ਔਰਤ ਕੋਲੋਂ ਪਰਸ ਖੋਹਣ ਵਾਲੇ ਬਾਈਕ ਸਵਾਰ ਦੀ ਹੋਈ ਪਛਾਣ, ਕਾਬੂ
ਔਰਤ ਕੋਲੋਂ ਪਰਸ ਖੋਹਣ ਵਾਲੇ ਬਾਈਕ ਸਵਾਰ ਦੀ ਹੋਈ ਪਛਾਣ, ਕਾਬੂ
Publish Date: Sun, 01 Feb 2026 07:05 PM (IST)
Updated Date: Sun, 01 Feb 2026 07:07 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਪੱਟੀ : ਕਸਬਾ ਪੱਟੀ ਦੇ ਘਾਟੀ ਬਾਜ਼ਾਰ ’ਚ ਜਾ ਰਹੀ ਔਰਤ ਕੋਲੋਂ ਪਰਸ ਖੋਹਣ ਵਾਲੇ ਬਾਈਕ ਸਵਾਰ ਦੀ ਪਛਾਣ ਹੋ ਗਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਜਗਤਾਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਵਾਰਡ ਨੰਬਰ 2 ਪੱਟੀ ਨੇ ਦੱਸਿਆ ਕਿ 26 ਜਨਵਰੀ ਨੂੰ ਸ਼ਾਮ ਕਰੀਬ ਸਾਢੇ 6 ਵਜੇ ਉਹ ਘਾਟੀ ਬਾਜ਼ਾਰ ਵਿਚ ਮੌਜੂਦ ਸੀ। ਇਸ ਦੌਰਾਨ ਰਾਜਬੀਰ ਕੌਰ ਪਤਨੀ ਜਸਬੀਰ ਸਿੰਘ ਵਾਸੀ ਖੇਮਕਰਨ ਚੁੰਗੀ ਰੋਡ ਪੱਟੀ ਵੀ ਬਾਜ਼ਾਰ ਵਿਚ ਪੈਦਲ ਜਾ ਰਹੀ ਸੀ। ਜਿਸ ਦੇ ਹੱਥ ਵਿਚ ਫੜੇ ਪਰਸ ਨੂੰ ਪਿੱਛੋਂ ਆਏ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਨੇ ਝਪਟ ਮਾਰ ਕੇ ਖੋਹ ਲਿਆ ਅਤੇ ਫ਼ਰਾਰ ਹੋ ਗਿਆ। ਰਾਜਬੀਰ ਕੌਰ ਮੁਤਾਬਿਕ ਪਰਸ ਵਿਚ 6 ਹਜ਼ਾਰ ਦੀ ਨਕਦੀ, ਇੱਕ ਮੋਬਾਈਲ ਫੋਨ, ਚਾਂਦੀਆਂ ਸ਼ੰਕੁਤਲਾਂ ਅਤੇ ਸੋਨੇ ਦਾ ਇੱਕ ਕੋਕਾ ਸੀ। ਉਕਤ ਘਟਨਾ ਦੀ ਜਾਂਚ ਕਰ ਰਹੇ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਜਗਤਾਰ ਸਿੰਘ ਵੱਲੋਂ ਹੁਣ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ, ਜਿਸ ਵਿਚ ਉਨ੍ਹਾਂ ਨੇ ਪਰਸ ਖੋਹਣ ਵਾਲੇ ਦੀ ਪਛਾਣ ਰਣਜੀਤ ਸਿੰਘ ਰਾਣਾ ਪੁੱਤਰ ਬਗੀਚਾ ਸਿੰਘ ਵਾਸੀ ਪਿੰਡ ਠੱਠਾ ਵਜੋਂ ਕੀਤੀ। ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਰਾਣਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਕੇਸ ਵਿਚ ਨਾਮਜ਼ਦ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਔਰਤ ਕੋਲੋਂ ਖੋਹੇ ਪਰਸ ਤੇ ਸਾਮਾਨ ਦੀ ਬਰਾਮਦਗੀ ਕੀਤੀ ਜਾ ਸਕੇ।