੀ ਸਾਂਝੀ ਕੀਤੀ ਗਈ ਕਿ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਤਹਿਤ ਪੀਐੱਮ ਸ੍ਰੀ ਤਹਿਤ ਚੁਣੇ ਗਏ ਸਕੂਲਾਂ ਵਿਚ ਮਿੱਟੀ ਪਰਖ ਸਬੰਧੀ ਪ੍ਰਯੋਗਸ਼ਾਲਾਵਾਂ ਸਥਾਪਤ ਕਰਨ ਦੀ ਸਰਕਾਰ ਵਲੋਂ ਪਹਿਲ ਕਦਮੀ ਕੀਤੀ ਗਈ ਹੈ। ਇਸ ਤਹਿਤ ਵਿਦਿਆਰਥੀ ਜਿਥੇ ਆਪਣੇ ਅਧਿਆਪਕ ਦੀ ਨਿਗਰਾਨੀ ਵਿਚ ਆਪਣੇ ਇਲਾਕੇ ਦੀ ਮਿੱਟੀ ਪਰਖ ਕਰਕੇ ਰਿਪੋਰਟ ਕਾਰਡ ਤਿਆਰ ਕਰਨਗੇ, ਉਥੇ ਆਪਣੇ ਨੇੜਲੇ ਕਿਸਾਨਾਂ ਨੂੰ ਮਿੱਟੀ ਪਰਖ ਦੀ ਮਹੱਤਤਾ ਬਾਰੇ ਜਾਗਰੂਕ ਕਰ ਸਕਣਗੇ। ਇਸ ਦੌਰਾਨ ਮਾਹਿਰਾਂ ਨੇ ਮਿੱਟੀ ਪਰਖ ਦੇ ਨਮੂਨੇ ਲੈਣ ਅਤੇ ਰਿਪੋਰਟ ਕਾਰਡ ਦੀ ਤਿਆਰੀ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਲੋੜ ਨਾਲੋਂ ਘੱਟ ਖਾਦਾਂ ਦੀ ਵਰਤੋਂ ਨਾਲ ਜਿਥੇ ਫ਼ਸਲਾਂ ਤੋਂ ਪੂਰਾ ਝਾੜ ਨਹੀਂ ਲਿਆ ਜਾ ਸਕਦਾ, ਉਥੇ ਵੱਧ ਖਾਦਾਂ ਪਾ ਕੇ ਚੰਗਾ ਝਾੜ ਆਵੇਗਾ, ਇਸ ਗੱਲ ਦੀ ਵੀ ਕੋਈ ਗਰੰਟੀ ਨਹੀਂ ਹੁੰਦੀ। ਆਮ ਤੌਰ ’ਤੇ ਜਿਨ੍ਹਾਂ ਫਸਲਾਂ ਵਿਚ ਲੋੜ ਤੋਂ ਵੱਧ ਨਾਈਟਰੋਜਨ ਪਾਈ ਜਾਂਦੀ ਹੈ, ਉਹ ਫ਼ਸਲ ਜਾਂ ਤਾਂ ਡਿੱਗ ਪੈਂਦੀ ਹੈ ਜਾਂ ਉਸ ਵਿਚ ਕੀੜੇ ਮਕੌੜੇ ਅਤੇ ਬਿਮਾਰੀਆਂ ਦਾ ਹਮਲਾ ਵੱਧ ਜਾਂਦਾ ਹੈ, ਜਿਸ ਨਾਲ ਫ਼ਸਲ ਦਾ ਝਾੜ ਘੱਟ ਜਾਂਦਾ ਹੈ। ਇਸ ਮੌਕੇ ਪ੍ਰਿੰਸੀਪਲ ਰਣਜੀਤ ਕੌਰ, ਗਗਨਦੀਪ ਜੈਨ, ਰਮਨੀਤ ਕੌਰ, ਲੈਕਚਰਾਰ ਸੁਖਵੰਤ ਸਿੰਘ ਅਤੇ ਮੌਜੂਦ ਸਾਇੰਸ ਅਧਿਆਪਕ, ਵਿਦਿਆਰਥੀਆਂ ਅਤੇ ਫੀਲਡ ਵਰਕਰ ਗੁਰਲਾਲ ਸਿੰਘ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ।