ਜ਼ਮੀਨ ਦੀ ਵੱਟ ਦੇ ਰੌਲੇ ’ਚ ਦਿੱਤੀਆਂ ਧਮਕੀਆਂ, ਕੀਤੇ ਹਵਾਈ ਫਾਇਰ
ਜਮੀਨ ਦੀ ਵੱਟ ਦੇ ਰੌਲੇ ’ਚ ਦਿੱਤੀਆਂ ਧਮਕੀਆਂ, ਹਵਾਈ ਫਾਇਰ ਵੀ ਕੀਤੇ
Publish Date: Sun, 01 Feb 2026 07:08 PM (IST)
Updated Date: Sun, 01 Feb 2026 07:10 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਪੱਟੀ : ਪਿੰਡ ਤੂਤ ਵਿਖੇ ਇੱਕ ਵਿਅਕਤੀ ਨੂੰ ਰਸਤੇ ’ਚ ਰੋਕ ਕੇ ਕਥਿਤ ਤੌਰ ’ਤੇ ਧਮਕੀਆਂ ਦੇਣ ਅਤੇ ਗਾਲੀ-ਗਲੋਚ ਕਰਨ ਦੇ ਨਾਲ-ਨਾਲ ਹਵਾਈ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਦੀ ਵੱਟ ਦੇ ਰੌਲੇ ਕਰ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਦੂਜੇ ਪਾਸੇ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਚਾਰ ਲੋਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਕਾਰਜ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਤੂਤ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਪਿੰਡ ਦੇ ਬਾਜ਼ਾਰ ਵਿਚ ਜਾ ਰਿਹਾ ਸੀ। ਇਸੇ ਦੌਰਾਨ ਦਿਲਬਾਗ ਸਿੰਘ ਪੁੱਤਰ ਗੁਰਮੇਲ ਸਿੰਘ ਅਤੇ ਹਰਪਾਲ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਤੂਤ ਨੇ ਦੋ ਅਣਪਛਾਤੇ ਲੋਕਾਂ ਸਮੇਤ ਉਸ ਨੂੰ ਰਸਤੇ ਵਿਚ ਰੋਕ ਲਿਆ। ਉਕਤ ਲੋਕਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ, ਗਾਲੀ-ਗਲੋਚ ਕੀਤਾ ਅਤੇ ਹਵਾਈ ਫਾਇਰ ਵੀ ਕੀਤੇ। ਉਨ੍ਹਾਂ ਦੱਸਿਆ ਕਿ ਹਰਪਾਲ ਸਿੰਘ ਦਾ ਉਸ ਨਾਲ ਜ਼ਮੀਨ ਦੀ ਵੱਟ ਨੂੰ ਲੈ ਕੇ ਰੌਲਾ ਚੱਲ ਰਿਹਾ ਹੈ ਅਤੇ ਦਿਲਬਾਗ ਸਿੰਘ ਹਰਪਾਲ ਸਿੰਘ ਦਾ ਦੋਸਤ ਹੈ। ਉਕਤ ਲੋਕਾਂ ਨੇ ਉਸੇ ਰੰਜਿਸ਼ ਤਹਿਤ ਦੋ ਅਣਪਛਾਤਿਆਂ ਸਮੇਤ ਉਸ ਨੂੰ ਧਮਕੀਆਂ ਦੇਣ ਦੇ ਨਾਲ-ਨਾਲ ਗੋਲੀਆਂ ਚਲਾਈਆਂ ਹਨ। ਮਾਮਲੇ ਦੀ ਜਾਂਚ ਕਰ ਰਹੇ ਚੌਕੀ ਤੂਤ ਦੇ ਇੰਚਾਰਜ ਏਐੱਸਆਈ ਗੱਜਣ ਸਿੰਘ ਨੇ ਦੱਸਿਆ ਕਿ ਕਾਰਜ ਸਿੰਘ ਦੇ ਬਿਆਨਾਂ ’ਤੇ ਦਿਲਬਾਗ ਸਿੰਘ ਅਤੇ ਹਰਪਾਲ ਸਿੰਘ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।