ਸੜਕ ਹਾਦਸੇ ’ਚ ਪਤਨੀ ਦੀ ਮੌਤ ਪਤੀ ਜ਼ਖ਼ਮੀ
ਅੱਗੋਂ ਲਾਈਟਾਂ ਵੱਜਣ ਕਾਰਨ ਮੋਟਰਸਾਈਕਲ ਨੂੰ ਹਾਦਸਾ, ਪਤਨੀ ਦੀ ਮੌਤ ਪਤੀ ਜਖ਼ਮੀ
Publish Date: Sun, 01 Feb 2026 07:47 PM (IST)
Updated Date: Sun, 01 Feb 2026 07:49 PM (IST)
ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ-ਭਿੱਖੀਵਿੰਡ ਮਾਰਗ ’ਤੇ ਪੈਂਦੇ ਪਿੰਡ ਪੰਜਵੜ ਕੋਲ ਲੰਘੀ ਰਾਤ ਅੱਗੋਂ ਲਾਈਟਾਂ ਪੈਣ ਕਾਰਨ ਇੱਕ ਮੋਟਰਸਾਈਕਲ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਜਿੱਥੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉੱਥੇ ਹੀ ਉਸ ਦੀ ਪਤਨੀ ਦੀ ਸਿਰ ਵਿਚ ਗੰਭੀਰ ਸੱਟ ਲੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਝਬਾਲ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾ ਦਿੱਤਾ ਹੈ।
ਇਸ ਮੌਕੇ ਸ਼ਮਸ਼ੇਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਝਬਾਲ ਪੁਖਤਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਲੜਕਾ ਨਵਦੀਪ ਸਿੰਘ (21) ਅਤੇ ਨੂੰਹ ਅੰਜੂ (19) ਪਿੰਡ ਪੱਧਰੀ ਕਲਾਂ ਰਿਸ਼ਤੇਦਾਰੀ ’ਚ ਗਏ ਸਨ। ਰਾਤ ਨੂੰ ਜਦੋਂ ਉਹ ਵਾਪਸ ਆ ਰਹੇ ਸੀ ਤਾਂ ਪਿੰਡ ਪੰਜਵੜ੍ਹ ਦੇ ਪੈਟਰੋਲਪੰਪ ਕੋਲ ਅੱਗੋਂ ਲਾਈਟਾਂ ਵੱਜਣ ਕਾਰਨ ਨਵਦੀਪ ਸਿੰਘ ਦਾ ਮੋਟਰਸਾਈਕਲ ਡੋਲ ਗਿਆ ਤੇ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਜਿਸ ਕਾਰਨ ਨਵਦੀਪ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਿਸ ਨੂੰ ਐਂਬੂਲੈਂਸ ਰਾਹੀਂ ਇਲਾਜ ਲਈ ਹਸਪਤਾਲ ਪਹੁੰਚਾ ਦਿੱਤਾ ਗਿਆ। ਜਦੋਂਕਿ ਉਸ ਦੀ ਨੂੰਹ ਅੰਜੂ ਦੀ ਸਿਰ ਵਿਚ ਗੰਭੀਰ ਸੱਟ ਲੱਗਣ ਕਾਰਨ ਮੌਕੇ ਉੱਪਰ ਹੀ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਝਬਾਲ ਦੇ ਏਐੱਸਆਈ ਜਤਿੰਦਰ ਸਿੰਘ ਨੇ ਦੱਸਿਆ ਕਿ ਅਚਾਨਕ ਵਾਪਰੇ ਹਾਦਸੇ ਕਾਰਨ ਪਰਿਵਾਰ ਨੇ ਕਿਸੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਵਾਈ ਹੈ। ਪਰ ਧਾਰਾ 194 ਬੀਐੱਨਐੱਸ ਤਹਿਤ ਲਾਸ਼ ਦਾ ਤਰਨਤਾਰਨ ਦੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।