ਵਿਦਿਆਰਥਣ ਹਰਮਨਦੀਪ ਕੌਰ ਨੂੰ ਬਾਬਾ ਸੇਵਾ ਸਿੰਘ ਨੇ ਕੀਤਾ ਸਨਮਾਨਿਤ
ਦਿੱਲੀ ਪਰੇਡ ਵਿਚ ਹਿੱਸਾ ਲੈਣ ਵਾਲੀ ਵਿਦਿਆਰਥਣ ਨੂੰ ਬਾਬਾ ਸੇਵਾ ਸਿੰਘ ਨੇ ਕੀਤਾ ਸਨਮਾਨਿਤ
Publish Date: Thu, 05 Feb 2026 06:38 PM (IST)
Updated Date: Fri, 06 Feb 2026 04:05 AM (IST)
ਕੈਪਸ਼ਨ : ਗਣਤੰਤਰ ਦਿਵਸ ਦੀ ਦਿੱਲੀ ਪਰੇਡ ਵਿਚ ਹਿੱਸਾ ਲੈਣ ਵਾਲੀ ਵਿਦਿਆਰਥਣ ਨੂੰ ਸਨਮਾਨਿਤ ਕਰਦੇ ਹੋਏ ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲੇ।
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਬਾਬਾ ਉਤਮ ਸਿੰਘ ਵਲੋਂ ਸਥਾਪਤ ਤੇ ਬਾਬਾ ਸੇਵਾ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਐੱਨਸੀਸੀ ਵਿਭਾਗ ਦੀ ਵਿਦਿਆਰਥਣ ਹਰਮਨਦੀਪ ਕੌਰ ਨੇ 26 ਜਨਵਰੀ ਨੂੰ ਗਣਤੰਤਰਤਾ ਦਿਵਸ ਮੌਕੇ ਦਿੱਲੀ ਵਿਖੇ ਹੋਈ ਪਰੇਡ ਦੌਰਾਨ ਐੱਨਸੀਸੀ ਝਾਕੀ ’ਚ ਹਿੱਸਾ ਲਿਆ ਅਤੇ ਕਾਲਜ ਦੇ ਮਾਣ ’ਚ ਵਾਧਾ ਕੀਤਾ। ਇਸੇ ਤਰ੍ਹਾਂ ਵਿਦਿਆਰਥਣ ਨਵਪ੍ਰੀਤ ਕੌਰ ਦੀ ਗਣਤੰਤਰਤਾ ਦਿਵਸ ਜੈਪੁਰ ’ਚ ਹੋਣ ਵਾਲੀ ਐੱਨਸੀਸੀ ਪਰੇਡ ਲਈ ਚੋਣ ਹੋਈ। ਜੋ ਕਿ ਸਮੁੱਚੇ ਤਰਨਤਾਰਨ ਜ਼ਿਲ੍ਹੇ ਲਈ ਬੜੇ ਮਾਣ ਵਾਲੀ ਗੱਲ ਹੈ। ਜਦੋਂ ਇਹ ਵਿਦਿਆਰਥਣਾਂ ਕਾਲਜ ਪਹੁੰਚੀਆਂ ਤਾਂ ਕਾਲਜ ਪ੍ਰਬੰਧਕੀ ਕਮੇਟੀ ਦੇ ਮੁਖੀ ਬਾਬਾ ਸੇਵਾ ਸਿੰਘ, ਬਾਬਾ ਬਲਦੇਵ ਸਿੰਘ ਅਤੇ ਕਾਲਜ ਦੇ ਜਨਰਲ ਸਕੱਤਰ ਡਾ. ਕਮਲਜੀਤ ਸਿੰਘ ਵਲੋਂ ਸਨਮਾਨ ਕੀਤਾ ਗਿਆ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਬਲਵੰਤ ਸਿੰਘ ਸੰਧੂ ਨੇ ਇਸ ਖੁਸ਼ੀ ਨੂੰ ਜ਼ਾਹਿਰ ਕਰਦਿਆਂ ਕਿਹਾ ਕਿ ਹਰਮਨਦੀਪ ਕੌਰ ਤੇ ਨਵਪ੍ਰੀਤ ਕੌਰ ਦੀ ਇਸ ਪ੍ਰਾਪਤੀ ਪਿੱਛੇ ਐੱਨਸੀਸੀ ਦੇ ਇੰਚਾਰਜ ਕੈਪਟਨ ਪ੍ਰੋਫੈਸਰ ਹਰਦੇਵ ਸਿੰਘ ਤੇ ਡਾ. ਜਤਿੰਦਰ ਸਿੰਘ ਸਿੱਧੂ ਦਾ ਵੱਡਾ ਯੋਗਦਾਨ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਤੇ ਮੁੱਲਵਾਨ ਕਾਰਜਾਂ ਨੂੰ ਭਵਿੱਖ ਵਿਚ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ।