ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਮਾਰੀਆਂ ਮੱਲਾਂ
ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ਼ ਐਜੂਕੇਸ਼ਨ, ਖਡੂਰ ਸਾਹਿਬ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਮਾਰੀਆਂ ਮੱਲਾਂ
Publish Date: Thu, 05 Feb 2026 06:36 PM (IST)
Updated Date: Fri, 06 Feb 2026 04:05 AM (IST)

* ਜ਼ਿਲ੍ਹਾ ਪੱਧਰੀ ਇੰਟਰ-ਕਾਲਜ ਭਾਸ਼ਣ ਕਲਾ, ਸਲੋਗਨ ਰਾਈਟਿੰਗ ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ * ਕਾਲਜ ਪ੍ਰਿੰਸੀਪਲ ਡਾ. ਜਸਬੀਰ ਸਿੰਘ ਨੇ ਸਮੂਹ ਜੇਤੂਆਂ ਨੂੰ ਦਿੱਤੀ ਮੁਬਾਰਕਬਾਦ ਕੈਪਸ਼ਨ: ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਕਾਲਜ ਪ੍ਰਬੰਧਕ ਅਤੇ ਸਟਾਫ਼। ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸੁਹਿਰਦ ਅਗਵਾਈ ਅਧੀਨ ਚੱਲ ਰਹੇ ਵਿੱਦਿਅਕ ਅਦਾਰੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ਼ ਐਜੂਕੇਸ਼ਨ, ਖਡੂਰ ਸਾਹਿਬ ਵਿਖੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਮੇਂ-ਸਮੇਂ ’ਤੇ ਵੱਖ-ਵੱਖ ਵਿੱਦਿਅਕ ਅਤੇ ਸਹਿ-ਵਿੱਦਿਅਕ ਕਿਰਿਆਵਾਂ ਕਰਵਾਈਆਂ ਜਾਂਦੀਆਂ ਹਨ। ਇਸੇ ਲੜੀ ਤਹਿਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਤਰਨਤਾਰਨ ਦੇ ਸਹਿਯੋਗ ਸਦਕਾ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਸਰਹਾਲੀ ਵਿਖੇ ਜ਼ਿਲ੍ਹਾ ਪੱਧਰੀ ਇੰਟਰ-ਕਾਲਜ ਭਾਸ਼ਣ ਕਲਾ, ਸਲੋਗਨ ਰਾਈਟਿੰਗ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਐੱਚਆਈਵੀ ਏਡਜ਼, ਖੂਨਦਾਨ, ਟੀਬੀ, ਨਸ਼ੇ ਦੇ ਮਾੜੇ ਪ੍ਰਭਾਵਾਂ ਅਤੇ ਬਚਾਅ ਵਿਸ਼ਿਆਂ ’ਤੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਸੰਸਥਾ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਸ਼ਣ ਕਲਾ ਮੁਕਾਬਲੇ ਵਿਚ ਨਵਪ੍ਰੀਤ ਕੌਰ ਨੇ ਪਹਿਲਾ ਸਥਾਨ, ਪੋਸਟਰ ਮੇਕਿੰਗ ਪ੍ਰਤੀਯੋਗਤਾ ’ਚ ਜੈਸਨਪ੍ਰੀਤ ਕੌਰ ਨੇ ਪਹਿਲਾ ਅਤੇ ਗੁਰਜੰਟ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਯੁਵਕ ਸੇਵਾਵਾਂ ਵਿਭਾਗ ਤਰਨਤਾਰਨ ਦੇ ਡਿਪਟੀ ਡਾਇਰੈਕਟਰ ਪ੍ਰੀਤ ਕੋਹਲੀ ਨੇ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਵਿਭਾਗ ਵਲੋਂ ਲਾਏ ਜਾਣ ਵਾਲੇ ਕੈਂਪਾਂ ਬਾਰੇ ਜਾਣਕਾਰੀ ਦਿੱਤੀ। ਸਰਹਾਲੀ ਕਾਲਜ ਦੇ ਪ੍ਰਿੰਸੀਪਲ ਡਾ. ਜਸਬੀਰ ਸਿੰਘ ਨੇ ਵੀ ਸਮੂਹ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ। ਕਾਲਜ ਦੀ ਇਸ ਗਤੀਵਿਧੀ ਦੇ ਇੰਚਾਰਜ਼ ਅਸਿਸਟੈਂਟ ਪ੍ਰੋਫੈਸਰ ਅਰਜਿੰਦਰ ਕੌਰ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਨੇ ਇਹ ਸਫ਼ਲਤਾ ਪ੍ਰਾਪਤ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਸਿਮਰਪ੍ਰੀਤ ਕੌਰ ਨੇ ਜੇਤੂਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ’ਚ ਆਤਮ-ਵਿਸ਼ਵਾਸ ਪੈਦਾ ਕਰਨ ਲਈ ਬਹੁਤ ਸਹਾਈ ਹੁੰਦੇ ਹਨ। ਇਹ ਸੰਸਥਾ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਸਮਾਜਿਕ ਅਤੇ ਸਿਰਜਣਾਤਮਕ ਗਤੀਵਿਧੀਆਂ ’ਚ ਮੋਹਰੀ ਬਣਾਉਣ ਲਈ ਹਮੇਸ਼ਾ ਤੱਤਪਰ ਹੈ ਤੇ ਭਵਿੱਖ ’ਚ ਵੀ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਉਨ੍ਹਾਂ ਨੂੰ ਅਜਿਹੇ ਮੰਚ ਮੁਹੱਈਆ ਕਰਵਾਏ ਜਾਣਗੇ।