ਸ਼ਰਧਾਪੂਰਵਕ ਮਨਾਇਆ ਸ਼੍ਰੀ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਦਿਹਾੜਾ
ਤਰਨਤਾਰਨ ’ਚ ਸ਼ਰਧਾ ਨਾਲ ਮਨਾਇਆ ਸ੍ਰੀ ਗੁਰੂ ਰਵਿਦਾਸ ਜੀ 649ਵਾਂ ਪ੍ਰਕਾਸ਼ ਦਿਹਾੜਾ
Publish Date: Sun, 01 Feb 2026 07:29 PM (IST)
Updated Date: Sun, 01 Feb 2026 07:31 PM (IST)

- ਵਿਧਾਇਕ ਹਰਮੀਤ ਸਿੰਘ ਸੰਧੂ ਤੇ ਕੌਂਸਲਰ ਲਾਲੀ ਤੇ ਯਾਦੂ ਨੇ ਭਰੀ ਹਾਜ਼ਰੀ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਮੌਕੇ ਸ਼ਰੀ ਗੁਰੂ ਰਵਿਦਾਸ ਜੀ ਨੌਜਵਾਨ ਸਭਾ ਤਰਨਤਾਰਨ ਵੱਲੋਂ ਸ਼ਹਿਰ ਦੇ ਮੁੱਖ ਮਾਰਗ ’ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸਭਾ ਦੇ ਸੇਵਾਦਾਰਾਂ ਤੋਂ ਇਲਾਵਾ ਜਿੱਥੇ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ। ਉੱਥੇ ਹੀ ਤਰਨਤਾਰਨ ਦੇ ਵਿਧਾਇਕ ਹਰਮੀਤ ਸਿੰਘ ਸੰਧੂ, ਸੀਨੀਅਰ ਕੌਂਸਲਰ ਸਰਬਜੀਤ ਸਿੰਘ ਲਾਲੀ ਅਤੇ ਕੌਂਸਲਰ ਯਾਦਵਿੰਦਰ ਸਿੰਘ ਯਾਦੂ ਨੇ ਆਪਣੇ ਸਾਥੀਆਂ ਸਮੇਤ ਉਚੇਚੇ ਤੌਰ ’ਤੇ ਪਹੁੰਚੇ। ਜਿਨ੍ਹਾਂ ਨੇ ਸਮੂਹ ਭਾਈਚਾਰੇ ਅਤੇ ਸਮਾਗਮ ਦੇ ਕਨਵੀਨਰਾਂ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦਿਆਂ ਲੰਗਰ ਭੰਡਾਰੇ ਵਿਚ ਸੇਵਾ ਵੀ ਕੀਤੀ। ਤਰਨਤਾਰਨ ਦੇ ਬੋਹੜੀ ਵਾਲਾ ਚੌਕ ਨਜ਼ਦੀਕ ਕਰਵਾਏ ਗਏ ਸਮਾਗਮ ਮੌਕੇ 30 ਜਨਵਰੀ ਤੋਂ ਆਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਐਤਵਾਰ ਸਵੇਰੇ ਪਾਏ ਗਏ। ਜਿਸ ਉਪਰੰਤ ਕਰਵਾਏ ਗਏ ਗੁਰਮਤਿ ਸਮਾਗਮ ਗੌਰਾਨ ਰਾਗੀ ਜੱਥਿਆਂ ਅਤੇ ਕਥਾ ਵਾਚਕਾਂ ਵੱਲੋਂ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਸ਼ਬਦ ਵੀ ਉਚਾਰਨ ਕੀਤੇ। ਇਸ ਮੌਕੇ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਸਾਡੇ ਪੈਗੰਬਰ ਸਾਡੇ ਮਾਰਗ ਦਰਸ਼ਕ ਵੀ ਹਨ। ਉਨ੍ਹਾਂ ਕਿਹਾ ਕਿ ਸ਼ਰੀ ਗੁਰੂ ਰਵਿਦਾਸ ਜੀ ਨੌਜਵਾਨ ਸੇਵਕ ਸਭਾ ਵੱਲੋਂ ਹਰ ਸਾਲ ਗੁਰੂ ਜਾ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਵੱਡੇ ਪੱਧਰ ’ਤੇ ਸਮਾਗਮ ਕਰਵਾਇਆ ਜਾਂਦਾ ਹੈ, ਜੋ ਬਹੁਤ ਹੀ ਸ਼ਲਾਘਾਯੋਗ ਹੈ। ਕਿਉਂਕਿ ਸਾਡੀ ਆਉਣ ਵਾਲੀ ਪੀੜ੍ਹੀ ਇਨ੍ਹਾਂ ਸਮਾਗਮਾਂ ਨੂੰ ਵੇਖ ਕੇ ਹੀ ਆਪਣੇ ਪੈਗੰਬਰਾਂ ਬਾਰੇ ਜਾਣਕਾਰੀ ਹਾਸਲ ਕਰ ਸਕੇਗੀ। ਉਨ੍ਹਾਂ ਨੇ ਸਮਾਗਮ ਦੇ ਕਨਵੀਨਰਾਂ ਅਤੇ ਸਮੂਹ ਸੰਗਤ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਦੀ ਜਿੱਥੇ ਵਧਾਈ ਦਿੱਤੀ। ਉੱਥੇ ਹੀ ਭਾਈਚਾਰੇ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਸੀਨੀਅਰ ਕੌਂਸਲਰ ਸਰਬਜੀਤ ਸਿੰਘ ਲਾਲੀ ਨੇ ਕਿਹਾ ਕਿ ਉੱਦਮੀ ਨੌਜਵਾਨਾਂ ਵੱਲੋਂ ਸਮਾਗਮ ਕਰਵਾਉਣਾ ਜਿੱਥੇ ਚੰਗੀ ਗੱਲ ਹੈ। ਉੱਥੇ ਹੀ ਉਸ ਤੋਂ ਵੀ ਚੰਗੀ ਗੱਲ ਇਹ ਹੈ ਕਿ ਇਹ ਨੌਜਵਾਨ ਆਪਣੇ ਗੁਰੂਆਂ ਦੇ ਦਿਹਾੜੇ ਮਨਾਉਣ ਲਈ ਯਤਨਸ਼ੀਲ ਰਹਿੰਦੇ ਹਨ। ਇਸ ਮੌਕੇ ਨੌਜਵਾਨ ਸੇਵਕ ਸਭਾ ਦੇ ਅਹੁਦੇਦਾਰਾਂ ਨੇ ਵਿਧਾਇਕ ਹਰਮੀਤ ਸਿੰਘ ਸੰਧੂ, ਕੌਂਸਲਰ ਸਰਬਜੀਤ ਸਿੰਘ ਲਾਲੀ ਅਤੇ ਕੌਂਸਲਰ ਯਾਦਵਿੰਦਰ ਸੰਘ ਯਾਦੂ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਵੀ ਕੀਤਾ।